ਹੋਂਦ ਗੁਆ ਚੁੱਕੀ ਹੈ ਅੱਪਰਬਾਰੀ ਦੁਆਬ ਨਹਿਰ ਤੇ ਇਸ ਦੇ ਸੂਏ

ਤਰਨ ਤਾਰਨ (ਸਾਗਰਦੀਪ ਅਰੋੜਾ)
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਬਲਵਿੰਦਰ ਸਿੰਘ ਫੈਲੋਕੇ, ਰੇਸ਼ਮ ਸਿੰਘ, ਮਨਜੀਤ ਸਿੰਘ ਕੋਟ, ਗੁਰਦੇਵ ਸਿੰਘ ਕਾਹਲਵਾਂ, ਬਾਬਾ ਫਤਿਹ ਸਿੰਘ ਤੁੜ, ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਦੀ ਅਗਵਾਈ ਹੇਠ ਪਿੰਡ ਤੁੜ, ਢੱਟੀਆ, ਕੋਟ ਮੁਹੰਮਦ ਖਾਂ ਫੇਲੋਕੇ, ਕਾਹਲਵਾਂ, ਭੱਠਲ ਭਾਈਕੇ, ਚੌਧਰੀਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ। ਕਿਸਾਨ ਆਗੂਆਂ ਦੀ ਟੀਮ ਨੇ ਵੇਖਿਆ ਕਿ ਨਾਗੋਕੇ ਘਰਾਣਾ ਤੋਂ ਨਿਕਲਦੀ ਪੱਟੀ ਸਭਰਾਓਂ ਬ੍ਰਾਂਚ ਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਝੋਨੇ ਦੀ ਫਸਲ ਲਾਉਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਨਹਿਰੀ ਪਾਣੀ ਦੇਣ ਦੇ ਦਾਅਵਿਆਂ ਵਾਲੇ ਬਿਆਨ ਕਿਸਾਨਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ।
ਸਾਥੀ ਜਾਮਾਰਾਏ ਨੇ ਕਿਹਾ ਕਿ ਪਾਣੀ ਦੇ ਡੂੰਘੇ ਹੋ ਰਹੇ ਸੰਕਟ ਅਤੇ ਧਰਤੀ ਹੇਠਲੇ ਪਾਣੀ ਦੀ ਬਚਤ ਦੇ ਮੱਦੇਨਜ਼ਰ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੇਣਾ ਬੇਹੱਦ ਜ਼ਰੂਰੀ ਹੈ। ਸਮੇਂ ਸਮੇਂ ਰਾਜ ਕਰਦੀਆਂ ਸਰਕਾਰਾਂ ਦੀ ਨਲਾਇਕੀ ਅਤੇ ਬੇਰੁਖੀ ਕਾਰਨ ਨਹਿਰੀ ਸਿਸਟਮ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਮਾਝੇ ਦੇ ਚਾਰ ਜ਼ਿਲ੍ਹਿਆਂ ਲਈ ਨਹਿਰੀ ਪਾਣੀ ਦਾ ਧੁਰਾ ਅੱਪਰਬਾਰੀ ਦੁਆਬ ਨਹਿਰ ਅਤੇ ਇਸ ਵਿੱਚੋਂ ਨਿਕਲਦੀਆਂ ਨਹਿਰਾਂ ਅਤੇ ਸੂਏ ਆਪਣੀ ਹੋਂਦ ਹੀ ਗੁਆ ਚੁੱਕੇ ਹਨ। ਜਿਸ ਕਾਰਨ ਮਾਝੇ ਦੀਆਂ ਨਹਿਰਾਂ ਦਾ ਪਾਣੀ ਰਾਵੀ-ਬਿਆਸ ਲਿੰਕ ਨਹਿਰ ਰਾਹੀਂ ਬਿਆਸ ਦਰਿਆ ਵਿੱਚ ਜਾ ਰਿਹਾ ਹੈ। ਇਸ ਨਾਲ ਮਾਝੇ ਦੇ ਕਿਸਾਨਾਂ ਦਾ ਦੋਹਰਾ ਨੁਕਸਾਨ ਹੋ ਰਿਹਾ ਹੈ।
ਇੱਕ ਪਾਸੇ ਖੇਤੀ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ। ਦੂਸਰੇ ਪਾਸੇ ਹਰੀਕੇ ਵਿਖੇ ਲੱਗਦੀ ਡਾ. ਕਰਨ ਮੰਡ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਕਈ ਸਾਲਾਂ ਤੋਂ ਡੁੱਬ ਰਹੀਆਂ ਹਨ। ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਝੇ ਦੀ ਸਿੰਚਾਈ ਦਾ ਧੁਰਾ ਅੱਪਰਬਾਰੀ ਦੁਆਬ ਨਹਿਰ ਅਤੇ ਇਸ ਨਾਲ ਜੁੜੀਆਂ ਨਹਿਰਾਂ ਅਤੇ ਸੂਇਆਂ, ਖਾਲਾਂ ਦਾ ਸਮੁੱਚਾ ਢਾਂਚਾ ਮੁੜ ਤੋਂ ਉਸਾਰਿਆ ਜਾਵੇ। ਦਰਿਆਵਾਂ ਦਾ ਨਹਿਰੀਕਰਨ ਕਰਕੇ ਹਰ ਖੇਤ ਤੱਕ ਪਾਣੀ ਪੁੱਜਦਾ ਕਰਨ ਲਈ ਟੇਲਾਂ ਤੱਕ ਪਾਣੀ ਪੁੱਜਦਾ ਕੀਤਾ ਜਾਵੇ। ਪੱਟੀ ਸਭਰਾਓ ਬਰਾਂਚ ਵਿੱਚ ਤੁਰੰਤ ਪਾਣੀ ਛੱਡ ਕੇ ਮੋਘਿਆਂ ਵਿੱਚ ਪਾਣੀ ਪੂਰੀ ਮਿਕਦਾਰ ਵਿੱਚ ਦਿੱਤਾ ਜਾਵੇ।