ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਸ ਵੱਲੋਂ ਕੁਟਾਪਾ

ਬਠਿੰਡਾ (ਬਖਤੌਰ ਢਿੱਲੋਂ)
ਇਹ ਜਬਰ ਉੱਪਰ ਸਿਦਕ ਅਤੇ ਸਿਰੜ ਦੀ ਜਿੱਤ ਹੀ ਕਹੀ ਜਾ ਸਕਦੀ ਹੈ ਕਿ ਜਿਹੜੀ ਪੁਲਸ ਨੇ ਪਹਿਲਾਂ ਟੈੱਟ ਪਾਸ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਨੂੰ ਕੁਟਾਪਾ ਚਾੜ੍ਹਿਆ, ਉਸਦੇ ਹੀ ਇੱਕ ਕਪਤਾਨ ਨੂੰ ਉਹਨਾਂ ਦੀ ਉਪ-ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨਾਲ ਪੈਨਲ ਦੀ ਮੀਟਿੰਗ ਤੈਅ ਕਰਵਾਉਣੀ ਪਈ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਬਠਿੰਡਾ-ਬਾਦਲ ਰੋਡ 'ਤੇ ਸਥਿਤ ਪਿੰਡ ਜੈ ਸਿੰਘ ਵਾਲਾ ਦੇ ਵਾਟਰ ਵਰਕਰ ਦੀ ਟੈਂਕੀ ਉਪਰ ਪਿਛਲੇ 26 ਦਿਨਾਂ ਤੋਂ ਅੰਦੋਲਨਕਾਰੀ ਅਧਿਆਪਕ ਇਸ ਮੰਗ ਨੂੰ ਲੈ ਕੇ ਚੜ੍ਹੇ ਬੈਠੇ ਹਨ ਕਿ 4500 ਦੀ ਬਜਾਇ 8500 ਅਸਾਮੀਆਂ ਦੀ ਭਰਤੀ ਵਾਸਤੇ ਅਖਬਾਰੀ ਇਸ਼ਤਿਹਾਰ ਜਾਰੀ ਕੀਤੇ ਜਾਣ। ਪੰਜਾਬ ਸਰਕਾਰ ਉਹਨਾਂ ਦੀ ਇਸ ਮੰਗ ਪ੍ਰਤੀ ਕੋਈ ਹੁੰਗਾਰਾ ਨਹੀਂ ਭਰ ਰਹੀ।
ਟੈੱਟ ਪਾਸ ਇਹ ਈ ਟੀ ਟੀ ਅਧਿਆਪਕ ਕਈ ਵਾਰ ਸੜਕ 'ਤੇ ਜਾਮ ਵੀ ਲਾ ਚੁੱਕੇ ਹਨ, ਲੇਕਿਨ ਉਸਦਾ ਵੀ ਕੋਈ ਅਸਰ ਨਹੀਂ ਹੋਇਆ। ਇਸੇ ਅਮਲ ਨੂੰ ਜਾਰੀ ਰੱਖਦਿਆਂ ਗਿਣਤੀ ਦੇ ਇਸ ਛੋਟੇ ਜਿਹੇ ਸਮੂਹ ਨੇ ਫਿਰ ਬਠਿੰਡਾ-ਬਾਦਲ ਰੋਡ ਤੇ ਜਾਮ ਲਾ ਦਿੱਤਾ, ਜਿਸ ਨੂੰ ਖੁਲ੍ਹਵਾਉਣ ਲਈ ਪੁਲਸ ਨੇ ਉਹਨਾਂ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਕੁਟਾਪੇ ਕਾਰਨ ਸੂਬਾ ਪ੍ਰਧਾਨ ਅਮਰਜੀਤ ਸਿੰਘ ਕੰਬੋਜ, ਗੁਰਪ੍ਰੀਤ ਸਿੰਘ ਮਾਲੇਰਕੋਟਲਾ, ਹਿਮਾਸ਼ੂ ਪਟਿਆਲਾ ਅਤੇ ਗੁਰਲਾਲ ਸਿੰਘ ਨੂੰ ਕਾਫ਼ੀ ਸੱਟਾਂ ਲੱਗੀਆਂ, ਜਦਕਿ ਹਰਪ੍ਰੀਤ ਕੌਰ ਸੰਗਰੂਰ ਸਮੇਤ ਕਈ ਮਹਿਲਾ ਅਧਿਆਪਕਾਂ ਨੇ ਇਹ ਦੋਸ਼ ਲਾਇਆ ਕਿ ਅਸ਼ਲੀਲ ਗਾਲਾਂ ਕੱਢਣ ਦੇ ਨਾਲ-ਨਾਲ ਉਹਨਾਂ ਨੂੰ ਥੱਪੜ ਵੀ ਮਾਰੇ ਗਏ।
ਇਸ ਕੁੱਟ-ਕੁਟਾਪੇ ਕਾਰਨ ਨੀਮ ਬੇਹੋਸ਼ ਹੋਏ ਆਪਣੇ ਸਾਥੀਆਂ ਨੂੰ ਤੱਪਦੀ ਸੜਕ ਉੱਪਰ ਪਾ ਕੇ ਅੰਦੋਲਨਕਾਰੀ ਕੁੜੀਆਂ ਨੇ ਇੱਕ ਚਾਦਰ ਨਾਲ ਉਹਨਾਂ ਨੂੰ ਛਾਂ ਕੀਤੀ ਹੋਈ ਸੀ ਤਾਂ ਕਿ ਉਹ ਸਨਸਟੌਕ ਤੋਂ ਬਚ ਸਕਣ। ਇਸੇ ਦੌਰਾਨ ਇੱਕ ਬੁਲਾਰਾ ਆਪਣੇ ਅੰਦੋਲਨਕਾਰੀ ਸਾਥੀਆਂ ਨੂੰ ਭਾਸ਼ਣ ਜ਼ਰੀਏ ਇਹ ਸਮਝਾ ਰਿਹਾ ਸੀ ਕਿ ਉਹ ਕੁਟਾਪਾ ਚਾੜ੍ਹਨ ਵਾਲੇ ਪੁਲਸ ਵਾਲਿਆਂ ਨੂੰ ਚੰਗਾ-ਮੰਦਾ ਨਾ ਕਹਿਣ, ਕਿਉਂਕਿ ਅਜਿਹਾ ਉਹਨਾਂ ਨੂੰ ਹਾਕਮਾਂ ਦੇ ਹੁਕਮਾਂ ਅਨੁਸਾਰ ਕਰਨਾ ਪੈ ਰਿਹਾ ਹੈ। ਇਹ ਦੇਖਦਿਆਂ ਕਿ ਕੁਟਾਪੇ ਦੇ ਬਾਵਜੂਦ ਵੀ ਅੰਦੋਲਨਕਾਰੀ ਜਾਮ ਖੋਲ੍ਹਣ ਨੂੰ ਤਿਆਰ ਨਹੀਂ, ਤਾਂ ਡੀ ਐੱਸ ਪੀ ਦਿਹਾਤੀ ਸ੍ਰੀ ਚੰਦ ਸਿੰਘ ਨੇ ਆਪਣੇ ਉਪਰਲੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ। ਕੁਝ ਸਮੇਂ ਬਾਅਦ ਐੱਸ ਪੀ ਇਨਵੈਸਟੀਗੇਸ਼ਨ ਸ੍ਰੀ ਬਿਕਰਮਜੀਤ ਸਿੰਘ, ਏ ਡੀ ਸੀ ਜਨਰਲ ਦੀ ਚਿੱਠੀ ਲੈ ਕੇ ਸਮੇਤ ਇੱਕ ਤਹਿਸੀਲਦਾਰ ਦੇ ਘਟਨਾ ਸਥਾਨ 'ਤੇ ਪੁੱਜ ਗਏ। ਇਸ ਚਿੱਠੀ ਰਾਹੀਂ ਅੰਦੋਲਨਕਾਰੀ ਅਧਿਆਪਕਾਂ ਨੂੰ ਸੋਮਵਾਰ ਲਈ ਚੰਡੀਗੜ੍ਹ ਵਿਖੇ ਡਿਪਟੀ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ।