ਆਸ਼ੀਸ਼ ਖੇਤਾਨ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ


ਅੰਮ੍ਰਿਤਸਰ, (ਜਸਬੀਰ ਸਿੰਘ)
ਆਮ ਆਦਮੀ ਪਾਰਟੀ ਦੇ ਆਗੂ ਅਸ਼ੀਸ਼ ਖੇਤਾਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਾਰਜ ਕਰ ਲਿਆ ਗਿਆ। ਹਾਲਾਂਕਿ ਮਾਮਲੇ 'ਚ ਅਜੇ ਗ੍ਰਿਫਤਾਰੀ ਨਹੀਂ ਕੀਤੀ ਗਈ।ਜਾਣਕਾਰੀ ਮੁਤਾਬਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੁਲਸ ਕੋਲ 'ਆਪ' ਲੀਡਰ ਅਸ਼ੀਸ਼ ਖੇਤਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। 'ਆਪ' ਲੀਡਰ ਖਿਲਾਫ ਚੋਣ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੇ ਜਾਣ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਆਈ ਪੀ ਸੀ ਦੀ ਧਾਰਾ 295-ਏ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ।
ਫੋਨ 'ਤੇ ਗੱਲਬਾਤ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਵਿੱਚ ਨਿਰੰਕਾਰੀਆਂ ਨੇ ਵੀ 1978 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੀ ਬੇਅਦਬੀ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਕਰੀਬ 18 ਸਾਲ ਸੰਤਾਪ ਭੋਗਣਾ ਪਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਯਤਨ ਕਰ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਪੰਜਾਬ ਵਿੱਚ ਕਿਸੇ ਨਵੀਂ ਮੁਸੀਬਤ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਿਰੰਕਾਰੀ ਕਾਂਡ ਵੇਲੇ ਵੀ ਬਾਦਲ ਸਰਕਾਰ ਮੂਕ ਦਰਸ਼ਕ ਬਣੀ ਰਹੀ ਤੇ ਹੁਣ ਵੀ ਮੂਕ ਦਰਸ਼ਕ ਬਣ ਕੇ ਕਿਸੇ ਨਵੇਂ ਸੰਤਾਪ ਦੀ ਉਡੀਕ ਕਰ ਰਹੀ ਹੈ। ਉਹਨਾਂ ਕਿਹਾ ਕਿ ਫੈਡਰੇਸ਼ਨ ਨੇ ਹਮੇਸ਼ਾਂ ਹੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਭਾਵੇਂ ਗੁਰਬਾਣੀ ਦੀ ਤੁਕ ਨੂੰ ਬਿਕਰਮ ਸਿੰਘ ਮਜੀਠੀਆ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੇ ਤੋੜ ਮਰੋੜ ਕੇ ਪੇਸ਼ ਕੀਤਾ ਹੋਵੇ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲੇ ਸਮੇਂ ਵੀ ਫੈਡਰੇਸ਼ਨ ਨੇ ਬਣਦੀ ਭੂਮਿਕਾ ਨਿਭਾਈ ਸੀ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਗਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹਨ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਨਤਕ ਤੌਰ 'ਤੇ ਮੁਆਫੀ ਮੰਗਣ 'ਤੇ ਅਸ਼ੀਸ਼ ਖੈਤਾਨ ਦੇ ਖਿਲਾਫ ਲੋੜੀਂਦੀ ਕਾਰਵਾਈ ਕਰਨ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੇ ਸਾਥੀਆਂ ਨੂੰ ਤੁਰੰਤ ਅਵਾ-ਤਵਾ ਬੋਲਣ ਤੋਂ ਨੱਥ ਪਾਉਣ ਤੇ ਭਵਿੱਖ ਵਿੱਚ ਯਕੀਨੀ ਬਣਾਉਣ ਕਿ ਉਹਨਾਂ ਦਾ ਕੋਈ ਵੀ ਸਾਥੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਕਰੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਬੀਤੇ ਕਲ੍ਹ ਇੱਕ ਦਰਖਾਸਤ ਥਾਣਾ ਸਿਵਲ ਲਾਈਨ ਵਿਖੇ ਦਿੱਤੀ ਸੀ ਤੇ ਪੁਲਸ ਨੇ ਅਸ਼ੀਸ਼ ਖੇਤਾਨ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 295 ਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਕੱਦਮਾ ਦਰਜ ਕਰ ਲਏ ਜਾਣ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਕਿਸੇ ਸਿੱਟੇ 'ਤੇ ਪਹੁੰਚਿਆ ਜਾਵੇਗਾ।