60 ਅੱਤਵਾਦੀ ਕਸ਼ਮੀਰ 'ਚ ਦਾਖਲ

ਸ੍ਰੀਨਗਰ (ਨ ਜ਼ ਸ)
ਜੰਮੂ-ਕਸ਼ਮੀਰ 'ਚ ਸੁਰੱਖਿਆ ਦਸਤਿਆਂ 'ਤੇ ਅੱਤਵਾਦੀਆਂ ਦੇ ਹਮਲਿਆਂ 'ਚ ਵਾਧਾ ਹੋਇਆ ਹੈ। ਖੁਫੀਆ ਜਾਣਕਾਰੀ ਅਨੁਸਾਰ ਤਕਰੀਬਨ 60 ਅੱਤਵਾਦੀ ਸਰਹੱਦ ਪਾਰ ਕਰਕੇ ਸੂਬੇ 'ਚ ਦਾਖਲ ਹੋ ਗਏ ਹਨ ਅਤੇ ਉਹਨਾਂ ਨੂੰ ਸਾਫ ਸ਼ਬਦਾਂ 'ਚ ਫੌਜ, ਬੀ ਐੱਸ ਐੱਫ, ਸੀ ਆਰ ਪੀ ਐੱਫ, ਐੱਸ ਐੱਸ ਬੀ ਅਤੇ ਪੁਲਸ 'ਤੇ ਹਮਲਿਆਂ ਦਾ ਹੁਕਮ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਸੁਰੱਖਿਆ ਦਸਤਿਆਂ ਨੇ ਪੰਪੋਰ 'ਚ ਸੀ ਆਰ ਪੀ ਜਵਾਨਾਂ 'ਤੇ ਹਮਲੇ ਲਈ ਜ਼ਿੰਮੇਵਾਰੀ ਲਸ਼ਕਰੇ ਤਾਇਬਾ ਦੇ ਖੇਤਰੀ ਕਮਾਂਡਰ ਆਗੂ ਦੁਜਨਾ ਦੀ ਤਲਾਸ਼ੀ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਪੋਰ 'ਚ ਕੀਤੇ ਗਏ ਅੱਤਵਾਦੀ ਹਮਲੇ 'ਚ ਸੀ ਆਰ ਪੀ ਦੇ 8 ਜਵਾਨ ਸ਼ਹੀਦ ਹੋ ਗਏ ਸਨ ਅਤੇ ਜੁਆਬੀ ਕਾਰਵਾਈ 'ਚ ਦੋ ਅੱਤਵਾਦੀ ਵੀ ਮਾਰੇ ਗਏ ਸਨ। ਇਸ ਹਮਲੇ ਮਗਰੋਂ ਖੁਲਾਸਾ ਹੋਇਆ ਹੈ ਕਿ 300 ਕਿਲੋਮੀਟਰ ਲੰਮੇ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ 'ਤੇ ਵਿਜੈ ਬਹੇੜਾ ਤੋਂ ਪੰਪੋਰ ਵਿਚਲਾ 35 ਕਿਲੋਮੀਟਰ ਦਾ ਹਿੱਸਾ ਸੁਰੱਖਿਆ ਦਸਤਿਆਂ ਲਈ ਸਿਰਦਰਦ ਬਣ ਗਿਆ ਹੈ। ਪਿਛਲੇ 9 ਮਹੀਨਿਆਂ 'ਚ ਅੱਤਵਾਦੀਆਂ ਨੇ 6 ਵਾਰ ਹਾਈਵੇ ਦੇ ਇਸ ਹਿੱਸੇ 'ਚ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਇੱਕ ਦਰਜਨ ਤੋਂ ਵੱਧ ਜਵਾਨਾਂ ਦੀਆਂ ਜਾਨਾਂ ਗਈਆਂ।ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦਸੰਬਰ 2015 ਤੋਂ ਹਾਈਵੇ ਦੇ ਇਸ ਹਿੱਸੇ 'ਚ ਕਈ ਹਮਲੇ ਹੋਣ ਮਗਰੋਂ ਸ੍ਰੀਨਗਰ ਨਾਲ ਲੱਗਦੇ ਹਿੱਸੇ 'ਚ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ, ਪਰ ਪੰਪੋਰ ਹਮਲਾ ਖਬਰਦਾਰ ਕਰਨ ਵਾਲਾ ਹੈ ਅਤੇ ਹਮਲੇ ਮਗਰੋਂ ਸੀਨੀਅਰ ਸੁਰੱਖਿਆ ਅਧਿਕਾਰੀ ਇਸ ਦੀ ਸਮੀਖਿਆ ਕਰਨ ਲਈ ਮਜਬੂਰ ਹੋ ਗਏ ਹਨ।
ਹਮਲੇ ਮਗਰੋਂ ਵਿਜੇ ਬਹੇੜਾ ਤੋਂ ਪੰਪੋਰ ਵਿਚਕਾਰ 29 ਸੁਰੱਖਿਆ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਫੌਜ ਤੇ ਸੀ ਆਰ ਪੀ ਦੀ ਰੋਡ ਉਪਨਿੰਗ ਪਾਰਟੀ ਹਾਈਵੇ 'ਤੇ ਨਿਗਰਾਨੀ ਕਰ ਰਹੀ ਹੈ।