ਅਕਾਲੀ ਦਲ ਨੂੰ ਨਹੀਂ ਪ੍ਰਵਾਨ ਅਸ਼ੀਸ਼ ਖੇਤਾਨ ਵੱਲੋਂ ਮੰਗੀ ਮੁਆਫੀ

ਚੰਡੀਗੜ੍ਹ (ਕ੍ਰਿਸ਼ਨ ਗਰਗ)
ਆਮ ਆਦਮੀ ਪਾਰਟੀ ਦੇ ਆਗੂ ਅਸ਼ੀਸ਼ ਖੇਤਾਨ ਵੱਲੋਂ ਸਿੱਖਾਂ ਤੋਂ ਮੰਗੀ ਗਈ ਮੁਆਫੀ ਨੂੰ ਮੁੱਢੋਂ ਰੱਦ ਕਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਖੇਤਾਨ ਵੱਲੋਂ ਪਾਰਟੀ ਦੇ ਯੂਥ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਘੋਰ ਨਿਰਾਦਰ ਕੀਤਾ ਗਿਆ ਹੈ, ਜਿਸ ਲਈ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੁਦ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪਵਿੱਤਰ ਧਰਤੀ ਅੰਮ੍ਰਿਤਸਰ ਵਿੱਚ ਰੱਖੇ ਗਏ ਪਾਰਟੀ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਸਿੱਖ ਧਰਮ ਦੇ ਹਾਜ਼ਰ-ਨਾਜ਼ਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸ਼ੀਸ਼ ਖੇਤਾਨ ਵੱਲੋਂ ਕੀਤੇ ਗਏ ਨਿਰਾਦਰ ਦੀ ਕੇਜਰੀਵਾਲ ਵੱਲੋਂ ਨਾ ਹੀ ਸਮਾਗਮ ਮੌਕੇ ਅਤੇ ਨਾ ਹੀ ਸਮਾਗਮ ਤੋਂ ਬਾਅਦ ਨਿਖੇਧੀ ਕੀਤੀ ਗਈ, ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕੇਜਰੀਵਾਲ ਦੇ ਮਨ ਵਿੱਚ ਸਿੱਖ ਧਰਮ ਪ੍ਰਤੀ ਕਿੰਨਾ ਕੁ ਸਤਿਕਾਰ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਾਰੀ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਖੇਤਾਨ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਹੀ ਸਿੱਖਾਂ ਦੇ ਹਿਰਦਿਆਂ ਨੂੰ ਕੁਝ ਠੰਡ ਪੁੱਜੇਗੀ।
ਸ. ਢੀਂਡਸਾ ਨੇ ਕਿਹਾ ਕਿ ਜਿੱਥੋਂ ਤੱਕ ਅਸ਼ੀਸ਼ ਖੇਤਾਨ ਦਾ ਸੰਬੰਧ ਹੈ, ਉਸ ਦਾ ਦਿਮਾਗੀ ਤਵਾਜ਼ਨ ਠੀਕ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਸ ਤਰੀਕੇ ਨਾਲ ਨਰਾਦਰ ਕੀਤਾ ਗਿਆ ਹ,ੈ ਉਹ ਬਹੁਤ ਹੀ ਮੰਦਭਾਗਾ ਕਾਰਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਸਾਰੇ ਆਪ ਵਾਲੇ ਆਗੂ ਬੇਅਦਬੀ ਦੇ ਇਸ ਗੰਭੀਰ ਮੁੱਦੇ 'ਤੇ ਬਿਲਕੁਲ ਹੀ ਚੁੱਪ ਬੈਠੇ ਹੋਏ ਹਨ। ਉਨ੍ਹਾਂ ਸਵਾਲੀਆ ਲਹਿਜੇ ਵਿਚ ਕਿਹਾ ਕਿ ਹਾਜ਼ਰ-ਨਾਜ਼ਰ ਗੁਰੂ ਦੇ ਇਸ ਨਿਰਾਦਰ ਤੋਂ ਬਾਅਦ ਕੋਈ ਸਿੱਖ ਜਾਂ ਪੰਜਾਬੀ ਕਿਸ ਤਰ੍ਹਾਂ ਚੁੱਪ ਕਰਕੇ ਬੈਠ ਸਕਦਾ ਹੈ, ਪਰ ਜਿਸ ਤਰ੍ਹਾਂ ਪੰਜਾਬ ਦੇ ਆਪ ਆਗੂ ਮੂੰਹ ਬੰਦ ਕਰਕੇ ਬੈਠ ਗਏ ਹਨ, ਉਸ ਤੋਂ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਮੀਰ ਮਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਪ ਆਗੂ ਬਾਹਰਲੇ ਰਾਜਾਂ ਦੇ ਆਪਣੇ ਆਕਾਵਾਂ ਤੋਂ ਡਰਦੇ ਹੋਏ ਕੁਝ ਨਹੀਂ ਬੋਲਦੇ।
ਅਕਾਲੀ ਆਗੂ ਨੇ ਕਿਹਾ ਕਿ ਜੇ ਹੁਣ ਇਹ ਹਾਲਾਤ ਹਨ ਤਾਂ ਜੇ ਕਿਤੇ ਪੰਜਾਬ 'ਚ ਆਪ ਸੱਤਾ ਵਿਚ ਆ ਗਈ ਤਾਂ ਪੰਜਾਬ ਦੇ ਆਪ ਆਗੂ ਕੇਂਦਰੀ ਆਗੂਆਂ ਖਿਲਾਫ ਕੀ ਬੋਲਣਗੇ? ਉਨ੍ਹਾਂ ਕਿਹਾ ਕਿ ਇਹ ਵੀ ਪੱਕਾ ਹੈ ਕਿ ਆਪ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦੀਆਂ ਸਬਸਿਡੀਆਂ ਖਾਸ ਤੌਰ 'ਤੇ ਕਿਸਾਨਾਂ ਨੂੰ ਮੁਫਤ ਬਿਜਲੀ ਬੰਦ ਕਰ ਦੇਣ ਦੀ ਸੂਰਤ ਵਿਚ ਵੀ ਪੰਜਾਬ ਦੇ ਆਪ ਆਗੂਆਂ ਨੇ ਚੂੰ ਤੱਕ ਨਹੀਂ ਕਰਨੀ।
ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਤੋਂ ਬਾਅਦ ਪੰਜਾਬੀਆਂ ਨੂੰ ਜਾਗ ਜਾਣਾ ਚਾਹੀਦਾ ਹੈ, ਕਿਉਂ ਕਿ ਇਸ ਨਾਲ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਨਾ ਤਾਂ ਸਿੱਖੀ ਦਾ ਆਦਰ ਕਰਦੀ ਹੈ ਅਤੇ ਨਾ ਹੀ ਸਿੱਖ ਜਜ਼ਬਾਤਾਂ ਦੀ ਕਦਰ ਕਰਦੀ ਹੈ। ਇਸ ਤੋਂ ਇਲਾਵਾ ਧਾਰਮਿਕ ਗ੍ਰੰਥ ਗੀਤਾ ਅਤੇ ਪਵਿੱਤਰ ਕੁਰਾਨ ਦੇ ਵੀ ਆਪ ਵਾਲਿਆਂ ਵੱਲੋਂ ਨਿਰਾਦਰ ਕੀਤੇ ਜਾਣ ਦੀ ਨਿੰਦਾ ਕਰਦਿਆਂ ਸ. ਢੀਂਡਸਾ ਨੇ ਮਾਲੇਰਕੋਟਲਾ ਮਾਮਲੇ ਵਿਚ ਆਪ ਆਗੂ ਦੀ ਕੀਤੀ ਜਾ ਰਹੀ ਜਾਂਚ-ਪੜਤਾਲ ਕਰਕੇ ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀਂ ਲਿਆ।