ਚੋਣਾਂ ਦਾ ਆਗਾਜ਼ ਅਮਨ-ਅਮਾਨ ਨਾਲ

ਚੋਣਾਂ ਦੇ ਪਹਿਲੇ ਗੇੜ 'ਚ ਅੱਜ ਅਸਾਮ ਦੇ 5 ਹਲਕਿਆਂ ਅਤੇ ਤ੍ਰਿਪੁਰਾ ਦੇ ਇੱਕ ਹਲਕੇ 'ਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ। ਦੋਹਾਂ ਰਾਜਾਂ ਦੇ ਵੋਟਰਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸਾਹ ਸੀ । ਕਮਿਸ਼ਨ ਦੇ ਸੂਤਰਾਂ ਅਨੁਸਾਰ ਅਸਾਮ 'ਚ 72 ਫ਼ੀਸਦੀ ਅਤੇ ਤ੍ਰਿਪੁਰਾ 'ਚ 84 ਫ਼ੀਸਦੀ ਤੋਂ ਵੱਧ ਪੋਲਿੰਗ ਦਾ ਅਨੁਮਾਨ ਹੈ। ਸੂਤਰਾਂ ਅਨੁਸਾਰ ਸਵੇਰੇ 7 ਵਜੇ ਹੀ ਪੋਲਿੰਗ ਯੂਥਾਂ 'ਤੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ, ਪਰ ਕਈ ਥਾਵਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਚ ਗੜਬੜ ਕਾਰਨ ਵੋਟਿੰਗ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਸੂਬੇ 'ਚ 8588 ਪੋਲਿੰਗ ਯੂਥ ਬਣਾਏ ਗਏ ਸਨ। ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਅਸਾਮ ਦੇ ਬਾਕੀ ਕਹਿੰਦੇ ਹਲਕਿਆਂ 'ਚ 12 ਅਪ੍ਰੈਲ ਅਤੇ 24 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਤ੍ਰਿਪੁਰਾ ਦੀ ਦੂਜੀ ਸੀਟ 'ਤੇ ਵੀ 12 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਤ੍ਰਿਪੁਰਾ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਪੋਲਿੰਗ ਵੇਲੇ ਬੀ ਐਸ ਐਫ਼ ਨੇ ਭਾਰਤ ਬੰਗਲਾਦੇਸ਼ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ। ਉਨ੍ਹਾ ਦੱਸਿਆ ਕਿ ਕਿਸੇ ਥਾਂ ਤੋਂ ਕਿਸੇ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਨਹੀਂ ਹੈ। ਅਸਾਮ ਦੀਆਂ 5 ਸੀਟਾਂ 'ਤੇ 51 ਅਤੇ ਤ੍ਰਿਪੁਰਾ ਦੀ ਪੱਛਮੀ ਤ੍ਰਿਪੁਰਾ ਸੀਟ 'ਤੇ 13 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਹਾਲਾਂਕਿ ਸਾਰੀਆਂ ਪਾਰਟੀਆਂ ਚੋਣਾਂ 'ਚ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ, ਪਰ ਅਸਲ ਸਥਿਤੀ 16 ਮਈ ਨੂੰ ਨਤੀਜਿਆਂ ਦੇ ਐਲਾਨ ਮਗਰੋਂ ਹੀ ਸਪੱਸ਼ਟ ਹੋਵੇਗੀ। ਚੋਣਾਂ ਦੇ ਮੱਦੇਨਜ਼ਰ ਦੋਹਾਂ ਸੂਬਿਆਂ 'ਚ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਨਾਜ਼ੁਕ ਬੂਥਾਂ ਤੇ ਵੀਡੀਉਗ੍ਰਾਫ਼ੀ ਦੇ ਹੁਕਮ ਵੀ ਦਿੱਤੇ ਗਏ ਸਨ।