Latest News

ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ : ਮੋਦੀ

Published on 21 Jun, 2016 11:26 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕੌਮਾਂਤਰੀ ਯੋਗ ਦਿਵਸ ਮੰਗਲਵਾਰ ਨੂੰ ਦੇਸ਼-ਬਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿੱਚ ਯੋਗ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਯੋਗ ਸਰੀਰ ਅਤੇ ਮਨ ਵਿਚਕਾਰ ਪੂਰਾ ਤਾਲਮੇਲ ਪੈਦਾ ਕਰਦਾ ਹੈ ਅਤੇ ਮਨ ਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਉਨ੍ਹਾ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਦੇਸ਼ ਦਾ ਮੁੱਖ ਪ੍ਰੋਗਰਾਮ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ 'ਚ ਕਰਵਾਇਆ ਗਿਆ। ਯੋਗ ਦੇ ਇਸ ਸਮੂਹਕ ਮੁਜ਼ਾਹਰੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਹਾਜ਼ਰ ਹੋਏ। ਉਨ੍ਹਾ ਵੀ ਲੋਕਾਂ ਨੂੰ ਯੋਗ ਅਪਣਾਉਣ ਦੀ ਅਪੀਲ ਕੀਤੀ।
ਚੰਡੀਗੜ੍ਹ 'ਚ ਯੋਗਾਸਨ ਕਰਨ ਸਮੇਂ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਯੋਗ ਮਨ ਨੂੰ ਕਾਬੂ 'ਚ ਰੱਖਦਾ ਹੈ ਅਤੇ ਲੋਕਾਂ ਨੂੰ ਅਨੁਸ਼ਾਸਤ ਜੀਵਨ ਜਿਊਣ 'ਚ ਮਦਦ ਕਰਦਾ ਹੈ।
ਮੋਦੀ ਨੇ ਕਿਹਾ ਕਿ ਯੋਗ ਸਿਰਫ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਨਹੀਂ ਹੈ, ਇਹ ਸਿਹਤਮੰਦ ਰਹਿਣ ਦੀ ਗਰੰਟੀ ਵੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਧਿਆਨ ਦੇਣ ਲਈ ਕਿਹਾ ਕਿ ਯੋਗ ਨਾਲ ਕਿਸ ਤਰ੍ਹਾਂ ਸ਼ੱਕਰ ਰੋਗ (ਸ਼ੂਗਰ) ਨੂੰ ਕਾਬੂ 'ਚ ਰੱਖਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਯੋਗ ਇੱਕ ਵਿਗਿਆਨ ਹੈ। ਇਹ ਆਸਤਿਕਾਂ ਲਈ ਵੀ ਹੈ ਤੇ ਨਾਸਤਿਕਾਂ ਲਈ ਵੀ।
ਮੋਦੀ ਨੇ ਯੋਗ ਨੂੰ ਪੂਰੀ ਦੁਨੀਆ 'ਚ ਹਰਮਨ ਪਿਆਰਾ ਬਣਾਉਣ ਦੀ ਵਕਾਲਤ ਕੀਤੀ ਅਤੇ ਭਾਰਤ ਤੋਂ ਵਧੇਰੇ ਯੋਗ ਅਧਿਆਪਕ ਪੈਦਾ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਯੋਗ ਇੱਕ ਪੇਸ਼ੇ ਵਿੱਚ ਬਦਲ ਰਿਹਾ ਹੈ ਅਤੇ ਕਈਆਂ ਨੂੰ ਰੁਜ਼ਗਾਰ ਦੇ ਰਿਹਾ ਹੈ।
ਮੋਦੀ ਨੇ ਕਿਹਾ ਕਿ ਯੋਗ ਇੱਕ ਜਨ ਅੰਦੋਲਨ ਬਣ ਗਿਆ ਹੈ ਅਤੇ ਦੇਸ਼ ਦੇ ਹਰ ਹਿੱਸੇ ਦੇ ਲੋਕ ਯੋਗ ਨਾਲ ਜੁੜ ਗਏ ਹਨ।
ਪ੍ਰਧਾਨ ਮੰਤਰੀ ਨੇ ਇਸ ਮੌਕੇ ਅਗਲੇ ਵਰ੍ਹੇ ਤੋਂ ਯੋਗ ਦਿਵਸ ਸਮਾਰੋਹਾਂ ਲਈ ਦੋ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ, ਜਿਨ੍ਹਾਂ 'ਚ ਇੱਕ ਕੌਮੀ ਪੱਧਰ 'ਤੇ ਹੋਵੇਗਾ ਅਤੇ ਦੂਸਰਾ ਕੌਮਾਂਤਰੀ ਪੱਧਰ 'ਤੇ ਯੋਗ ਦੇ ਪ੍ਰਚਾਰ ਲਈ ਦਿੱਤਾ ਜਾਵੇਗਾ। ਚੰਡੀਗੜ੍ਹ ਦੇ ਇਸ ਸਮਾਗਮ ਲਈ 96 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣਾ ਨਾਂਅ ਰਜਿਸਟਰ ਕਰਵਾਇਆ ਸੀ, ਜਿਨ੍ਹਾਂ ਵਿੱਚ 30 ਹਜ਼ਾਰ ਦੀ ਚੋਣ ਕੀਤੀ ਗਈ। ਇਨ੍ਹਾਂ 'ਚ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਤੋਂ 10-10 ਹਜ਼ਾਰ ਲੋਕ ਸ਼ਾਮਲ ਸਨ। ਇਸ ਸਮਾਗਮ ਤੋਂ ਇਲਾਵਾ ਚੰਡੀਗੜ੍ਹ 'ਚ 100 ਹੋਰ ਸਥਾਨਾਂ 'ਤੇ ਯੋਗ ਦਿਵਸ ਮਨਾਇਆ ਗਿਆ।
