ਭਾਜਪਾ ਨਵਜੋਤ ਸਿੱਧੂ ਤੋਂ ਅਹਿਮ ਕੰਮ ਲੈਣ ਦੀ ਤਾਕ 'ਚ


ਚੰਡੀਗੜ੍ਹ (ਸ਼ੰਗਾਰਾ ਸਿੰਘ ਭੁੱਲਰ)
ਅੰਮ੍ਰਿਤਸਰ ਤੋਂ ਤਿੰਨ ਵਾਰ ਭਾਜਪਾ ਦੇ ਐਮ ਪੀ ਰਹਿਣ ਪਿੱਛੋਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕ੍ਰਿਕਟਰ ਅਤੇ ਪ੍ਰਸਿੱਧ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਨੂੰ ਮੱਖਣ ਵਿੱਚੋਂ ਵਾਲ ਕੱਢਣ ਵਾਂਗ ਬਾਹਰ ਹਾਸ਼ੀਏ 'ਤੇ ਖੜਾ ਕਰ ਦਿੱਤਾ ਗਿਆ, ਪਰ ਹੁਣ ਦੋ ਸਾਲ ਦੇ ਬਨਵਾਸ ਕੱਟਣ ਪਿੱਛੋਂ ਜਿਵੇਂ ਉਸ ਨੂੰ ਪਹਿਲਾਂ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਹੈ ਅਤੇ ਹੁਣ ਭਾਜਪਾ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਭਾਜਪਾ ਲੀਡਰਸ਼ਿਪ ਉਸ ਕੋਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੋਈ ਅਹਿਮ ਕੰਮ ਲੈਣਾ ਚਾਹੁੰਦੀ ਹੈ।
ਚੇਤੇ ਰਹੇ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰੋਂ ਨਵਜੋਤ ਸਿੱਧੂ ਨੂੰ ਟਿਕਟ ਨਾ ਦੇ ਕੇ ਅਰੁਣ ਜੇਤਲੀ ਨੂੰ ਟਿਕਟ ਥਮਾ ਦਿੱਤੀ ਗਈ ਸੀ, ਪਰ ਜੇਤਲੀ ਦੇ ਕੈਪਟਨ ਅਮਰਿੰਦਰ ਸਿੰਘ ਹੱਥੋਂ ਹਾਰ ਜਾਣ ਕਾਰਨ ਸਿੱਧੂ ਭਾਜਪਾ ਸਿਆਸਤ ਤੋਂ ਇੱਕ ਤਰ੍ਹਾਂ ਪਾਸੇ ਹੀ ਕਰ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋ ਵਰ੍ਹਿਆਂ ਵਿੱਚ ਜਿੱਥੇ ਕੁਝ ਇੱਕ ਸੌਦਿਆਂ 'ਤੇ ਹੀ ਉਸ ਨੇ ਸਿਆਸਤ ਕੀਤੀ ਅਤੇ ਉਹ ਵੀ ਬਾਦਲਾਂ ਵਿਰੁੱਧ ਚੰਗਾ ਗੁੱਭ-ਗੁਹਾਟ ਕੱਢ ਕੇ। ਉਂਜ ਉਸ ਦੀ ਬੀਵੀ ਨਵਜੋਤ ਕੌਰ ਸਿੱਧੂ ਵੀ ਬਾਦਲਾਂ ਨਾਲ ਚੰਗਾ ਲੋਹਾ ਲੈਂਦੀ ਰਹੀ ਹੈ, ਜਿਸ ਨੇ ਬਾਦਲਾਂ ਨੂੰ ਬਖਸ਼ਿਆ ਅਜੇ ਵੀ ਨਹੀਂ।
ਹੁਣ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਕਈ ਗਿਣਤੀਆਂ-ਮਿਣਤੀਆਂ ਵਿੱਚੋਂ ਦੀ ਲੰਘ ਰਹੀ ਹੈ, ਜਿਸ ਵਿੱਚੋਂ ਇੱਕ ਬਦਲ ਇਸ ਵੱਲੋਂ ਚੋਣਾਂ ਇਕੱਲੇ ਤੌਰ 'ਤੇ ਲੜਨਾ ਅਤੇ ਫਿਰ ਸ਼੍ਰੋਮਣੀ ਅਕਾਲੀ ਨਾਲ ਪਹਿਲਾਂ ਵਾਂਗ ਗੱਠਜੋੜ ਵਿੱਚ ਸ਼ਾਮਲ ਹੋ ਜਾਣਾ ਹੈ। ਚੇਤੇ ਰਹੇ ਕਿ ਪਿਛਲੀਆਂ ਕਈ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੇ ਰਲ ਕੇ ਲੜੀਆਂ ਹਨ, ਪਰ ਐਤਕੀਂ ਰਵਾਇਤੀ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੋਣ ਦੀ ਥਾਂ ਆਮ ਆਦਮੀ ਪਾਰਟੀ ਸਮੇਤ ਤਿੰਨ ਧਿਰੀ ਮੁਕਾਬਲਾ ਹੋਵੇਗਾ ਅਤੇ ਬਹੁਤ ਸਖ਼ਤ ਹੋਵੇਗਾ। ਕਿਉਂਕਿ ਇੱਕ ਤਾਂ ਇਹ ਪੰਜਾਬ ਹੀ ਹੈ, ਜਿਸ ਨੇ 2014 ਦੀਆਂ ਚੋਣਾਂ ਵਿੱਚ ਇਥੋਂ ਚਾਰ ਐਮ ਪੀ ਚੁਣ ਕੇ ਲੋਕ ਸਭਾ ਵਿੱਚ ਭੇਜੇ ਸਨ। ਦੂਜਾ ਪਾਰਟੀ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦੋਂ ਤੋਂ ਹੀ ਪੰਜਾਬ ਵਿਧਾਨ ਸਭਾ ਚੋਣਾਂ 'ਤੇ ਨਜ਼ਰ ਟਿਕਾ ਲਈ ਸੀ। ਨਵਜੋਤ ਸਿੱਧੂ ਦੀ ਭਲੇ ਹੀ ਹਾਲ ਦੀ ਘੜੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨਾਲ ਨਹੀਂ ਬਣਦੀ, ਪਰ ਭਾਜਪਾ ਲੀਡਰਸ਼ਿਪ ਸਮੇਤ ਸਭ ਨੂੰ ਇਸ ਗੱਲ ਦਾ ਭਲੀ-ਭਾਂਤ ਇਲਮ ਹੈ ਕਿ ਉਹ ਇੱਕ ਤਕੜਾ ਬੁਲਾਰਾ ਹੈ ਅਤੇ ਪਾਰਟੀ ਲਈ ਵਰਦਾਨ ਸਾਬਤ ਹੋ ਸਕਦਾ ਹੈ। ਸੰਭਾਵਨਾ ਹੈ ਕਿ ਭਾਜਪਾ ਉਸ ਨੂੰ ਇੱਕ ਵਿਸ਼ੇਸ਼ ਚਿਹਰੇ ਵਜੋਂ ਚੋਣ ਮੁਹਿੰਮ ਵਿੱਚ ਉਤਾਰੇਗੀ।
ਯਾਦ ਰਹੇ ਕਿ ਨਵਜੋਤ ਸਿੱਧੂ ਨੂੰ ਪਹਿਲਾਂ ਰਾਜ ਸਭਾ ਦਾ ਮੈਂਬਰ ਅਤੇ ਹੁਣ ਭਾਜਪਾ ਕੋਰ ਗਰੁੱਪ ਦਾ ਮੈਂਬਰ ਬਣਾਏ ਜਾਣ ਦਾ ਸਿਹਰਾ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੂੰ ਦਿੱਤਾ ਜਾ ਰਿਹਾ ਹੈ, ਜੋ ਇਸ ਵੇਲੇ ਨਰਿੰਦਰ ਮੋਦੀ ਸਰਕਾਰ ਵਿੱਚ ਮੰਤਰੀ ਵੀ ਹਨ।