ਇੱਕ-ਦੋ ਦਿਨਾਂ ਵਿੱਚ ਹੋ ਸਕਦੈ ਮੋਦੀ ਕੈਬਨਿਟ 'ਚ ਵੱਡਾ ਫੇਰਬਦਲ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ 'ਚ ਅਗਲੇ ਇੱਕ-ਦੋ ਦਿਨਾਂ ਵਿੱਚ ਫੇਰਬਦਲ ਹੋ ਸਕਦਾ ਹੈ। ਮੋਦੀ ਦੇ ਨਵੇਂ ਬਦੇਸ਼ ਦੌਰੇ ਤੋਂ ਪਹਿਲਾਂ ਸਰਕਾਰ ਇਸ ਕੰਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।
ਮੋਦੀ 6 ਜੁਲਾਈ ਨੂੰ ਬਦੇਸ਼ ਦੌਰੇ 'ਤੇ ਰਵਾਨਾ ਹੋਣ ਵਾਲੇ ਹਨ। ਲੰਮੇ ਸਮੇਂ ਤੋਂ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੈਬਨਿਟ 'ਚ ਫੇਰਬਦਲ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ। ਯੂ ਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਫੇਰਬਦਲ ਦੀ ਗੱਲ ਹੋ ਰਹੀ ਸੀ। ਇਹ ਤਬਦੀਲੀ ਦੋ ਸਾਲ ਦੀ ਰਿਪੋਰਟ ਦੇ ਆਧਾਰ 'ਤੇ ਕੀਤੀ ਜਾ ਰਹੀ ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਿਕ ਇਸ ਫੇਰਬਦਲ ਦੌਰਾਨ ਚਾਰ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲ ਸਕਦੀ ਹੈ। ਇਨ੍ਹਾਂ 'ਚੋਂ ਘੱਟੋ-ਘੱਟ ਇਕ ਮੰਤਰੀ ਦਾ ਉੱਤਰ ਪ੍ਰਦੇਸ਼ ਤੋਂ ਹੋਣਾ ਤੈਅ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕੈਬਨਿਟ ਫੇਰਬਦਲ ਦੇ ਮੱਦੇਨਜ਼ਰ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ 19 ਤੋਂ 23 ਜੂਨ ਤੱਕ ਉਨ੍ਹਾਂ ਦੀ ਉਪਲੱਬਧਤਾ ਬਾਰੇ ਪੁੱਛਿਆ ਸੀ। ਬਾਅਦ ਵਿੱਚ ਇਸ ਨੂੰ ਅੱਗੇ ਵਧਾ ਦਿੱਤਾ ਗਿਆ।
ਚਰਚਾ ਹੈ ਕਿ ਬਿਹਾਰ ਦੀਆਂ ਅਸੰਬਲੀ ਚੋਣਾਂ'ਚ ਅਸਫਲ ਸਿੱਧ ਹੋਏ ਕਦਾਵਾਰ ਆਗੂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੀ ਕੁਰਸੀ ਖੁੱਸ ਸਕਦੀ ਹੈ। ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਬਣਨ ਦੀ ਤਿਆਰੀਆਂ 'ਚ ਜੁੱਟੀ ਘੱਟ ਗਿਣੀਤ ਮਾਮਲਿਆਂ ਦੀ ਮੰਤਰੀ ਨਜਮਾ ਹੈਪਤੁਲਾ ਤੋਂ ਵੀ ਮੰਤਰੀ ਦਾ ਅਹੁਦਾ ਜਾ ਸਕਦਾ ਹੈ। ਨਿਹਾਲ ਚੰਦ ਵੀ ਇਸੇ ਕਰਤਾਰ ਵਿੱਚ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਿਕ ਨਵੀਂ ਕੈਬਨਿਟ 'ਚ ਇਲਾਹਾਬਾਦ ਤੋਂ ਸੰਸਦ ਮੈਂਬਰ ਸ਼ਿਆਮ ਚਰਨ ਗੁਪਤਾ ਨੂੰ ਜਗ੍ਹਾ ਮਿਲ ਸਕਦੀ ਹੈ, ਜਦ ਕਿ ਜਬਲਪੁਰ ਤੋਂ ਰਾਕੇਸ਼ ਸਿੰਘ, ਬੀਕਾਨੇਰ ਤੋਂ ਅਰਜਨ ਰਾਮ ਮੇਘਵਾਲ, ਭਾਜਪਾ ਜਨਰਲ ਸਕੱਤਰ ਓਮ ਮਾਥੁਰ ਅਤੇ ਵਿਨੈ ਸਹਿਸਤਰਬੁੱਧੇ ਨੂੰ ਵੀ ਮੋਦੀ ਦੀ ਕੋਰ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ। ਮੀਡੀਆ ਵਿੱਚ ਇਹ ਵੀ ਚਰਚਾ ਹੈ ਕਿ ਨਵੀਂ ਕੈਬਨਿਟ ਵਿੱਚ ਅਸਾਮ ਨੂੰ ਵੀ ਇੱਕ ਸੀਟ ਦਿੱਤੀ ਜਾਵੇਗੀ, ਜਦਕਿ ਮੁਖਤਾਰ ਅੱਬਾਸ ਨਕਵੀ ਨੂੰ ਤਰੱਕੀ ਵੀ ਤੈਅ ਹੈ। ਕੈਬਨਿਟ 'ਚ ਫੇਰਬਦਲ ਦਾ ਇਹ ਫੈਸਲਾ ਪ੍ਰਧਾਨ ਮੰਤਰੀ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਆਰ ਐੱਸ ਐੱਸ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਘ ਦੇ ਮੁਖੀ ਤੋਂ ਨਵੇਂ ਮੰਤਰੀਆਂ ਦੇ ਨਾਵਾਂ 'ਤੇ ਸਹਿਮਤੀ ਲੈ ਲਈ ਗਈ ਹੈ।