ਆਪਣੀ ਤਕਰੀਰ ਤੋਂ ਬਾਅਦ ਮੋਦੀ ਨੇ ਇਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ 150 ਦਿਵਿਆਂਗਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਯੋਗ ਆਸਣਾਂ ਨੂੰ ਦਰਸਾਉਂਦੇ, ਰਹਿੰਦ-ਖੂੰਹਦ ਤੋਂ ਬਣੇ 23 ਬੁੱਤ ਵੀ ਕੈਪੀਟਲ ਕੰਪਲੈਕਸ 'ਚ ਲਗਾਏ ਗਏ ਸਨ। ਇਹ ਬੁੱਤ ਚੰਡੀਗੜ੍ਹ ਤੇ ਰਾਕ ਗਾਰਡਨ ਦੇ ਸਿਰਜਕ ਮਰਹੂਮ ਨੇਕ ਚੰਦ ਦੇ ਬੇਟੇ ਅਨੁਜ ਸੈਣੀ ਨੇ ਤਿਆਰ ਕੀਤੇ ਸਨ।
ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਥੇ ਕੈਪੀਟਲ ਕੰਪਲੈਕਸ ਵਿੱਚ ਦੂਜਾ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ 30 ਹਜ਼ਾਰ ਤੋਂ ਵੱਧ ਲੋਕਾਂ ਨੇ ਸਮੂਹਿਕ ਯੋਗ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਪੰਜਾਬ ਦੇ 10 ਹਜ਼ਾਰ ਵਲੰਟੀਅਰ ਵੀ ਸ਼ਾਮਲ ਸਨ। ਇਸ ਮੌਕੇ ਪੰਜਾਬ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਅਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਸਮਾਗਮ ਦੀ ਸ਼ੁਰੂਆਤ ਵਿੱਚ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਲਗਾਤਾਰ ਕੀਤੇ ਉੱਦਮਾਂ ਸਦਕਾ ਹੀ ਯੋਗ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਮਿਲੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁਹਾਲੀ, ਫਤਿਹਗੜ੍ਹ ਸਾਹਿਬ, ਰੋਪੜ, ਪਟਿਆਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਤੋਂ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਪੰਜਾਬ ਪੁਲਸ ਦੇ ਜਵਾਨਾਂ ਸਮੇਤ ਹੋਰ ਵਲੰਟੀਅਰਾਂ ਨੇ ਸਮੂਹਿਕ ਯੋਗ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਪਹੁੰਚਣ ਵਾਲੇ ਵਲੰਟੀਅਰਾਂ ਲਈ ਆਵਾਜਾਈ ਅਤੇ ਖਾਣ-ਪੀਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਮੁੱਖ ਸਮਾਗਮ ਲਈ ਪੰਜਾਬ ਭਰ ਤੋਂ 23 ਹਜ਼ਾਰ ਤੋਂ ਵੱਧ ਵਲੰਟੀਅਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 10,000 ਵਲੰਟੀਅਰ ਇਸ ਸਮਾਗਮ ਵਿੱਚ ਸ਼ਾਮਲ ਹੋਏ, ਜਦਕਿ ਬਾਕੀ ਵਲੰਟੀਅਰ ਜ਼ਿਲ੍ਹਾ ਤੇ ਬਲਾਕ ਪੱਧਰ 'ਤੇ ਹੋ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਏ। ਇਸ ਮੌਕੇ ਆਯੂਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਸ਼੍ਰੀਪਦ ਯਸੋ ਨਾਇਕ, ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਚੰਡੀਗੜ੍ਹ ਤੋਂ ਸੰਸਦ ਮੈਂਬਰ ਸ੍ਰੀਮਤੀ ਕਿਰਨ ਖੇਰ ਤੋਂ ਇਲਾਵਾ ਸਿਆਸੀ ਆਗੂ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

703 Views

e-Paper