ਡੱਡੀ ਤਾਂ ਮੋਹਰਾ, ਨੌਕਰੀ ਘਪਲੇ ਦਾ ਅਸਲ ਸੂਤਰਧਾਰ ਤਾਂ ਬਾਦਲ ਪਰਵਾਰ : ਜਗਮੀਤ ਬਰਾੜ

ਬਠਿੰਡਾ (ਬਖਤੌਰ ਢਿੱਲੋਂ)
ਬਾਦਲ ਪਰਵਾਰ ਨਾ ਸਿਰਫ ਬਦਨਾਮ ਨੌਕਰੀ ਘੋਟਾਲੇ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ, ਬਲਕਿ ਆਪਣੀ ਹਕੂਮਤ ਨੂੰ ਬਰਕਰਾਰ ਰੱਖਣ ਵਾਸਤੇ ਉਹ ਪੰਜਾਬ ਦੇ ਫਿਰਕੂ ਵਾਤਾਵਰਣ ਵਿੱਚ ਵੀ ਜ਼ਹਿਰ ਘੋਲਣ ਤੋਂ ਬਾਜ਼ ਨਹੀਂ ਆ ਰਿਹਾ।ਇਹ ਦੋਸ਼ ਲਾਉਂਦਿਆਂ ਚਰਚਿਤ ਆਗੂ ਜਗਮੀਤ ਸਿੰਘ ਬਰਾੜ ਨੇ ਚੇਤਾਵਨੀ ਦਿੱਤੀ ਕਿ ਦਿਆਲ ਸਿੰਘ ਕੋਲਿਆਂਵਾਲੀ ਨੂੰ ਗ੍ਰਿਫਤਾਰ ਨਾ ਕਰਨ ਦੀ ਸੂਰਤ ਵਿੱਚ ਉਹ ਤਰਥਲੀ ਮਚਾਉਣ ਵਾਲੀ ਸੰਪੂਰਨ ਕ੍ਰਾਂਤੀ ਦਾ ਸ਼ੰਖਨਾਦ ਕਰਨਗੇ, ਜਿਸ ਦੀ ਰੂਪਰੇਖਾ ਦਾ ਐਲਾਨ 15 ਅਗਸਤ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਵਿਖੇ ਕੀਤਾ ਜਾਵੇਗਾ।
ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਬਰਾੜ ਨੇ ਕਿਹਾ ਕਿ ਅਕਾਲੀ ਕੌਂਸਲਰ ਸ਼ਾਮ ਲਾਲ ਡੱਡੀ ਤਾਂ ਸਿਰਫ ਮੋਹਰਾ ਹੈ, ਨੌਕਰੀ ਘਪਲੇ ਦਾ ਅਸਲ ਸੂਤਰਧਾਰ ਤਾਂ ਖੁਦ ਬਾਦਲ ਪਰਵਾਰ ਹੈ।ਦਿਆਲ ਸਿੰਘ ਕੋਲਿਆਂਵਾਲੀ ਨੂੰ ਇਸ ਗੋਰਖਧੰਦੇ ਦਾ ਇੰਚਾਰਜ ਕਰਾਰ ਦਿੰਦਿਆਂ ਉਨ੍ਹਾ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਜੇਕਰ ਉਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ 15 ਅਗਸਤ ਨੂੰ ਪਿੰਡ ਸਰਾਭਾ ਤੋਂ ਇੱਕ ਅਜਿਹੀ ਸੰਪੂਰਨ ਕ੍ਰਾਂਤੀ ਦੀ ਸ਼ੁਰੂਆਤ ਕਰਨਗੇ, ਜੋ ਪੰਜਾਬ ਦੀ ਜਵਾਨੀ ਲਈ 'ਕਰੋ ਜਾਂ ਮਰੋ' ਸਾਬਿਤ ਹੋ ਕੇ ਸਮੁੱਚੇ ਰਾਜ ਵਿੱਚ ਤਰਥੱਲੀ ਮਚਾ ਕੇ ਰੱਖ ਦੇਵੇਗੀ।
ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਸ੍ਰੀ ਬਰਾੜ ਵੱਲੋਂ ਬਣਾਏ ਪੰਜਾਬ ਲੋਕ ਹਿੱਤ ਅਭਿਆਨ ਵੱਲੋਂ ਸਰਾਭਾ ਵਿਖੇ ਇੱਕ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪੰਜਾਬ ਖਾਸ ਕਰ ਮਾਲਵਾ ਖੇਤਰ ਦੀ ਅਤਿ ਚਿੰਤਾਜਨਕ ਹਾਲਤ ਦਾ ਜ਼ਿਕਰ ਕਰਦਿਆਂ ਸ੍ਰੀ ਬਰਾੜ ਨੇ ਕਿਹਾ ਕਿ ਠੀਕ ਉਸ ਵੇਲੇ ਜਦ ਹਕੂਮਤ ਝੂਠੇ ਵਿਕਾਸ ਦੇ ਦਿਖਾਵਿਆਂ ਦੀ ਇਸ਼ਤਿਹਾਰਬਾਜ਼ੀ ਉੱਪਰ ਲੋਕਾਂ ਦੇ ਖੂਨ-ਪਸੀਨੇ ਨਾਲ ਜਮ੍ਹਾਂ ਕੀਤੇ ਟੈਕਸਾਂ 'ਚੋਂ ਕਰੋੜਾਂ ਰੁਪਏ ਖਰਚ ਰਹੀ ਹੈ, ਕੈਂਸਰ, ਕਾਲਾ ਪੀਲੀਆ, ਨਸ਼ੀਲੇ ਪਦਾਰਥਾਂ, ਨੌਕਰੀਆਂ ਦੀਆਂ ਨੀਲਾਮੀਆਂ ਨੇ ਇਸ ਇਲਾਕੇ ਵਿੱਚ ਕਹਿਰ ਮਚਾ ਰੱਖਿਆ ਹੈ। ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਕਿਸਾਨ ਸਵਾ ਮਹੀਨੇ ਤੋਂ ਬਠਿੰਡਾ ਵਿਖੇ ਪੱਕਾ ਮੋਰਚਾ ਲਾਈ ਬੈਠੇ ਹਨ, ਜਦਕਿ ਸਿੱਖਿਅਤ ਬੇਰੁਜ਼ਗਾਰ ਦਿਹਾੜੀਦਾਰ ਕੱਚੇ-ਪੱਕੇ ਸਰਕਾਰੀ ਤੇ ਅਰਧ-ਸਰਕਾਰੀ ਕਰਮਚਾਰੀ ਸੜਕਾਂ 'ਤੇ ਰੁਲ ਰਹੇ ਹਨ। ਉਨ੍ਹਾ ਸਵਾਲ ਕੀਤਾ ਕਿ ਜੇਕਰ ਇਸੇ ਨੂੰ ਵਿਕਾਸ ਮੰਨਿਆ ਜਾਵੇ ਤਾਂ ਦਾਨਸ਼ਮੰਦਾਂ ਨੂੰ ਵਿਨਾਸ਼ ਦੀ ਪਰਿਭਾਸ਼ਾ ਬਦਲਣ ਲਈ ਮਜਬੂਰ ਹੋਣਾ ਪਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਮਾਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਨਾਲ ਕੀਤੀ ਛੇੜਛਾੜ ਨੂੰ ਉਸ ਵੱਡੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੰਦਿਆਂ ਸ੍ਰੀ ਬਰਾੜ ਨੇ ਦੋਸ਼ ਲਾਇਆ ਕਿ ਪੰਜਾਬ ਦੇ ਫਿਰਕੂ ਮਾਹੌਲ ਵਿੱਚ ਜ਼ਹਿਰ ਘੋਲ ਕੇ ਲੋਕਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਆਰ ਐੱਸ ਐੱਸ ਨਾਲ ਸੰਬੰਧਤ ਤਿੰਨ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਅਤੇ ਦਿੱਲੀ ਤੋਂ ਆਪ ਦੇ ਵਿਧਾਇਕ ਨਰੇਸ਼ ਯਾਦਵ 'ਤੇ ਦਰਜ ਹੋਏ ਮੁਕੱਦਮੇ ਦੇ ਸੰਦਰਭ ਵਿੱਚ ਅਜਿਹੇ ਘਿਨੌਣੇ ਅਪਰਾਧ ਦੀ ਉੱਚ ਪੱਧਰੀ ਤੇ ਨਿਰਪੱਖ ਪੜਤਾਲ 'ਤੇ ਜ਼ੋਰ ਦਿੰਦਿਆਂ ਉਨ੍ਹਾ ਕਿਹਾ ਕਿ ਗੁਨਾਹਗਾਰਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।
ਪ੍ਰਸਥਿਤੀਆਂ ਅਤੇ ਆਪਣੇ ਨਿੱਜੀ ਅਨੁਭਵ ਦਾ ਹਵਾਲਾ ਦਿੰਦਿਆਂ ਸ੍ਰੀ ਬਰਾੜ ਨੇ ਬਾਦਲ ਪਰਵਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਪਣੀ ਹਕੂਮਤ ਨੂੰ ਬਰਕਰਾਰ ਰੱਖਣ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।ਸ੍ਰੀ ਬਰਾੜ ਨੇ ਦੱਸਿਆ ਕਿ 64 ਵਿਧਾਨ ਸਭਾ ਹਲਕਿਆਂ 'ਤੇ ਆਧਾਰਤ ਮਾਲਵਾ ਦੇ 9 ਜ਼ਿਲ੍ਹਿਆਂ ਦੇ ਸਰਗਰਮ ਕਾਰਕੁਨਾਂ ਦੀ 9 ਜੁਲਾਈ ਨੂੰ ਸਥਾਨਕ ਗਰੀਨ ਪੈਲਿਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋ ਰਹੀ ਹੈ, ਜੋ ਸਰਾਭਾ ਕਾਨਫਰੰਸ ਦੀ ਰੂਪਰੇਖਾ ਤਿਆਰ ਕਰੇਗੀ।
ਇਸ ਮੌਕੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਰਣਬੀਰ ਸਿੰਘ ਸਿੱਧੂ, ਸਤਵੰਤ ਸਿੰਘ ਔਲਖ ਅਤੇ ਹੈਪੀ ਖੇੜਾ ਵੀ ਮੌਜੂਦ ਸਨ।