Latest News
ਦੱਖਣੀ ਚੀਨ ਸਾਗਰ 'ਚ ਭਾਰਤ-ਜਪਾਨ ਕਰ ਰਹੇ ਹਨ ਅਮਰੀਕਾ ਨਾਲ ਸਾਂਝੀਆਂ ਜੰਗੀ ਮਸ਼ਕਾਂ

Published on 15 Jun, 2016 10:50 AM.

ਓਕੀਨਾਵਾ (ਨ ਜ਼ ਸ)
ਭਾਰਤ-ਜਪਾਨ ਅਤੇ ਅਮਰੀਕੀ ਜਹਾਜ਼ ਦੱਖਣੀ ਚੀਨ ਸਾਗਰ ਦੇ ਕੋਲ ਸਾਂਝੀਆਂ ਜੰਗੀ ਮਸ਼ਕਾਂ ਕਰ ਰਹੇ ਹਨ। ਤਿੰਨਾਂ ਦੇਸ਼ਾਂ ਦੀ ਤਰਫੋਂ ਇਹਨਾਂ ਜੰਗੀ ਮਸ਼ਕਾਂ ਦਾ ਫੈਸਲਾ ਚੀਨ ਵੱਲੋਂ ਦੱਖਣੀ ਚੀਨ ਸਾਗਰ 'ਚ ਲਗਾਤਾਰ ਆਪਣੀ ਦਾਅਵੇਦਾਰੀ ਜਤਾਉਣ ਤੋਂ ਬਾਅਦ ਲਿਆ ਗਿਆ ਹੈ। ਅਮਰੀਕਾ ਤੇ ਜਪਾਨ ਨੂੰ ਲੱਗ ਰਿਹਾ ਸੀ ਕਿ ਚੀਨ ਇਸ ਦੇ ਨਾਲ ਦੇ ਹੀ ਪੱਛਮੀ ਪ੍ਰਸ਼ਾਂਤ 'ਚ ਪਣਡੁੱਬੀਆਂ ਤੇ ਜਹਾਜ਼ਾਂ ਨਾਲ ਆਪਣਾ ਦਬਦਬਾ ਫੈਲਾਉਣ ਦੀ ਕੋਸ਼ਿਸ਼ ਕਰੇਗਾ। ਬਾਕੀ ਦੁਨੀਆ ਦੇ ਸਮੁੰਦਰਾਂ ਨੂੰ ਇੱਥੋਂ ਹੋ ਕੇ ਜਾਣ ਵਾਲੀ ਸਪਲਾਈ ਲਾਈਨ ਅਤੇ ਆਪਣੀ ਸਮੁੰਦਰੀ ਤਾਕਤ ਵਧਾਉਣ ਦੇ ਮੱਦੇਨਜ਼ਰ ਚੀਨ ਪ੍ਰਸ਼ਾਂਤ ਮਹਾਸਾਗਰ 'ਚ ਆਪਣੀ ਮੌਜੂਦਗੀ ਵਧਾਉਣਾ ਚਾਹੁੰਦਾ ਹੈ।
ਇਨ੍ਹਾਂ ਜੰਗੀ ਮਸ਼ਕਾਂ 'ਚ ਮੌਜੂਦ ਇੱਕ ਲੱਖ ਟਨ ਵਜ਼ਨੀ ਅਮਰੀਕੀ ਸਟੇਨਿਸ 'ਚ ਐੱਫ-18 ਲੜਾਕੂ ਜੈੱਟ ਸ਼ਾਮਲ ਰਹਿੰਦੇ ਹਨ। ਇਹ ਬੇੜਾ ਜਪਾਨ ਦੇ ਹੈਲੀਕਾਪਟਰ ਕਰੀਅਰ ਅਤੇ ਭਾਰਤ ਦੇ ਜੰਗੀ ਬੇੜੇ ਦੇ ਨਾਲ ਜਪਾਨ ਦੀ ਉਕੀਨਾਵਾ ਟਾਪੂ ਲੜੀ ਨਾਲ ਲੱਗਦੇ ਸਮੁੰਦਰ 'ਚ ਮਸ਼ਕਾਂ ਕਰ ਰਿਹਾ ਹੈ।
ਜਪਾਨ ਦੇ ਮੁੱਖ ਟਾਪੂ ਤੋਂ ਹੋ ਕੇ ਤਾਇਵਾਨ ਤੋਂ 100 ਕਿਲੋਮੀਟਰ ਦੂਰ ਤੱਕ ਫੈਲੇ 200 ਟਾਪੂਆਂ 'ਚ ਟੀਨ ਦੀ ਪਹੁੰਚ ਸੀਮਤ ਹੈ। ਇਸ ਤੋਂ ਬਚਣ ਲਈ ਜਪਾਨ ਇਹਨਾਂ 'ਚ ਰੇਡਾਰ ਸਟੇਸ਼ਨ ਅਤੇ ਐਂਟੀ ਸ਼ਿਪ ਮਿਜ਼ਾਈਲ ਬੈਟਰੀ ਵੀ ਤਾਇਨਾਤ ਕਰ ਰਿਹਾ ਹੈ। ਭਾਰਤ ਆਸ ਕਰ ਰਿਹਾ ਹੈ ਕਿ ਜਪਾਨ ਦੇ ਨਾਲ ਮਸ਼ਕਾਂ 'ਚ ਸ਼ਾਮਲ ਹੋਣ ਨਾਲ ਚੀਨ ਦੀ ਵਧਦੀ ਤਾਕਤ 'ਤੇ ਰੋਕ ਲਾਈ ਜਾ ਸਕੇਗੀ। ਹਾਲ ਹੀ 'ਚ ਪੂਰਬੀ ਚੀਨ ਸਾਗਰ ਦੇ ਕੋਲ ਚੀਨ ਦੇ ਜੰਗੀ ਬੇੜੇ ਦੇ 24 ਮੀਲ ਤੱਕ ਚੱਲੇ ਆਉਣ ਤੋਂ ਬਾਅਦ ਜਪਾਨ ਤੇ ਚੀਨ ਵਿਚਕਾਰ ਤਣਾਅ ਕਾਫੀ ਵਧ ਗਿਆ ਸੀ। ਇਸ ਖਿੱਤੇ 'ਚ ਚੀਨ ਦੇ ਹਮਲਾਵਰ ਰੁਖ ਦੇ ਮੱਦੇਨਜ਼ਰ ਅਮਰੀਕਾ ਨੂੰ ਦਖਲ ਦੇਣ ਦਾ ਮੌਕਾ ਮਿਲ ਗਿਆ ਤੇ ਉਸ ਦੇ ਤੀਸਰੇ ਬੇੜੇ ਨੇ ਹੋਰ ਜਹਾਜ਼ਾਂ ਨੂੰ ਪੂਰਬੀ ਏਸ਼ੀਆ 'ਚ ਭੇਜਣ ਦੀ ਯੋਜਨਾ ਬਣਾਈ ਹੈ। ਇੱਕ ਅਮਰੀਕੀ ਅਧਿਕਾਰੀ ਮੁਤਾਬਕ ਇਹ ਜਹਾਜ਼ ਜਪਾਨ ਦੇ ਸੱਤਵੇਂ ਬੇੜੇ ਦੇ ਨਾਲ ਮਿਲ ਕੇ ਕੰਮ ਕਰਨਗੇ।
ਭਾਰਤ ਦਾ ਮਕਸਦ ਇਹਨਾਂ ਮਸ਼ਕਾਂ ਰਾਹੀਂ ਚੀਨ ਦੀ ਹਿੰਦ ਮਹਾਸਾਗਰ 'ਚ ਵਧਦੀ ਸਮੁੰਦਰੀ ਸਰਗਰਮੀ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਨਾ ਹੈ। ਇਹਨਾਂ ਮਸ਼ਕਾਂ 'ਚ ਭਾਰਤ ਨੇ ਆਪਣੀ ਜਲ ਸੈਨਾ ਦੇ ਬੇੜੇ 'ਚੋਂ ਚਾਰ ਜਹਾਜ਼ ਭੇਜੇ ਹਨ। ਇਹ ਜਹਾਜ਼ ਦੱਖਣੀ ਚੀਨ ਸਾਗਰ ਤੋਂ ਹੁੰਦੇ ਹੋਏ ਗਏ ਸਨ ਤੇ ਫਿਲੀਪੀਨਜ਼ ਤੇ ਵੀਅਤਨਾਮ 'ਚ ਰੁਕੇ ਸਨ ਤੇ ਉੱਥੋਂ ਮਸ਼ਕਾਂ 'ਚ ਸ਼ਾਮਲ ਹੋਏ ਸਨ।
ਚੀਨ ਇਹਨਾਂ ਮਸ਼ਕਾਂ ਤੋਂ ਅਵੇਸਲਾ ਨਹੀਂ ਹੈ। ਉਸ ਦੇ ਇੱਕ ਨਿਗਰਾਨ ਜਹਾਜ਼ ਨੇ ਚੁੱਪ-ਚੁਪੀਤੇ ਅਮਰੀਕੀ ਜੰਗੀ ਬੇੜੇ ਜਾਨ ਸੀ ਸਟੇਨਿਸ ਅਤੇ ਭਾਰਤ ਤੇ ਜਪਾਨ ਦੇ ਜੰਗੀ ਜਹਾਜ਼ ਦੀ ਜਸੂਸੀ ਕੀਤੀ ਹੈ। ਜਪਾਨੀ ਜਲ ਸੈਨਾ ਦੇ ਇੱਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੀਨ ਦਾ ਇਹ ਜਹਾਜ਼ ਦੱਖਣੀ ਚੀਨ ਸਾਗਰ 'ਚ ਪਹੁੰਚਣ ਦੇ ਬਾਅਦ ਤੋਂ ਹੀ ਅਮਰੀਕੀ ਜਹਾਜ਼ ਦਾ ਪਿੱਛਾ ਕਰ ਰਿਹਾ ਸੀ।

900 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper