ਮਦੀਨਾ 'ਚ ਮਸਜਿਦ ਨੇੜੇ ਧਮਾਕੇ 'ਚ 4 ਮੌਤਾਂ

ਰਿਆਦ (ਨ ਜ਼ ਸ)-ਸਾਊਦੀ ਅਰਬ 'ਚ ਈਦ ਤੋਂ ਠੀਕ ਪਹਿਲਾਂ ਤਿੰਨ ਆਤਮਘਾਤੀ ਹਮਲੇ ਕੀਤੇ ਗਏ। ਇਹਨਾਂ 'ਚ ਇੱਕ ਬੰਬ ਧਮਾਕਾ ਮੁਸਲਿਮ ਭਾਈਚਾਰੇ ਦੇ ਦੂਜੇ ਸਭ ਤੋਂ ਪਵਿੱਤਰ ਸਥਾਨ ਮਦੀਨਾ 'ਚ ਹੋਇਆ। ਇਸ ਹਮਲੇ 'ਚ 4 ਵਿਅਕਤੀਆਂ ਦੀ ਮੌਤ ਹੋ ਗਈ। ਸਾਊਦੀ ਅਰਬ ਦੇ ਇੱਕ ਅਧਿਕਾਰੀ ਨੇ ਦਸਿਆ ਹੈ ਕਿ ਹਮਲਾਵਰਾਂ 'ਚ ਇੱਕ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਸੀ। ਉਨ੍ਹਾਂ ਨੇ ਦਸਿਆ ਕਿ ਪੈਗੰਬਰ ਦੀ ਮਸਜਿਦ ਦੇ ਬਾਹਰ ਹੋਏ ਇਕ ਧਮਾਕੇ 'ਚ ਸਾਊਦੀ ਅਰਬ ਸੁਰੱਖਿਆ ਅਮਲੇ ਦੇ 4 ਜਵਾਨ ਮਾਰੇ ਗਏ ਅਤੇ 5 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਮਸਜਿਦ ਦੇ ਬਾਹਰਵਾਰ ਜਦੋਂ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ ਤਾਂ ਉਸ ਨੇ ਆਪਣੇ ਆਪ ਨੂੰ ਉਡਾ ਲਿਆ।
ਬੰਬ ਧਮਾਕੇ ਤੋਂ ਬਾਅਦ ਮਦੀਨਾ ਸ਼ਹਿਰ ਦੇ ਅਸਮਾਨ 'ਚ ਕਾਲਾ ਧੂੰਆਂ ਛਾ ਗਿਆ। ਆਤਮਘਾਤੀ ਹਮਲਾਵਰ ਨੇ ਉਸ ਵੇਲੇ ਆਪਣੇ ਆਪ ਨੂੰ ਉਡਾ ਲਿਆ, ਜਦੋਂ ਸੁਰੱਖਿਆ ਮੁਲਾਜ਼ਮ ਇਫ਼ਤਾਰ ਕਰ ਰਹੇ ਸਨ। ਧਮਾਕੇ ਤੋਂ ਬਾਅਦ ਕਾਰ ਪਾਰਕਿੰਗ 'ਚ ਖੜੀਆਂ ਕਈ ਕਾਰਾਂ ਨੂੰ ਅੱਗ ਲੱਗ ਗਈ। ਇਸਲਾਮ ਧਰਮ 'ਚ ਮੱਕਾ ਤੋਂ ਬਾਅਦ ਮਦੀਨਾ ਸਭ ਤੋਂ ਵੱਧ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ। ਇਸੇ ਦੌਰਾਨ ਸਾਊਦੀ ਅਰਬ ਦੇ ਸ਼ਹਿਰ ਜੇਦਾ 'ਚ ਅਮਰੀਕੀ ਵਣਜ ਦੂਤਘਰ ਦੇ ਬਾਹਰ ਬੰਬ ਧਮਾਕਾ ਹੋਇਆ। ਸਾਊਦੀ ਅਰਬ ਦੇ ਸ਼ਹਿਰ ਕਾਤਿਲ 'ਚ ਵੀ ਸ਼ੀਆ ਬਸਤੀ ਦੇ ਨੇੜੇ ਇੱਕ ਆਤਮਘਾਤੀ ਬੰਬਾਰ ਨੇ ਆਪਣੇ ਆਪ ਨੂੰ ਉਡਾ ਲਿਆ। ਇਹਨਾਂ ਤਿੰਨਾਂ ਵਾਰਦਾਤਾਂ 'ਚ 6 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾ 'ਚ 4 ਜਵਾਨ ਸ਼ਾਮਲ ਹਨ, ਜਦਕਿ 5 ਵਿਅਕਤੀ ਜ਼ਖ਼ਮੀ ਹੋ ਗਏ। ਹੁਣ ਤੱਕ ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਇਹਨਾ ਵਾਰਦਾਤਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਜਦਕਿ ਪੁਲਸ ਨੂੰ ਸ਼ੱਕ ਹੈ ਕਿ ਇਹ ਅੱਤਵਾਦੀ ਕਾਰਵਾਈਆਂ ਪਿੱਛੇ ਆਈ ਐਸ ਦਾ ਹੱਥ ਹੋ ਸਕਦਾ ਹੈ।