ਕੌਮਾਂਤਰੀ ਯੋਗ ਦਿਵਸ ਸੰਬੰਧੀ ਕੌਮੀ ਪੱਧਰ ਦਾ ਸਮਾਗਮ ਅੱਜ ਚੰਡੀਗੜ੍ਹ 'ਚ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕੌਮਾਂਤਰੀ ਯੋਗ ਦਿਵਸ ਭਲਕੇ ਦੇਸ਼-ਵਿਦੇਸ਼ ਵਿੱਚ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਵੱਡੀ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਕੌਮੀ ਪੱਧਰ ਦਾ ਯੋਗ ਦਿਵਸ ਸਮਾਗਮ ਇਸ ਵਾਰ ਚੰਡੀਗੜ੍ਹ ਵਿੱਚ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਅਹਿਮ ਸ਼ਖਸੀਅਤਾਂ ਹਿੱਸਾ ਲੈ ਰਹੀਆਂ ਹਨ। ਵੱਖ-ਵੱਖ ਦੇਸ਼ਾਂ ਦਾ ਇੱਕ ਵਫ਼ਦ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਿਹਾ ਹੈ। ਯੋਗ ਦਿਵਸ ਵਿੱਚ ਹਿੱਸਾ ਲੈਣ ਲਈ ਲੋਕਾਂ ਵਿੱਚ ਭਾਰੀ ਉਤਸਾਹ ਦੇਖਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਕੋਈ ਇੱਕ ਲੱਖ ਵੀਹ ਹਜ਼ਾਰ ਲੋਕਾਂ ਨੇ ਆਪਣੇ ਨਾਂਅ ਦਰਜ ਕਰਵਾਏ ਹਨ। ਮੁੱਖ ਸਮਾਗਮ ਤੋਂ ਇਲਾਵਾ ਚੰਡੀਗੜ੍ਹ ਵਿੱਚ 14 ਹੋਰ ਥਾਵਾਂ 'ਤੇ ਯੋਗ ਦਿਵਸ ਸੰਬੰਧੀ ਪ੍ਰੋਗਰਾਮ ਰੱਖੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ ਅਤੇ ਨੀਮ ਫ਼ੌਜੀ ਦਸਤਿਆਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਪੁਲਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਯੋਗ ਦਿਵਸ ਪ੍ਰੋਗਰਾਮ ਕੱਲ੍ਹ ਸਵੇਰੇ ਸੱਤ ਵਜੇ ਸ਼ੁਰੂ ਹੋਵੇਗਾ ਅਤੇ ਇਹ 45 ਮਿੰਟ ਤੱਕ ਚੱਲੇਗਾ। ਪਹਿਲਾ ਕੌਮਾਂਤਰੀ ਦਿਵਸ ਪਿਛਲੇ ਸਾਲ ਮਨਾਇਆ ਗਿਆ ਸੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 11 ਦਸੰਬਰ 2014 ਨੂੰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਜੋਂ ਐਲਾਨਿਆ ਸੀ।
ਕੌਮਾਂਤਰੀ ਯੋਗ ਦਿਵਸ ਮਨਾਉਣ ਲਈ ਕੌਮੀ ਰਾਜਧਾਨੀ ਦਿੱਲੀ ਵਿੱਚ ਸੱਤ ਥਾਵਾਂ 'ਤੇ ਪ੍ਰੋਗਰਾਮ ਰੱਖੇ ਗਏ ਹਨ। ਨਵੀਂ ਦਿੱਲੀ ਵਿੱਚ ਕਨਾਟ ਪਲੇਸ, ਲੋਧੀ ਗਾਰਡਨ, ਨਹਿਰੂ ਪਾਰਕ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੱਖ-ਵੱਖ ਮੁਲਕਾਂ ਦੇ ਰਾਜਦੂਤ ਵੀ ਹਿੱਸਾ ਲੈਣਗੇ। ਐਨ ਸੀ ਈ ਆਰ ਟੀ ਵੱਲੋਂ ਨਵੀਂ ਦਿੱਲੀ ਵਿੱਚ ਤਿੰਨ ਦਿਨਾ ਕੌਮੀ ਯੋਗ ਉਲੰਪੀਆਡ ਵੀ ਕਰਵਾਈ ਜਾ ਰਹੀ ਹੈ। ਅਯੂਸ਼ ਮੰਤਰਾਲੇ ਵੱਲੋਂ 22 ਅਤੇ 23 ਜੂਨ ਨੂੰ ਇਸ ਸੰਬੰਧ ਵਿੱਚ ਇੱਕ ਕੌਮਾਂਤਰੀ ਕਾਨਫ਼ਰੰਸ ਵੀ ਰੱਖੀ ਗਈ ਹੈ।
ਇਸ ਵਾਰ ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਯੋਗ ਦਿਵਸ ਵੱਡੀ ਪੱਧਰ 'ਤੇ ਮਨਾਉਣ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਕਦਮੀ 'ਤੇ ਕੌਮਾਂਤਰੀ ਯੋਗ ਦਿਵਸ ਵੱਖ-ਵੱਖ ਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ।