Latest News
ਬਜ਼ੁਰਗ ਕਮਿਊਨਿਸਟ ਰੋਮੇਸ਼ ਚੰਦਰ ਨਹੀਂ ਰਹੇ

Published on 05 Jul, 2016 11:06 AM.

ਨਵੀਂ ਦਿੱਲੀ/ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਬਜ਼ੁਰਗ ਕਮਿਊਨਿਸਟ ਆਗੂ ਅਤੇ ਵਿਸ਼ਵ ਅਮਨ ਕੌਂਸਲ ਦੇ ਸਾਬਕਾ ਪ੍ਰਧਾਨ ਰੋਮੇਸ਼ ਚੰਦਰ (94) ਦਾ ਸੋਮਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ।
ਕਾਮਰੇਡ ਰੋਮੇਸ਼ ਚੰਦਰ ਨੇ ਇੱਕ ਵਿਦਿਆਰਥੀ ਆਗੂ ਵਜੋਂ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਹਿੱਸਾ ਲਿਆ ਅਤੇ ਬਾਅਦ 'ਚ ਉਹ ਸੀ ਪੀ ਆਈ 'ਚ ਸ਼ਾਮਲ ਹੋ ਗਏ ਤੇ ਕੌਮੀ ਕਾਰਜਕਾਰਨੀ ਦੇ ਮੈਂਬਰ ਵੀ ਬਣੇ।
ਕਾਮਰੇਡ ਰੋਮੇਸ਼ ਚੰਦਰ ਨੇ ਠੰਡੀ ਜੰਗ ਦੇ ਦੌਰ ਵੇਲੇ ਵਿਸ਼ਵ ਅਮਨ ਕੌਂਸਲ ਦੇ ਆਗੂ ਹੁੰਦਿਆਂ ਅਹਿਮ ਰੋਲ ਅਦਾ ਕੀਤਾ। ਇਸ ਅਹਿਮ ਸੰਗਠਨ ਦੇ ਆਗੂ ਹੁੰਦਿਆਂ ਉਨ੍ਹਾ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਨੂੰ ਕਈ ਵਾਰ ਸੰਬੋਧਨ ਕੀਤਾ, ਜੋ ਕਿ ਕਿਸੇ ਭਾਰਤੀ ਵੱਲੋਂ ਸਭ ਤੋਂ ਵੱਧ ਵਾਰ ਸੰਬੋਧਨ ਦਾ ਇੱਕ ਰਿਕਾਰਡ ਹੈ। ਉਨ੍ਹਾਂ ਨੂੰ ਲੈਨਿਨ ਅਮਨ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ। ਕਾਮਰੇਡ ਰੋਮੇਸ਼ ਚੰਦਰ ਨੇ ਸੀ ਪੀ ਆਈ ਦੇ ਕੇਂਦਰੀ ਪਰਚੇ 'ਦਿ ਨਿਊਏਜ' ਦੇ ਸੰਪਾਦਕ ਵਜੋਂ ਵੀ ਕੰਮ ਕੀਤਾ। ਸੀ ਪੀ ਆਈ ਦੇ ਕੇਂਦਰੀ ਸਕੱਤਰੇਤ ਨੇ ਆਪਣੇ ਇਸ ਉੱਘੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਉਨ੍ਹਾ ਦੇ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਸੀ. ਪੀ. ਆਈ. ਦੀ ਪੰਜਾਬ ਇਕਾਈ ਨੇ ਆਪਣੇ ਸਿਰਕੱਢ ਕੌਮੀ ਅਤੇ ਕੌਮਾਂਤਰੀ ਆਗੂ ਅਤੇ ਅਮਨ ਸੰਗਰਾਮੀਏ ਅਤੇ ਇਕਮੁੱਠਤਾ ਨੇਤਾ ਕਾਮਰੇਡ ਰੋਮੇਸ਼ ਚੰਦਰ ਦੇ ਦਿਹਾਂਤ ਉਤੇ ਗਹਿਰਾ ਸਦਮਾ ਪ੍ਰਗਟ ਕੀਤਾ ਅਤੇ ਆਪਣੇ ਹੈੱਡਕੁਆਟਰ ਉਤੇ ਲਾਲ ਝੰਡਾ ਉਹਨਾਂ ਦੇ ਸਤਿਕਾਰ ਵਜੋਂ ਨੀਵਾਂ ਕਰ ਦਿਤਾ।
ਪਾਰਟੀ ਦੇ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਦੀ ਸੂਬਾ ਕੌਂਸਲ ਵੱਲੋਂ ਸਾਥੀ ਰੋਮੇਸ਼ ਚੰਦਰ ਨੂੰ ਭਰਪੂਰ ਸ਼ਰਧਾਂਜਲੀ ਪੇਸ਼ ਕਰਦਿਆਂ, ਉਹਨਾਂ ਵਲੋਂ ਲਗਭਗ ਸੱਤ ਦਹਾਕੇ ਸੁਤੰਤਰਤਾ ਅੰਦੋਲਨ ਅਤੇ ਵਿਦਿਆਰਥੀ ਲਹਿਰ ਏ. ਆਈ. ਐਸ. ਐਫ. ਤੋਂ ਸ਼ੁਰੂ ਕਰਕੇ ਸਾਮਰਾਜ ਵਿਰੋਧੀ ਅਤੇ ਅਮਨ ਲਹਿਰ, ਅਤੇ ਅਮਨ-ਇਕਮੁੱਠਤਾ ਲਹਿਰ ਅਤੇ ਪਾਰਟੀ ਦੀ ਉਸਾਰੀ ਵਿਚ ਪਾਏ ਅਭੁੱਲ ਯੋਗਦਾਨ ਨੂੰ ਚੇਤੇ ਕੀਤਾ।
ਉਹਨਾਂ ਕਿਹਾ ਕਿ ਕਾਮਰੇਡ ਰੋਮੇਸ਼ ਤੀਹਵਿਆਂ ਦੇ ਅੰਤ ਉਤੇ ਲਾਹੌਰ ਵਿਚ ਵਿਦਿਆਰਥੀ ਲਹਿਰ ਵਿਚ ਸਰਗਰਮ ਹੋਏ ਅਤੇ ਆਪਣੀ ਸਰਗਰਮੀ, ਮਿਹਨਤ, ਦ੍ਰਿੜ੍ਹਤਾ, ਵਚਨਬੱਧਤਾ ਅਤੇ ਬੌਧਿਕ ਪ੍ਰਤਿੱਭਾ ਸਦਕਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੱਕ ਜਾ ਪਹੁੰਚੇ ਅਤੇ ਕਈ ਦਹਾਕੇ ਸੰਸਾਰ ਅਮਨ ਕੌਂਸਲ ਦੇ ਪ੍ਰਧਾਨ ਵਜੋਂ ਆਪਣੀ ਅਮਿੱਟ ਛਾਪ ਛੱਡ ਗਏ।
ਉਹਨਾਂ ਅਨੇਕਾਂ ਵਾਰ ਯੂ. ਐਨ. ਓ. ਦੀ ਮਹਾਂਸਭਾ ਨੂੰ ਮੁਖਾਤਬ ਕੀਤਾ । ਸੱਚ ਤਾਂ ਇਹ ਹੈ ਕਿ ਕਿਸੇ ਵੀ ਹੋਰ ਭਾਰਤੀ ਨਾਲੋਂ ਸਭ ਤੋਂ ਵੱਧ ਵਾਰ ਉਹਨਾਂ ਵੀਅਤਨਾਮ, ਕਿਊਬਾ, ਪੀ. ਐਲ. ਓ. ਅਤੇ ਹੋਰ ਮੁਕਤੀ ਲਹਿਰਾਂ ਦੇ ਸਮੱਰਥਨ ਵਿਚ ਸੰਸਾਰ ਲੋਕ ਰਾਇ ਨੂੰ ਸਫਲਤਾ ਸਹਿਤ ਲਾਮਬੰਦ ਕੀਤਾ।
ਕਾਮਰੇਡ ਅਰਸ਼ੀ ਨੇ ਕਿਹਾ ਕਿ ਪੰਜਾਬ ਸੀ ਪੀ ਆਈ ਆਪਣੇ ਇਸ ਮਹਾਨ ਕਮਿਊਨਿਸਟ ਆਗੂ ਨੂੰ ਸਤਿਕਾਰ ਭਰੀ ਸ਼ਰਧਾਂਜਲੀ ਅਰਪਿਤ ਕਰਦੀ ਹੈ ਅਤੇ ਉਹਨਾਂ ਦੇ ਮਿਸਾਲੀ ਜੀਵਨ ਤੋਂ ਪ੍ਰੇਰਨਾ ਲੈ ਕੇ ਕਿਰਤੀ ਲੋਕਾਂ ਦੇ ਮਿਸ਼ਨ ਨੂੰ ਅਗੇ ਵਧਾਉਣ ਲਈ ਦ੍ਰਿੜ੍ਹਤਾ ਨਾਲ ਲੜਨ ਦਾ ਅਹਿਦ ਦੁਹਰਾਉਂਦੀ ਹੈ।
ਕਾਮਰੇਡ ਰੋਮੇਸ਼ ਚੰਦਰ ਨਾਲ ਦਹਾਕਿਆਂ ਬੱਧੀ ਅਮਨ ਤੇ ਇਕਮੁੱਠਤਾ ਜਥੇਬੰਦੀ ਵਿਚ ਕੰਮ ਕਰਦੇ ਰਹੇ ਸਤਿਕਾਰਤ ਕਮਿਊਨਿਸਟ ਨੇਤਾ ਕਾਮਰੇਡ ਭਰਤ ਪ੍ਰਕਾਸ਼ ਨੇ ਸਾਥੀ ਰੋਮੇਸ਼ ਚੰਦਰ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਉਹਨਾਂ ਦੇ ਪਰਵਾਰ ਅਤੇ ਪਾਰਟੀ ਨਾਲ ਦੁੱਖ ਵਿਚ ਸ਼ਰੀਕ ਹੋਏ।
ਪੰਜਾਬ ਐਪਸੋ ਦੇ ਪ੍ਰਧਾਨ ਡਾਕਟਰ ਰਾਬਿੰਦਰਨਾਥ ਸ਼ਰਮਾ ਅਤੇ ਜਨਰਲ ਸਕੱਤਰਾਂ ਸਾਥੀ ਹਰਚੰਦ ਬਾਠ ਅਤੇ ਸਾਥੀ ਮੁਦਗਿਲ ਨੇ ਆਪਣੀ ਜਥੇਬੰਦੀ ਵੱਲੋਂ ਸਾਥੀ ਰੋਮੇਸ਼ ਦੇ ਸਦੀਵੀ ਵਿਛੋੜੇ ਉਤੇ ਦੁੱਖ ਪ੍ਰਗਟ ਕਰਦਿਆਂ ਉਹਨਾਂ ਦੇ ਦਿਹਾਂਤ ਨੂੰ ਸੰਸਾਰ ਅਮਨ ਅਤੇ ਅਗਾਂਹਵਧੂ ਲਹਿਰ ਦੇ ਕਾਜ ਲਈ ਵੱਡਾ ਘਾਟਾ ਆਖਿਆ।

1336 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper