ਸਮਾਰਟ ਸਿਟੀ ਯੋਜਨਾ ਇੱਕ ਅੰਦੋਲਨ : ਮੋਦੀ


ਪੁਣੇ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਰਟ ਸਿਟੀ ਯੋਜਨਾ ਨੂੰ ਇੱਕ ਅੰਦੋਲਨ ਕਰਾਰ ਦਿੰਦਿਆਂ ਪਹਿਲੇ ਪੜਾਅ 'ਚ ਦੇਸ਼ ਦੇ 20 ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕੀਤੇ ਜਾਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ। ਪੁਣੇ ਦੇ ਛਤਰਪਤੀ ਖੇਡ ਸਟੇਡੀਅਮ 'ਚ ਪ੍ਰਧਾਨ ਮੰਤਰੀ ਮੋਦੀ ਨੇ 14 ਪ੍ਰਾਜੈਕਟਾਂ ਦੀ ਵੀ ਰਸਮੀ ਸ਼ੁਰੂਆਤ ਕੀਤੀ। ਮੋਦੀ ਨੇ ਕਿਹਾ ਕਿ ਸਰਕਾਰ ਨੇ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਲਈ 7060 ਕਰੋੜ ਰੁਪਏ ਦਾ ਬੱਜਟ ਰੱਖਿਆ ਹੈ। ਉਨ੍ਹਾ ਕਿਹਾ ਕਿ ਸਮਾਰਟ ਸਿਟੀ ਦੀ ਯੋਜਨਾ ਪਿਛਲੇ ਤਜਰਬਿਆਂ ਦੇ ਆਧਾਰ 'ਤੇ ਉਜਵਲ ਭਵਿੱਖ ਦੀ ਇੱਕ ਮਜ਼ਬੂਤ ਨੀਂਹ ਰੱਖਣ ਦੀ ਯੋਜਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਰਟ ਸਿਟੀ ਕੋਈ ਇਮਾਰਤਾਂ ਦੀ ਖੇਡ ਨਹੀਂ ਹੈ, ਸਗੋਂ ਇਹ ਬਦਲ ਰਹੇ ਜੀਵਨ ਢੰਗ ਮੁਤਾਬਿਕ ਸ਼ਹਿਰਾਂ ਨੂੰ ਵਿਕਸਿਤ ਕਰਨ ਦੀ ਯੋਜਨਾ ਹੈ।
ਉਨ੍ਹਾ ਕਿਹਾ ਕਿ ਸਮਾਰਟ ਸ਼ਹਿਰਾਂ ਵਿਚ ਵਿਸ਼ਵ ਪੱਧਰ ਦਾ ਟਰਾਂਸਪੋਰਟ ਸਿਸਮਟ ਹੋਵੇਗਾ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਸਿਰਫ 45 ਮਿੰਟ ਦਾ ਸਮਾਂ ਲੱਗੇਗਾ। ਉਨ੍ਹਾ ਕਿਹਾ ਕਿ ਸਮਾਰਟ ਸ਼ਹਿਰਾਂ 'ਚ 24 ਘੰਟੇ ਬਿਜਲੀ ਪਾਣੀ ਦੀ ਸਪਲਾਈ ਹੋਵੇਗੀ। ਇਨ੍ਹਾਂ ਸ਼ਹਿਰਾਂ 'ਚ ਸਮਾਰਟ ਸਿੱਖਿਆ, ਬੇਹਤਰ ਸੁਰੱਖਿਆ ਪ੍ਰਬੰਧ, ਮਨੋਰੰਜਨ ਦੇ ਸਾਧਨ, ਸਾਫ-ਸਫਾਈ ਵੱਲ ਉਚੇਚਾ ਧਿਆਨ ਦੇਵੇਗਾ। ਮੋਦੀ ਨੇ ਕਿਹਾ ਕਿ ਸਮਾਰਟ ਸਿਟੀ ਅਗੇ ਵੱਧਣ ਲਈ ਇੱਕ ਰਸਤੇ ਦੀ ਤਲਾਸ਼ ਹੈ। ਉਨ੍ਹਾ ਕਿਹਾ ਕਿ ਸਮਾਰਟ ਸ਼ਹਿਰਾਂ ਵਿਚ ਵਧੀਆ ਹਸਪਤਾਲ ਅਤੇ ਕਾਰ ਪਾਰਕਿੰਗ ਲਈ ਵਿਸ਼ੇਸ਼ ਥਾਂ ਹੋਵੇਗੀ। ਉਨ੍ਹਾ ਕਿਹਾ ਕਿ ਸਮਾਰਟ ਸ਼ਹਿਰ ਤੇ ਸਰਕਾਰ ਕੁਝ ਖਰਚ ਨਹੀਂ ਕਰ ਰਹੀ, ਸਗੋਂ ਇਹ ਲੋਕਾਂ ਦੀ ਭਾਈਵਾਲੀ ਅਤੇ ਸਹਿਯੋਗ ਵਾਲੀ ਯੋਜਨਾ ਹੈ। ਉਨ੍ਹਾ ਕਿਹਾ ਕਿ ਪਹਿਲਾਂ ਯੋਜਨਾਵਾਂ ਦੇ ਪੈਸੇ ਕਈ ਲੋਕਾਂ ਦੇ ਢਿੱਡ ਅਤੇ ਜੇਬਾਂ ਵਿੱਚ ਚਲੇ ਜਾਂਦੇ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਫਰਟੀਲਾਈਜ਼ਰ ਖਾਦਾਂ ਨਾਲ ਜ਼ਮੀਨ ਬਰਬਾਦ ਹੋ ਰਹੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ। ਉਨ੍ਹਾ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਘਟਾਉਣ ਲਈ ਕੰਪੋਜ਼ ਖਾਦਾਂ 'ਤੇ ਵੀ ਸਬਸਿਡੀ ਦੇਣ ਦਾ ਐਲਾਨ ਕੀਤਾ।
ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੇ ਸਵੱਛ ਭਾਰਤ ਯੋਜਨਾ ਨੂੰ ਸਭ ਤੋਂ ਵੱਧ ਪਸੰਦ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲ ਈ ਡੀ ਦੀ ਵਰਤੋਂ ਸਦਕਾ ਇੱਕ ਲੱਖ ਕਰੋੜ ਰੁਪਏ ਬਚਾਅ ਸਕੇ ਹਨ। ਉਨ੍ਹਾਂ ਕਿਹਾ ਕਿ ਗਰੀਬੀ ਨੂੰ ਖਤਮ ਵਿੱਚ ਸ਼ਹਿਰਾਂ ਦਾ ਬਹੁਤ ਵੱਡਾ ਰੋਲ ਹੈ। ਉਨ੍ਹਾ ਕਿਹਾ ਕਿ ਗਰੀਬੀ ਵਾਲੇ ਖੇਤਰਾਂ ਵਿਚ ਲੋਕ ਸ਼ਹਿਰਾਂ ਵੱਲ ਭੱਜ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਹਿਰੀਕਰਨ ਨੂੰ ਸਮੱਸਿਆ ਵਜੋਂ ਨਹੀਂ, ਸਗੋਂ ਇੱਕ ਮੌਕੇ ਵਜੋਂ ਲਿਆ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਦੇਸ਼ ਦੇ ਨਾਗਰਿਕ ਸਭ ਤੋਂ ਸਮਾਰਟ ਹਨ ਅਤੇ ਉਨ੍ਹਾਂ ਦੀ ਮੁਹਾਰਤ ਨਾਲ ਹੀ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾ ਕਿਹਾ ਕਿ ਦੇਸ਼ 'ਚ ਪਹਿਲੀ ਵਾਰੀ ਵਿਕਾਸ ਕਾਰਜਾਂ ਲਈ ਸਾਜ਼ਗਾਰ ਮਾਹੌਲ ਬਣਿਆ ਹੈ। ਉਨ੍ਹਾ ਨੇ ਇਸ ਮੌਕੇ ਇੱਕ ਸਮਾਰਟ ਨੈੱਟ ਪੋਰਟਲ ਦਾ ਵੀ ਉਦਘਾਟਨ ਕੀਤਾ।
ਇਸ ਤੋਂ ਪਹਿਲਾਂ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਗਰੀਬਾਂ ਲਈ ਮਕਾਨ, ਸਮਾਰਟ ਸਿਟੀ ਪ੍ਰਾਜੈਕਟ ਦਾ ਇਕ ਅਹਿਮ ਪਹਿਲੂ ਹੈ। ਉਨ੍ਹਾ ਦਾਅਵਾ ਕੀਤਾ ਕਿ ਸਮਾਰਟ ਸਿਟੀ ਨਾਲ 70 ਫੀਸਦੀ ਸ਼ਹਿਰੀ ਅਬਾਦੀ ਨੂੰ ਲਾਭ ਮਿਲੇਗਾ।