ਮੋਦੀ ਨੇ ਅਕਾਲੀਆਂ ਦੀ ਝੋਲੀ ਕੁਝ ਨਹੀਂ ਪਾਇਆ

ਚੰਡੀਗੜ੍ਹ (ਸ਼ੰਗਾਰਾ ਸਿੰਘ ਭੁੱਲਰ)-ਨਰਿੰਦਰ ਮੋਦੀ ਦੀ ਸਰਕਾਰ ਦੇ ਵਿਸਥਾਰ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਆਸ ਸੀ ਕਿ ਵਜ਼ਾਰਤ ਵਿੱਚ ਘੱਟੋ-ਘੱਟ ਇੱਕ ਹੋਰ ਮੰਤਰੀ ਦੀ ਪੰਜਾਬ ਨੂੰ ਪ੍ਰਤੀਨਿਧਤਾ ਦਿੱਤੀ ਜਾਵੇਗੀ, ਪਰ ਅਕਾਲੀਆਂ ਨੂੰ ਕੁਝ ਨਾ ਮਿਲਣ ਕਾਰਨ ਨਿਰਾਸ਼ਾ ਹੋਈ ਹੈ। ਦੂਜੇ ਸ਼ਬਦਾਂ ਵਿੱਚ ਐਤਕੀਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਨ੍ਹਾ ਦੀ ਲੋਕ ਸਭਾ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਸ ਨੂੰ ਮੰਤਰੀ ਲਏ ਜਾਣ ਦੀ ਪੂਰੀ ਆਸ ਸੀ, ਪਰ ਸ਼ਾਇਦ ਇਨ੍ਹੀਂ ਦਿਨੀਂ ਪ੍ਰੋ. ਚੰਦੂਮਾਜਰਾ ਦੇ ਇੱਕ ਕਰੋੜ ਦੇ ਕਥਿਤ ਨੌਕਰੀ ਵਾਲੇ ਕੇਸ ਵਿੱਚ ਨਾਂਅ ਘਸੀਟੇ ਜਾਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਚੇਤੇ ਰਹੇ ਕਿ ਇਸ ਵੇਲੇ ਮੋਦੀ ਵਜ਼ਾਰਤ ਵਿੱਚ ਪਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸੁਖਬੀਰ ਸਿੰਘ ਬਾਦਲ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਵਜੋਂ ਸ਼ਾਮਲ ਹਨ।
ਸ਼੍ਰੋਮਣੀ ਅਕਾਲੀ ਦਲ ਨਿਰਾਸ਼ ਇਸ ਕਰਕੇ ਹੈ ਕਿ ਕਿੱਥੇ ਯੂ ਪੀ ਏ ਸਰਕਾਰ ਵਿੱਚ ਪੰਜਾਬ ਤੋਂ ਤਿੰਨ ਮੰਤਰੀ ਲਏ ਗਏ ਸਨ, ਪਰ ਕਿੱਥੇ ਇਸ ਐੱਨ ਡੀ ਏ ਸਰਕਾਰ ਵਿੱਚ ਦੂਜਾ ਮੰਤਰੀ ਵੀ ਨਹੀਂ ਲਿਆ ਜਾ ਰਿਹਾ। ਭਾਵੇਂ ਪੱਛਮੀ ਬੰਗਾਲ ਦੇ ਦਾਰਜੀਲਿੰਗ ਖੇਤਰ ਤੋਂ ਰਾਜ ਸਭਾ ਮੈਂਬਰ ਸ ਸ ਆਹਲੂਵਾਲੀਆ ਨੂੰ ਸਿੱਖ ਮੈਂਬਰ ਵਜੋਂ ਮੰਤਰੀ ਲਿਆ ਗਿਆ ਹੈ, ਪਰ ਉਹ ਪੰਜਾਬ ਦੀ ਪ੍ਰਤੀਨਿਧਤਾ ਨਹੀਂ ਕਰਦੇ। ਕਾਂਗਰਸ ਨੇ ਵੀ ਅਕਾਲੀ ਦਲ ਦੀ ਇਸ ਕਰਕੇ ਨੁਕਤਾਚੀਨੀ ਕੀਤੀ ਹੈ ਕਿ ਮੋਦੀ ਸਰਕਾਰ ਨੂੰ ਬਾਦਲ ਆਪਣੇ ਮਿੱਤਰਾਂ ਦੀ ਸਰਕਾਰ ਕਹਿੰਦੇ ਹਨ, ਉਸ ਨੇ ਕੇਂਦਰੀ ਮੰਤਰੀ ਮੰਡਲ ਵਿੱਚ ਕੀਤੇ ਗਏ ਵਾਧੇ ਵੇਲੇ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਹੈ।