ਢਾਕਾ ਦਾ ਬੰਧਕ ਸੰਕਟ ਖ਼ਤਮ ਭਾਰਤੀ ਵਿਦਿਆਰਥਣ ਸਮੇਤ 20 ਹਲਾਕ

ਢਾਕਾ (ਨਵਾਂ ਜ਼ਮਾਨਾ ਸਰਵਿਸ)
ਢਾਕਾ ਦੇ ਗੁਲਸ਼ਨ ਇਲਾਕੇ 'ਚ ਇੱਕ ਰੈਸਟੋਰੈਂਟ 'ਤੇ ਹਥਿਆਰਬੰਦ ਅੱਤਵਾਦੀ ਹਮਲੇ ਮਗਰੋਂ ਕਮਾਂਡੋ ਉਪਰੇਸ਼ਨ ਖ਼ਤਮ ਹੋ ਗਿਆ ਹੈ। ਇਸ ਕਾਰਵਾਈ 'ਚ 6 ਅੱਤਵਾਦੀ ਮਾਰੇ ਗਏ, ਜਦਕਿ ਇਕ ਅੱਤਵਾਦੀ ਨੂੰ ਫੜ ਲਿਆ ਗਿਆ। ਪੁਲਸ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਇਸ ਪੂਰੇ ਉਪਰੇਸ਼ਨ 'ਚ 20 ਲੋਕਾਂ ਦੀ ਜਾਨ ਗਈ, ਜਿਨ੍ਹਾਂ 'ਚ ਇੱਕ ਭਾਰਤੀ ਵਿਦਿਆਰਥਣ ਤਾਰਿਸ਼ੀ ਜੈਨ ਵੀ ਸ਼ਾਮਲ ਹੈ। ਪੁਲਸ ਅਨੁਸਾਰ ਰੈਸਟੋਰੈਂਟ 'ਚੋਂ 15 ਬੰਧਕਾਂ ਨੂੰ ਛੁਡਵਾ ਲਿਆ ਗਿਆ ਹੈ, ਜਿਨ੍ਹਾਂ 'ਚ ਇੱਕ ਭਾਰਤੀ ਵੀ ਸ਼ਾਮਲ ਹੈ।
ਇਸ ਹਮਲੇ 'ਚ ਤਾਰਿਸ਼ੀ ਜੈਨ ਦੇ ਮਾਰੇ ਜਾਣ ਦੀ ਪੁਸ਼ਟੀ ਭਾਰਤੀ ਦੂਤਾਵਾਸ ਨੇ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਤਾਰਿਸ਼ੀ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ, ''ਮੈਨੂੰ ਇਹ ਦੱਸਦਿਆਂ ਬੇਹੱਦ ਦੁੱਖ ਹੋ ਰਿਹਾ ਹੈ ਕਿ ਅੱਤਵਾਦੀਆਂ ਵੱਲੋਂ ਬੰਧਕ ਬਣਾਈ ਗਈ ਭਾਰਤੀ ਲੜਕੀ ਤਾਰਿਸ਼ੀ ਦੀ ਮੌਤ ਹੋ ਗਈ ਹੈ।'' ਸੁਸ਼ਮਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਤਾਰਿਸ਼ੀ ਦੇ ਪਰਵਾਰ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਸ਼ਮਾ ਨੇ ਇਹ ਵੀ ਦੱਸਿਆ ਕਿ 19 ਸਾਲ ਦੀ ਤਾਰਿਸ਼ੀ ਕੈਲੇਫੋਰਨੀਆ ਯੂਨੀਵਰਸਿਟੀ ਦੀ ਵਿਦਿਆਰਥਣ ਸੀ। ਵਿਦੇਸ਼ ਮੰਤਰਾਲੇ ਮੁਤਾਬਕ ਤਾਰਿਸ਼ੀ ਦੇ ਪਿਤਾ ਪਿਛਲੇ 15-20 ਸਾਲ ਤੋਂ ਬੰਗਲਾਦੇਸ਼ 'ਚ ਕੱਪੜੇ ਦਾ ਕਾਰੋਬਾਰ ਕਰ ਰਹੇ ਹਨ ਅਤੇ ਤਾਰਿਸ਼ੀ ਛੁੱਟੀਆਂ ਮਨਾਉਣ ਬੰਗਲਾਦੇਸ਼ ਆਈ ਸੀ। ਜਿਸ ਸਮੇਂ ਹਮਲਾ ਹੋਇਆ ਤਾਰਿਸ਼ੀ ਰੈਸਟੋਰੈਂਟ 'ਚ ਖਾਣਾ ਖਾਣ ਗਈ ਸੀ ਤੇ ਹੁਣ ਫਿਰੋਜਾਬਾਦ 'ਚ ਪਰਵਾਰ ਆਪਣੀ ਬੇਟੀ ਦੀ ਮ੍ਰਿਤਕ ਦੇਹ ਨੂੰ ਉਡੀਕ ਰਿਹਾ ਹੈ।
