ਕੇਜਰੀਵਾਲ ਵੱਲੋਂ 'ਮੋਦੀ ਦੇ ਚਮਚਿਆਂ' ਦੀ ਸੂਚੀ ਜਾਰੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਆਗੂ ਅਤੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਨੂੰ ਕੌਮੀ ਫ਼ੈਸ਼ਨ ਤਕਨਾਲੋਜੀ ਸੰਸਥਾ (ਨਿਫ਼ਟ) ਦਾ ਨਵਾਂ ਡਾਇਰੈਕਟਰ ਬਣਾਏ ਜਾਣ 'ਤੇ ਚੁਟਕੀ ਲਈ ਹੈ। ਕੇਜਰੀਵਾਲ ਨੇ ਸ਼ਨੀਵਾਰ ਦੁਪਹਿਰ ਇੱਕ ਟਵੀਟ ਕਰਕੇ ਕਿਹਾ, 'ਮੋਦੀ ਜੀ ਨੇ ਵੀ ਚੁਣ -ਚੁਣ ਕੇ ਚਮਚਿਆ ਦੀ ਫ਼ੌਜ ਬਣਾ ਲਈ ਹੈ, ਗਾਜੇਂਦਰ ਚੌਹਾਨ, ਚੇਤਨ ਚੌਹਾਨ, ਪਹਿਲਾਜ ਨਿਹਲਾਨੀ, ਅਰਣਬ ਗੋਸਵਾਮੀ ਅਤੇ ਸਮਰਿਤੀ ਇਰਾਨੀ।' ਇਸ ਤੋਂ ਬਾਅਦ ਅਰਣਬ ਗੋਸਵਾਮੀ ਦੇ ਚੱਲ ਰਹੇ ਇੱਕ ਫ਼ਰਜ਼ੀ ਅਕਾਊਂਟ ਤੋਂ ਜਵਾਬ ਦਿੱਤਾ ਗਿਆ, 'ਤੁਹਾਡਾ ਆਸ਼ੂਤੋਸ਼ ਉਨ੍ਹਾਂ ਸਾਰਿਆਂ 'ਤੇ ਭਾਰੂ ਹੈ।' ਉਧਰ ਕਿਸ਼ੂ ਕੁਮਾਰ ਨੇ ਕੇਜਰੀਵਾਲ ਨੂੰ ਹਦਾਇਤ ਦਿੰਦਿਆਂ ਕਿਹਾ, 'ਸ੍ਰੀ ਕੇਜਰੀਵਾਲ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਆਪ ਟਵੀਟ 'ਚ ਕਰਦੇ ਹੋ, ਉਸ ਤੋਂ ਪਤਾ ਲੱਗਦਾ ਹੈ ਕਿ ਆਪ ਕਿਸ ਤਰ੍ਹਾਂ ਦੇ ਪਰਵਾਰ ਤੋਂ ਹੋ ਅਤੇ ਆਪ ਦੇ ਮਾਪਿਆ ਆਪ ਨੂੰ ਕੀ ਸਿਖਾਇਆ ਹੈ।' ਕੇਜਰੀਵਾਲ ਦੇ ਟਵੀਟ ਦੇ ਜਵਾਬ 'ਚ ਰਿਤਿਕਾ ਝਾਅ ਨੇ ਲਿਖਿਆ, 'ਕਿੰਨੀ ਸ਼ਰਮ ਦੀ ਗੱਲ ਹੈ ਕਿ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਮੁੱਖ ਮੰਤਰੀ ਇੱਕ ਕੈਬਨਿਟ ਮੰਤਰੀ ਸਮਰਿਤੀ ਇਰਾਨੀ ਨੂੰ ਚਮਚਿਆਂ ਦੀ ਫ਼ੌਜ 'ਚ ਗਿਣ ਰਿਹਾ ਹੈ, ਇਹ ਮਾੜਾ ਆਚਰਨ ਹੈ।' ਉਧਰ ਹੈਗੜੇ ਨੇ ਲਿਖਿਆ, ''ਕੇਜਰੀਵਾਲ ਜੀ, ਤੁਹਾਨੂੰ ਕੀ ਹੋ ਗਿਆ? ਆਲੋਚਨਾ ਦੀ ਵੀ ਕੋਈ ਮਰਿਆਦਾ ਹੁੰਦੀ ਹੈ। ਤੁਸੀਂ ਦਿੱਲੀ ਦੇ ਮੁੱਖ ਮੰਤਰੀ ਹੋ, ਪਰ ਤੁਸੀਂ ਸਕੂਲ ਦੇ ਬੱਚਿਆਂ ਵਰਗੀ ਟਵੀਟ ਕਰ ਰਹੇ ਹੋ।' ਸਾਬਕਾ ਕ੍ਰਿਕਟਰ ਚੇਤਨ ਚੌਹਾਨ ਨੂੰ ਨਿਫ਼ਟ ਦਾ ਨਵਾਂ ਡਾਇਰੈਕਟਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਗਾਜੇਂਦਰ ਚੌਹਾਨ ਨੂੰ ਨਿਫ਼ਟ ਦਾ ਡਾਇਰੈਕਟਰ ਬਣਾਏ ਜਾਣ ਕਾਰਨ ਵਿਵਾਦ ਖੜਾ ਹੋ ਗਿਆ ਸੀ। ਵਿਦਿਆਰਥੀਆਂ ਨੇ ਕਈ ਮਹੀਨੇ ਗਜੇਂਦਰ ਚੌਹਾਨ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਸਨ। ਕੇਂਦਰੀ ਫ਼ਿਲਮ ਪ੍ਰਸਾਰਨ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਇੱਕ ਇੰਟਰਵਿਊ 'ਚ ਆਪਣੇ-ਆਪ ਨੂੰ ਮੋਦੀ ਦਾ ਚਮਚਾ ਕਿਹਾ ਸੀ।