ਕੇਜਰੀਵਾਲ ਦਰਬਾਰ ਸਾਹਿਬ ਵਿਖੇ ਖ਼ੁਦ ਬਖ਼ਸ਼ਾਉਣਗੇ ਭੁੱਲ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਦੇ ਯੂਥ ਮੈਨੀਫੈਸਟੋ ਉੱਤੇ ਦਰਬਾਰ ਸਾਹਿਬ ਦੀ ਤਸਵੀਰ ਨਾਲ ਪਾਰਟੀ ਦਾ ਚੋਣ ਨਿਸ਼ਾਨ ਲਾਉਣ ਦੀ ਹੋਈ ਭੁੱਲ ਬਖ਼ਸ਼ਾਉਣ ਲਈ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 18 ਜੁਲਾਈ ਨੂੰ ਦਰਬਾਰ ਸਾਹਿਬ ਆਉਣਗੇ।। ਮਿਲੀ ਜਾਣਕਾਰੀ ਅਨੁਸਾਰ ਕੇਜਰੀਵਾਲ ਪਾਰਟੀਆਂ ਆਗੂਆਂ ਨਾਲ ਦਰਬਾਰ ਸਾਹਿਬ ਵਿਖੇ ਭੁੱਲ ਬਖ਼ਸ਼ਾਉਣ ਦੇ ਨਾਲ-ਨਾਲ ਲੰਗਰ ਦੀ ਸੇਵਾ ਵੀ ਕਰਨਗੇ।।
ਮੈਨੀਫੈਸਟੋ ਵਿਵਾਦ ਤੋਂ ਬਾਅਦ ਆਮ ਆਦਮੀ ਪਾਰਟੀ ਕਸੂਤੀ ਫਸੀ ਹੋਈ ਹੈ। ਅਕਾਲੀ ਦਲ ਵੱਲੋਂ ਥਾਂ-ਥਾਂ ਆਮ ਆਦਮੀ ਪਾਰਟੀ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ,। ਹਾਲਾਂਕਿ ਦਿੱਲੀ ਡਾਇਲਾਗ ਕਮਿਸ਼ਨ ਦੇ ਉਪ ਚੇਅਰਮੈਨ ਅਸ਼ੀਸ ਖੇਤਾਨ ਨੇ ਪੂਰੇ ਮਾਮਲੇ ਉੱਤੇ ਵਿਵਾਦ ਤੋਂ ਬਾਅਦ ਤੁਰੰਤ ਮੁਆਫ਼ੀ ਮੰਗ ਲਈ ਸੀ, ਪਰ ਅਕਾਲੀ ਦਲ ਨੇ ਇਸ ਮੁਆਫ਼ੀ ਨੂੰ ਖ਼ਾਰਜ ਕਰਕੇ ਕੇਜਰੀਵਾਲ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਧਾਰਮਕ ਵਿਵਾਦ ਵਿੱਚ ਉਲਝੀ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਅਹਿਮ ਬੈਠਕ ਅੱਜ ਦਿੱਲੀ ਵਿੱਚ ਹੋਈ। ਇਸ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਜਾ ਕੇ ਅਰਵਿੰਦ ਕੇਜਰੀਵਾਲ ਨੇ ਖ਼ੁਦ ਭੁੱਲ ਬਖ਼ਸ਼ਾਉਣ ਦੀ ਗੱਲ ਆਖੀ।
ਆਮ ਤੌਰ ਉੱਤੇ ਹਰ ਮਸਲੇ ਵਿੱਚ ਵਿਰੋਧੀਆਂ ਨੂੰ ਘੇਰਨ ਵਾਲੀ ਆਮ ਆਦਮੀ ਪਾਰਟੀ ਧਾਰਮਿਕ ਮਸਲੇ 'ਤੇ ਪਹਿਲੀ ਵਾਰ ਕਸੂਤੀ ਘਿਰੀ ਹੈ। ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਦੀ ਬੇਅਦਬੀ ਵਿੱਚ ਆਪ ਵਿਧਾਇਕ ਨਰੇਸ਼ ਯਾਦਵ ਦੇ ਲਪੇਟੇ ਜਾਣ ਤੇ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨ ਦੇ ਮਾਮਲੇ 'ਤੇ ਅਕਾਲੀ ਦਲ ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ।
ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੇ ਪੰਜਾਬ ਦੇ ