'ਉੜਤਾ ਪੰਜਾਬ' ਵਿਰੁੱਧ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

ਨਵੀਂ ਦਿੱਲੀ (ਨ ਜ਼ ਸ)
ਵਿਵਾਦਾਂ ਵਿੱਚ ਘਿਰਦੀ ਚਲੀ ਆ ਰਹੀ 'ਉੜਤਾ ਪੰਜਾਬ' ਫਿਲਮ ਉੱਪਰ ਮੰਡਰਾ ਰਿਹਾ ਸੰਕਟ ਹਾਲੇ ਖਤਮ ਨਹੀਂ ਹੋਇਆ। ਫਿਲਮ ਪ੍ਰਮਾਣੀਕਰਨ ਬੋਰਡ ਵੱਲੋਂ ਪਾਸ ਕੀਤੇ ਜਾਣ ਅਤੇ ਮੁੰਬਈ ਹਾਈ ਕੋਰਟ ਵੱਲੋਂ ਹਰੀ ਝੰਡੀ ਦਿੱਤੇ ਜਾਣ ਦੇ ਬਾਵਜੂਦ ਕੁਝ ਸੰਸਥਾਵਾਂ ਵੱਲੋਂ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਦੀਆਂ ਅਜੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚਲੀ ਇੱਕ ਗੈਰ-ਸਰਕਾਰੀ ਸੰਸਥਾ ਨੇ 'ਉੜਤਾ ਪੰਜਾਬ' ਫਿਲਮ ਬਾਰੇ ਮੁੰਬਈ ਹਾਈ ਕੋਰਟ ਵੱਲੋਂ ਸੁਣਾਏ ਗਏ ਹੁਕਮ ਨੂੰ ਵੰਗਾਰਦਿਆਂ ਇਸ ਫਿਲਮ 'ਤੇ ਰੋਕ ਲਾਉਣ ਲਈ ਅੱਜ ਸੁਪਰੀਮ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ। ਪੰਜਾਬ ਦੇ ਨਸ਼ਿਆਂ ਬਾਰੇ ਬਣਾਈ ਗਈ ਇਹ ਫਿਲਮ ਸ਼ੁੱਕਰਵਾਰ ਵਾਲੇ ਦਿਨ ਰਿਲੀਜ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਜਲੰਧਰ ਦੇ ਹਿਊਮਨ ਰਾਈਟਸ ਅਵੇਅਰਨੈੱਸ ਨਾਂਅ ਦੀ ਇੱਕ ਗੈਰ-ਸਰਕਾਰੀ ਸੰਸਥਾ ਨੇ ਕਿਹਾ ਹੈ ਕਿ ਹਾਈ ਕੋਰਟ ਫਿਲਮ ਦੇ ਸੀਨ ਹਟਾਉਣ ਜਾਂ ਡਾਇਲਾਗ ਬਾਰੇ ਫੈਸਲਾ ਨਹੀਂ ਕਰ ਸਕਦੀ। ਸੰਸਥਾ ਨੇ ਕਿਹਾ ਹੈ ਕਿ ਫਿਲਮ 'ਚ ਪੰਜਾਬ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸੰਸਥਾ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਹਨਾ ਦੀਆਂ ਦਲੀਲਾਂ ਜਲਦ ਸੁਣੀਆਂ ਜਾਣ, ਕਿਉਂਕਿ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਆਖਿਆ ਹੈ, ਜਿਸ ਤੋਂ ਬਾਅਦ ਸਰਵ-ਉੱਚ ਅਦਾਲਤ ਫੈਸਲਾ ਕਰੇਗੀ। ਇਸ ਮਾਮਲੇ ਨੂੰ ਸੁਣਵਾਈ ਲਈ ਪ੍ਰਵਾਨ ਕੀਤਾ ਜਾ ਸਕਦਾ ਹੈ ਜਾਂ ਨਹੀਂ। ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਫੈਸਲਾ ਸੁਣਾਉਂਦਿਆਂ ਫਿਲਮ ਦਾ ਇਕ ਸੀਨ ਕੱਟ ਕੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਅਤੇ ਸੈਂਸਰ ਬੋਰਡ ਨੂੰ ਦੋ ਦਿਨਾਂ ਅੰਦਰ ਸਰਟੀਫਿਕੇਟ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਕਿਹਾ ਸੀ ਕਿ ਸੈਂਸਰ ਬੋਰਡ ਨੂੰ ਕਿਸੇ ਫਿਲਮ 'ਤੇ ਪਾਬੰਦੀ ਲਾਉਣ ਜਾਂ ਸੈਂਸਰ ਕਰਨ ਦਾ ਅਧਿਕਾਰ ਨਹੀਂ ਹੈ। ਹਾਈ ਕੋਰਟ ਨੇ ਸਖਤ ਲਹਿਜੇ 'ਚ ਕਿਹਾ ਕਿ ਕਾਨੂੰਨ ਮੁਤਾਬਕ ਸੈਂਸਰ ਨਾਂਅ ਦਾ ਸ਼ਬਦ ਹੀ ਨਹੀਂ ਹੈ। ਫਿਲਮ 'ਚ ਟਾਮੀ ਸਿੰਘ (ਸ਼ਾਹਿਦ ਕਪੂਰ) ਦਾ ਇੱਕ ਸੀਨ ਹਟਾਉਣ ਲਈ ਆਖਿਆ ਗਿਆ ਸੀ, ਜਿਸ ਵਿੱਚ ਉਸ ਨੂੰ ਜਨਤਕ ਥਾਂ 'ਤੇ ਪਿਸ਼ਾਬ ਕਰਦੇ ਦਿਖਾਇਆ ਗਿਆ ਸੀ। ਬੰਬੇ ਹਾਈ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਉਹਨਾਂ ਨੇ ਫਿਲਮ ਦੀ ਪੂਰੀ ਸਕਰਿਪਟ ਦੇਖੀ ਹੈ ਕਿ ਫਿਲਮ ਕਿਤੇ ਵੀ ਨਸ਼ਿਆਂ ਨੂੰ ਹੱਲਾਸ਼ੇਰੀ ਦਿੰਦੀ ਨਜ਼ਰ ਨਹੀਂ ਆਈ। ਜੱਜਾਂ ਦੇ ਬੈਂਚ ਨੇ ਕਿਹਾ ਸੀ ਕਿ ਇਹ ਫਿਲਮ ਦੇਸ਼ ਦੀ ਪ੍ਰਭੂਸੱਤਾ ਜਾਂ ਅਖੰਡਤਾ ਬਾਰੇ ਕੋਈ ਸਵਾਲ ਖੜੇ ਨਹੀਂ ਕਰਦੀ। ਪੰਜਾਬ 'ਚ ਸਾਲ 2017 'ਚ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ ਅਤੇ ਕਈ ਪਾਰਟੀਆਂ ਸੂਬੇ 'ਚ ਨਸ਼ਿਆਂ ਦੇ ਕਾਰੋਬਾਰ ਨੂੰ ਚੋਣ ਮੁੱਦਾ ਬਣਾਉਣ ਲਈ ਤਿਆਰੀ ਕਰੀ ਬੈਠੀਆਂ ਹਨ। ਸੱਤਾਧਾਰੀ ਧਿਰ ਨੂੰ ਡਰ ਹੈ ਕਿ ਇਹ ਫਿਲਮ ਉਹਨਾ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ। ਫਿਲਮ 'ਚ ਸ਼ਾਹਿਦ ਕਪੂਰ ਨਸ਼ੇੜੀ ਪੌਪ ਸਿੰਗਰ ਬਣੇ ਹਨ ਅਤੇ ਉਹ ਆਪਣੇ ਗਾਣੇ ਰਾਹੀਂ ਨਸ਼ਿਆਂ ਬਾਰੇ ਦੱਸਦੇ ਹਨ। ਫਿਲਮ 'ਚ ਆਲੀਆ ਭੱਟ ਵੀ ਨਸ਼ੇੜੀ ਦੇ ਰੋਲ 'ਚ ਹੈ।