ਸਾਂਪਲਾ ਦੀ ਛਾਂਟੀ ਸੰਭਵ


ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਮੋਦੀ ਵਜ਼ਾਰਤ 'ਚ ਮੰਗਲਵਾਰ ਨੂੰ ਹੋ ਰਹੇ ਫੇਰ-ਬਦਲ ਤੋਂ ਪਹਿਲਾਂ ਅੱਜ ਇਹ ਚਰਚਾ ਜ਼ੋਰਾ 'ਤੇ ਰਹੀ ਕਿ ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਦੀ ਕੈਬਨਿਟ 'ਚੋਂ ਛਾਂਟੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਂਪਲਾ ਹੁਸ਼ਿਆਰਪੁਰ ਹਲਕੇ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ।
ਪਤਾ ਚੱਲਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ 'ਚ ਸਿਰ 'ਤੇ ਆ ਗਈਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਂਪਲਾ ਦੀ ਛਾਂਟੀ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਉਹ ਪੂਰਾ ਧਿਆਨ ਪੰਜਾਬ 'ਤੇ ਲਾ ਸਕਣ ਅਤੇ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਪੰਜਾਬ 'ਚ ਚੋਣਾਂ ਦੀ ਤਿਆਰੀ ਵੱਲ ਧਿਆਨ ਦੇ ਸਕਣ।
ਇਹਨਾਂ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਉਨ੍ਹਾ ਨੇ ਸਾਂਪਲਾ ਨੂੰ ਆਖ ਦਿੱਤਾ ਹੈ ਕਿ ਸੂਬੇ 'ਚ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਉਹ ਹੁਣ ਤੋਂ ਪਾਰਟੀ ਉਮੀਦਵਾਰਾਂ ਦੀ ਚੋਣ ਅਤੇ ਪ੍ਰਚਾਰ ਦਾ ਕੰਮ ਸ਼ੁਰੂ ਕਰ ਦੇਣ। ਸਾਂਪਲਾ ਨੂੰ ਕਿਹਾ ਗਿਆ ਹੈ ਕਿ ਉਹ ਉਮੀਦਵਾਰਾਂ ਨੂੰ ਅੰਦਰਖਾਤੇ ਤਿਆਰੀਆਂ ਤੇਜ਼ ਕਰਨ ਲਈ ਆਖ ਦੇਣ ਤਾਂ ਜੋ ਚੋਣਾਂ ਦਾ ਐਲਾਨ ਹੁੰਦਿਆਂ ਹੀ ਭਾਜਪਾ ਮੈਦਾਨ 'ਚ ਆ ਜਾਵੇ ਅਤੇ ਤੁਰੰਤ ਉਮੀਦਵਾਰਾਂ ਦਾ ਐਲਾਨ ਕਰਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਵੇ।