ਰੂਸ ਨੇ ਸੀਰੀਆ 'ਚ ਬਾਗੀਆਂ 'ਤੇ ਕੀਤੀ ਬੰਬਾਰੀ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਹੈ ਕਿ ਰੂਸ ਦੇ ਲੜਾਕੂ ਜਹਾਜ਼ਾਂ ਨੇ ਜਾਰਡਨ ਦੀ ਸਰਹੱਦ ਨੇੜੇ ਦੱਖਣੀ ਸੀਰੀਆ 'ਚ ਅਮਰੀਕੀ ਸਮਰਥਕ ਬਾਗੀਆਂ 'ਤੇ ਬੰਬਾਰੀ ਕੀਤੀ, ਜਿਸ ਕਾਰਨ ਅਮਰੀਕਾ ਨੂੰ ਆਪਣੇ ਹਥਿਆਰਬੰਦ ਜਹਾਜ਼ਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਣਾ ਪਿਆ। ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਰੂਸ ਦੀ ਇਹ ਹਮਲਾਵਰ ਕਾਰਵਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਮਰੀਕੀ ਰੱਖਿਆ ਮੰਤਰੀ ਏਸ਼ ਕਾਰਟਨ ਨੇ ਰੂਸ ਦੇ ਇਸ ਹਮਲੇ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਰੂਸ ਦੇ ਆਈ ਐੱਸ ਵਿਰੁੱਧ ਲੜਣ ਦੇ ਦਾਅਵਿਆਂ ਬਾਰੇ ਸਵਾਲ ਉਠਾਇਆ ਹੈ। ਉਨ੍ਹਾ ਕਿਹਾ ਕਿ ਜਿਹੜੇ ਬਾਗੀਆ ਉੱਪਰ ਹਮਲਾ ਕੀਤਾ ਗਿਆ ਹੈ, ਉਹ ਆਈ ਐੱਸ ਨਾਲ ਲੋਹਾ ਲੈ ਰਹੇ ਹਨ। ਉਨ੍ਹਾ ਕਿਹਾ ਕਿ ਰੂਸ ਨੇ ਅਸਦ ਦੀ ਹਮਾਇਤ ਕੀਤੀ ਹੈ ਅਤੇ ਸੀਰੀਆ 'ਚ ਖਾਨਾਜੰਗੀ ਨੂੰ ਭੜਕਾਇਆ ਹੈ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਰੂਸ ਤੋਂ ਇਸ ਹਮਲੇ ਬਾਰੇ ਸਪੱਸ਼ਟੀਕਰਨ ਮੰਗਿਆ ਜਾਵੇਗਾ ਅਤੇ ਇੱਕ ਭਰੋਸਾ ਦੇਣ ਲਈ ਵੀ ਕਿਹਾ ਜਾਵੇਗਾ ਕਿ ਅਜਿਹੇ ਹਮਲੇ ਮੁੜ ਨਹੀਂ ਕੀਤੇ ਜਾਣਗੇ। ਅਮਰੀਕਾ ਨੇ ਕਿਹਾ ਕਿ ਦੋ ਹਮਲਿਆਂ 'ਚ ਸੀਰੀਆ ਦੀ ਨਵੀਂ ਫ਼ੌਜ ਦੇ ਕੁਝ ਜਵਾਨ ਮਾਰੇ ਗਏ ਹਨ। ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਇਹਨਾਂ ਹਮਲਿਆਂ 'ਚ ਕਿੰਨੇ ਬਾਗੀ ਮਾਰੇ ਗਏ ਹਨ। ਪਹਿਲੇ ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਅਮਰੀਕਾ ਨੇ ਹਥਿਆਰਬੰਦ ਐੱਫ਼ ਏ-18 ਐੱਸ ਜਹਾਜ਼ਾਂ ਨੂੰ ਮੌਕੇ 'ਤੇ ਭੇਜਿਆ। ਅਮਰੀਕੀ ਪਾਇਲਟਾਂ ਨੇ ਪਹਿਲਾਂ ਹੋਏ ਸਮਝੌਤੇ ਮੁਤਾਬਕ ਰੂਸੀ ਪਾਇਲਟਾਂ ਨਾਲ ਸੰਪਰਕ ਕਰਕੇ ਹਮਲਾ ਰੋਕਣ ਲਈ ਕਿਹਾ, ਪਰ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਅਮਰੀਕੀ ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੇ ਜਹਾਜ਼ ਤੇਲ ਭਰਵਾਉਣ ਲਈ ਪਰਤੇ ਤਾਂ ਰੂਸੀ ਜਹਾਜ਼ਾਂ ਨੇ ਦੂਜਾ ਹਮਲਾ ਕਰ ਦਿੱਤਾ। ਅਮਰੀਕੀ ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੂਸੀ ਜਹਾਜ਼ਾਂ ਨੇ ਅਲ ਤਨਫ਼ ਨੇੜੇ ਅਮਰੀਕਾ ਦਾ ਸਮਰਥਨ ਹਾਸਲ ਬਾਗੀਆ 'ਤੇ ਕਈ ਹਮਲੇ ਕੀਤੇ। ਉਨ੍ਹਾ ਦੱਸਿਆ ਰੂਸ ਦੇ ਦੋ ਐੱਨ ਯੂ-24 ਲੜਾਕੂ ਜਹਾਜ਼ਾਂ ਨੇ ਅਮਰੀਕਾ ਦੇ 500 ਪੌਂਡ ਦੀ ਬਰਾਬਰੀ ਤਾਕਤ ਵਾਲੇ ਬੰਬ ਸੁੱਟੇ।