ਉਪਰੇਸ਼ਨ ਦੇ ਖਾਤਮੇ ਦਾ ਐਲਾਨ ਕਰਦਿਆਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। ਮਗਰੋਂ ਅੱਤਵਾਦੀ ਜਥੇਬੰਦੀ ਆਈ ਐੱਸ ਆਈ ਐੱਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸ਼ੇਖ ਹਸੀਨਾ ਨੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਇਸ ਹਮਲੇ 'ਚ ਸ਼ਾਮਲ ਅੱਤਵਾਦੀ ਵੀ ਧਰਮ ਦੇ ਦੁਸ਼ਮਣ ਸਨ, ਕਿਉਂਕਿ ਰਮਜ਼ਾਨ 'ਚ ਕੋਈ ਮੁਸਲਮਾਨ ਕਤਲ ਵਰਗਾ ਘਿਨੌਣਾ ਕੰਮ ਨਹੀਂ ਕਰ ਸਕਦਾ। ਉਨ੍ਹਾ ਕਿਹਾ ਕਿ ਅੱਤਵਾਦੀ ਹਮਲੇ 'ਚ 7 ਅੱਤਵਾਦੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ 6 ਨੂੰ ਮਾਰ ਦਿੱਤਾ ਗਿਆ ਅਤੇ ਇੱਕ ਨੂੰ ਫੜ ਲਿਆ ਗਿਆ। ਉਨ੍ਹਾ ਕਿਹਾ ਕਿ ਹਮਲੇ 'ਚ ਦੋ ਪੁਲਸ ਮੁਲਾਜ਼ਮ ਮਾਰੇ ਗਏ ਅਤੇ 30 ਹੋਰ ਫੱਟੜ ਹੋ ਗਏ। ਇਸੇ ਦੌਰਾਨ ਪਤਾ ਚੱਲਿਆ ਹੈ ਕਿ ਅੱਤਵਾਦੀ ਨਾਅਰੇਬਾਜ਼ੀ ਕਰਦਿਆਂ ਰੈਸਟੋਰੈਂਟ 'ਚ ਦਾਖ਼ਲ ਹੋਏ, ਜਿੱਥੇ ਹਥਿਆਰਬੰਦ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ ਵਿਚਕਾਰ ਭਾਰੀ ਫਾਇਰਿੰਗ ਹੋਈ। ਫਾਇਰਿੰਗ 'ਚ ਦੋ ਪੁਲਸ ਮੁਲਾਜ਼ਮ ਮਾਰੇ ਗਏ।
ਭਾਰਤੀ ਵਿਦੇਸ਼ ਮੰਤਰਾਲੇ ਦੇ ਇੱਕ ਤਰਜਮਾਨ ਨੇ ਕਿਹਾ ਕਿ ਢਾਕਾ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਰੇ ਮੁਲਾਜ਼ਮ ਸੁਰੱਖਿਅਤ ਹਨ ਅਤੇ ਭਾਰਤੀ ਦੂਤਘਰ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਤਰਜਮਾਨ ਨੇ ਕਿਹਾ ਕਿ ਮੰਤਰਾਲੇ ਦੀ ਇਸ ਪੂਰੇ ਮਾਮਲੇ 'ਤੇ ਲਗਾਤਾਰ ਨਜ਼ਰ ਹੈ।