ਅਪੰਗ ਵਿਅਕਤੀਆਂ ਲਈ ਰਾਖਵੀਆਂ ਸਾਰੀਆਂ ਅਸਾਮੀਆਂ ਇੱਕ ਮਹੀਨੇ 'ਚ ਭਰਾਂਗੇ : ਬਾਦਲ

ਚੰਡੀਗੜ੍ਹ (ਕ੍ਰਿਸ਼ਨ ਗਰਗ)
ਪੰੰਜਾਬ ਸਰਕਾਰ ਸਾਰੇ ਵਿਭਾਗਾਂ ਵਿੱਚ ਅੰਗਹੀਣ ਵਿਅਕਤੀਆਂ ਦੀਆਂ ਰਾਖਵੀਂਆਂ ਸੀਟਾਂ ਦਾ ਬੈਕਲਾਗ ਇੱਕ ਮਹੀਨੇ ਵਿੱਚ ਪੁਰ ਕਰ ਲਵੇਗੀ। ਇਹ ਫੈਸਲਾ ਦੁਪਹਿਰ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਪਣੇ ਨਿਵਾਸ ਸਥਾਨ 'ਤੇ ਪੰਜਾਬ ਹੈਂਡੀਕੈਪਡ ਯੂਨੀਅਨ ਦੇ ਵਫਦ ਨਾਲ ਹੋਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਿਆ, ਜੋ ਕਿ ਆਪਣੇ ਪ੍ਰਧਾਨ ਸ੍ਰੀ ਬਲਵੰਤ ਸਿੰਘ ਦਰਦੀ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਮਿਲਣ ਆਇਆ ਸੀ। ਮੁੱਖ ਮੰਤਰੀ ਨੇ ਸਕੱਤਰ ਸਮਾਜਿਕ ਸੁਰੱਖਿਆ ਵਿਭਾਗ ਨੂੰ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਇਨ੍ਹਾਂ ਅਸਾਮੀਆਂ ਨੂੰ ਇੱਕ ਮਹੀਨੇ ਵਿੱਚ ਭਰਨ ਨੂੰ ਯਕੀਨੀ ਬਣਾਉਣ ਲਈ ਆਖਿਆ। ਇਨ੍ਹਾਂ ਅਸਾਮੀਆਂ ਲਈ ਪਹਿਲਾਂ ਹੀ ਇਸ਼ਤਿਹਾਰ ਦਿੱਤਾ ਜਾ ਚੁੱਕਾ ਹੈ। ਬਾਦਲ ਨੇ ਅੰਗਹੀਣ ਵਿਅਕਤੀਆਂ ਲਈ ਕਰਜ਼ੇ ਦੀ ਸੀਮਾ 5 ਲੱਖ ਤੋਂ ਵਧਾ ਕੇ 10 ਲੱਖ ਕਰਨ ਦਾ ਮੁੱਦਾ ਭਾਰਤ ਸਰਕਾਰ ਨਾਲ ਉਠਾਉਣ ਲਈ ਵੀ ਸਕੱਤਰ ਸਮਾਜਿਕ ਸਰੱਖਿਆ ਨੂੰ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਅੰਗਹੀਣ ਬੱਚਿਆਂ ਅਤੇ ਅੰਗਹੀਣ ਵਿਅਕਤੀਆਂ ਦੇ ਬੱਚਿਆਂ ਨੂੰ 12 ਤੱਕ ਸਿੱਖਿਆ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦੀ ਆਗਿਆ ਦੇਣ ਦਾ ਵੀ ਫੈਸਲਾ ਕੀਤਾ। ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਨੇ ਅਪੰਗ ਵਿਅਕਤੀਆਂ ਲਈ ਜੇ.ਬੀ.ਟੀ./ਈ.ਟੀ.ਟੀ. ਅਧਿਆਪਕਾਂ ਦੀਆਂ 162 ਅਸਾਮੀਆਂ ਹੌਬੀ ਟੀਚਰਾਂ 'ਚ ਤਬਦੀਲ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੀ ਡਿਊਟੀ ਬਿਨਾਂ ਕਿਸੇ ਮੁਸ਼ਕਲ ਤੋਂ ਪੇਸ਼ੇਵਰ ਤਰੀਕੇ ਨਾਲ ਨਿਭਾਉਣ ਦੀ ਸੁਵਿਧਾ ਮਿਲ ਸਕੇ।
ਸੌ ਫੀਸਦੀ ਅਪੰਗ ਵਿਅਕਤੀਆਂ ਦੀਆਂ ਮੁਸ਼ਕਲਾਂ ਨੂੰ ਮਹਿਸੂਸ ਕਰਦੇ ਹੋਏ ਬਾਦਲ ਨੇ ਇਨ੍ਹਾਂ ਵਿਅਕਤੀਆਂ ਦੀ ਪੈਨਸ਼ਨ ਵਿੱਚ ਢੁੱਕਵਾਂ ਵਾਧਾ ਕਰਨ ਲਈ ਸਮਾਜਿਕ ਸੁਰੱਖਿਆ ਵਿਭਾਗ ਨੂੰ ਵਿਆਪਕ ਪ੍ਰਸਤਾਵ ਤਿਆਰ ਕਰਨ ਲਈ ਆਖਿਆ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਐੱਫ. ਨਿਸਾਰਾ ਖਾਤੂਨ (ਫਰਜ਼ਾਨਾ ਅਲਮ), ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐੱਸ. ਕੇ. ਸੰਧੂ, ਸਕੱਤਰ ਸਿਹਤ ਸ੍ਰੀ ਹੁਸਨ ਲਾਲ, ਸਕੱਤਰ ਟਰਾਂਸਪੋਰਟ ਸ੍ਰੀ ਅਨੁਰਾਗ ਵਰਮਾ, ਸਕੱਤਰ ਸਮਾਜਿਕ ਸੁਰੱਖਿਆ ਸ੍ਰੀ ਅਨੁਰਾਗ ਅੱਗਰਵਾਲ, ਡਾਇਰੈਕਟਰ ਸਮਾਜਿਕ ਸੁਰੱਖਿਆ ਸ੍ਰੀ ਗੁਰਲਵਲੀਨ ਸਿੰਘ ਸਿੱਧੂ ਅਤੇ ਅਪੰਗ ਵਿਅਕਤੀਆਂ ਦੇ ਮਾਮਲੇ ਸਬੰਧੀ ਕਮਿਸ਼ਨਰ ਸ੍ਰੀ ਬੀ. ਸਰਕਾਰ ਸ਼ਾਮਲ ਸਨ।