ਗੁਲਬਰਗ ਸੁਸਾਇਟੀ ਦੰਗਾ ਮਾਮਲੇ; ਸਾਰੀ ਜ਼ਿੰਦਗੀ ਜੇਲ੍ਹ 'ਚ ਕੱਟਣਗੇ 11 ਦੋਸ਼ੀ

ਅਹਿਮਦਾਬਾਦ (ਨਵਾਂ ਜ਼ਮਾਨਾ ਸਰਵਿਸ)
ਗੁਲਬਰਗ ਸੁਸਾਇਟੀ ਦੰਗਾ ਮਾਮਲੇ 'ਚ ਵਿਸ਼ੇਸ਼ ਐਸ ਆਈ ਟੀ ਅਦਾਲਤ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਕੁੱਲ 24 ਦੋਸ਼ੀਆਂ 'ਚੋਂ 11 ਨੂੰ ਉਮਰ ਕੈਦ, 12 ਨੂੰ 7 ਸਾਲ ਦੀ ਸਜ਼ਾ ਅਤੇ ਇੱਕ ਦੋਸ਼ੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿਸੇ ਵੀ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ। ਜ਼ਿਕਰਯੋਗ ਹੈ ਕਿ ਗੁਲਬਰਗ ਸੁਸਾਇਟੀ ਦੰਗਾ ਮਾਮਲੇ 'ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜ਼ਾਫ਼ਰੀ ਸਮੇਤ 69 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਅਦਾਲਤ ਨੇ ਇਸ ਮਾਮਲੇ 'ਚ ਦੋ ਜੂਨ ਨੂੰ ਕਤਲ ਅਤੇ ਹੋਰਨਾਂ ਅਪਰਾਧਾਂ ਲਈ 11 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ, ਜਦਕਿ ਵੀ ਐੱਚ ਪੀ ਆਗੂ ਅਤੁਲ ਵੈਦ ਸਮੇਤ 12 ਹੋਰ ਹਲਕੇ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਸੀ। 36 ਹੋਰਨਾਂ ਨੂੰ ਅਦਾਲਤ ਨੇ ਇਸ ਮਾਮਲੇ 'ਚ ਬਰੀ ਕਰ ਦਿੱਤਾ ਸੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੀ ਨੁਮਾਇੰਦਗੀ ਕਰ ਰਹੇ ਸਰਕਾਰੀ ਵਕੀਲ ਆਰ ਸੀ ਕੋਡੇਕਰ ਨੇ ਅਦਾਲਤ ਨੂੰ ਕਿਹਾ ਸੀ ਕਿ 24 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਸੁਣਾਈ ਜਾਣੀ ਚਾਹੀਦੀ। ਪੀੜਤਾਂ ਦੇ ਵਕੀਲ ਐਸ ਐਮ ਵੋਰਾ ਨੇ ਵੀ ਦੋਸ਼ੀਆਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕਰਦਿਆਂ ਦਲੀਲ ਦਿੱਤੀ ਕਿ ਹਰੇਕ ਅਪਰਾਧ ਲਈ ਸਜ਼ਾ ਨਾਲੋ-ਨਾਲ ਨਹੀਂ ਚੱਲਣੀ ਚਾਹੀਦੀ ਤਾਂ ਕਿ ਦੋਸ਼ੀ ਪੂਰੀ ਜ਼ਿੰਦਗੀ ਜੇਲ੍ਹ 'ਚ ਹੀ ਬਿਤਾਉਣ। ਦੋਸ਼ੀ ਅਜੈ ਭਾਰਦਵਾਜ ਦੇ ਵਕੀਲ ਨੇ ਮੌਤ ਦੀ ਸਜ਼ਾ ਜਾਂ ਵੱਧ ਤੋਂ ਵੱਧ ਸਜ਼ਾ ਦੀ ਮੰਗ ਦਾ ਇਹ ਦਲੀਲ ਦੇ ਕੇ ਵਿਰੋਧ ਕੀਤਾ ਕਿ ਇਹ ਦੰਗੇ ਆਪ-ਮੁਹਾਰੇ ਸਨ ਅਤੇ ਇਸ ਦੇ ਵਾਸਤੇ ਚੋਖੀ ਉਕਸਾਹਟ ਸੀ।
ਗੁਲਬਰਗ ਸੁਸਾਇਟੀ ਦੰਗੇ 28 ਫ਼ਰਵਰੀ 2002 ਨੂੰ ਵਾਪਰੇ ਸਨ। ਉਸ ਸਮੇਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਇਨ੍ਹਾਂ ਦੰਗਿਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। 400 ਲੋਕਾਂ ਦੀ ਭੀੜ ਨੇ ਅਹਿਮਦਾਬਾਦ ਦੇ ਕੇਂਦਰ 'ਚ ਸਥਿਤ ਇਸ ਸੁਸਾਇਟੀ 'ਤੇ ਹਮਲਾ ਕੀਤਾ ਸੀ ਅਤੇ ਅਹਿਸਾਨ ਜ਼ਾਫ਼ਰੀ ਸਮੇਤ 69 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਜ਼ਾ ਸੁਣਾਉਂਦਿਆਂ ਜੱਜ ਨੇ ਕਿਹਾ, ''ਉਮਰ ਕੈਦ ਦੀ ਸਜ਼ਾ ਲਈ ਸਰਕਾਰ ਦੀ ਮੁਆਫ਼ੀ ਦੇਣ ਦੀ ਸ਼ਕਤੀ ਨੂੰ ਮੈਂ ਚੁਣੌਤੀ ਨਹੀਂ ਦੇਣਾ ਚਾਹੁੰਦਾ, ਪਰ ਮੇਰੀ ਤਰਫ਼ੋਂ ਇਹ ਮਜ਼ਬੂਤ ਸਿਫ਼ਾਰਿਸ਼ ਹੈ ਕਿ ਸਾਰੇ 11 ਦੋਸ਼ੀ ਮਰਨ ਸਮੇਂ ਤੱਕ ਜੇਲ੍ਹ 'ਚ ਰਹਿਣ। ਮੈਂ ਮੌਤ ਦੀ ਸਜ਼ਾ ਦੇ ਖ਼ਿਲਾਫ਼ ਹਾਂ। ਇਸ ਹਾਲਤ 'ਚ ਸਜ਼ਾ ਪ੍ਰਤੀ ਇਹੋ ਮੇਰਾ ਫ਼ੈਸਲਾ ਹੋਵੇਗਾ। ਇਸ ਦੇ ਨਾਲ ਹੀ ਜੱਜ ਨੇ ਕਿਹਾ ਕਿ 12 ਦੋਸ਼ੀ ਜਿਹੜੇ ਇਸ ਦੌਰਾਨ ਜ਼ਮਾਨਤ 'ਤੇ ਸਨ, ਉਨ੍ਹਾ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਫ਼ੌਜਦਾਰੀ ਦੋਸ਼ ਨਹੀਂ ਹੈ, ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ।