ਪੱਤਰਕਾਰਾਂ ਸਾਹਮਣੇ ਰੋ ਪਿਆ ਗੱਦੀਓ ਲਾਇਆ ਬਲਰਾਮ ਯਾਦਵ


ਲਖਨਊ (ਨ ਜ਼ ਸ)-ਸਮਾਜਵਾਦੀ ਪਾਰਟੀ ਤੋਂ ਬਰਖਾਸਤ ਕੀਤੇ ਗਏ ਕੈਬਨਿਟ ਮੰਤਰੀ ਬਲਰਾਮ ਯਾਦਵ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋ ਪਏ। ਬਲਰਾਮ ਯਾਦਵ ਨੇ ਰੋਂਦਿਆਂ ਕਿਹਾ ਕਿ ਉਹਨਾ ਦੀ ਜ਼ਿੰਦਗੀ ਹੈ ਸਮਾਜਵਾਦੀ ਪਾਰਟੀ। ਮੁਲਾਇਮ ਸਿੰਘ ਯਾਦਵ ਉਹਨਾ ਦੇ ਆਦਰਸ਼ ਹੀ ਨਹੀਂ ਹਨ, ਸਗੋਂ ਪਿਤਾ ਵੀ ਹਨ। ਦੱਸਿਆ ਜਾਂਦਾ ਹੈ ਕਿ ਬਲਰਾਮ ਯਾਦਵ ਨੇ ਮੁਖਤਾਰ ਅੰਸਾਰੀ ਦੀ ਪਾਰਟੀ ਕੌਮੀ ਏਕਤਾ ਦਲ ਦੇ ਸਮਾਜਵਾਦੀ ਪਾਰਟੀ 'ਚ ਰਲੇਵੇਂ 'ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਏਸੇ ਕਾਰਨ ਮੁੱਖ ਮੰਤਰੀ ਅਖਿਲੇਸ਼ ਯਾਦਵ ਉਹਨਾ ਤੋਂ ਨਾਰਾਜ਼ ਸਨ। ਬਲਰਾਮ ਯਾਦਵ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਮੁਲਾਇਮ ਯਾਦਵ ਨਾਲ ਉਹਨਾ ਦੇ ਰਿਸ਼ਤੇ ਨਾਬਦਲਣ ਯੋਗ ਹਨ।
ਬਲਰਾਮ ਨੇ ਕਿਹਾ ਕਿ ਉਹਨਾ ਨੇ ਅੱਜ ਕੱਲ੍ਹ ਹੀ ਨੇਤਾ ਜੀ (ਮੁਲਾਇਮ) ਨਾਲ ਗੱਲਬਾਤ ਹੋਈ ਸੀ ਅਤੇ ਉਹਨਾਂ ਕਿਹਾ ਕਿ ਇਹ ਰਿਸ਼ਤੇ ਬਦਲਣਯੋਗ ਨਹੀਂ ਹਨ। ਸੂਤਰਾਂ ਮੁਤਾਬਕ ਸਮਾਜਵਾਦੀ ਪਾਰਟੀ ਅਤੇ ਕੌਮੀ ਏਕਤਾ ਦਲ ਦੇ ਰਲੇਵੇਂ ਦੇ ਇੱਕ ਦਿਨ ਬਾਅਦ ਹੀ ਦੋਵੇਂ ਪਾਰਟੀਆਂ ਵੱਖ-ਵੱਖ ਹੋ ਸਕਦੀਆਂ ਹਨ। ਅਖਿਲੇਸ਼ ਯਾਦਵ ਨੇ ਮੁੱਖਤਾਰ ਅੰਸਾਰੀ ਨੂੰ ਪਾਰਟੀ 'ਚ ਸ਼ਾਮਲ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਮੁਖਤਾਰ ਅੰਸਾਰੀ ਨੂੰ ਆਗਰਾ ਜੇਲ੍ਹ ਤੋਂ ਲਖਨਊ ਜੇਲ੍ਹ 'ਚ ਤਬਦੀਲ ਕੀਤੇ ਜਾਣ ਬਾਰੇ ਅਖਿਲੇਸ਼ ਨੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਵੀ ਤਲਬ ਕੀਤਾ ਸੀ।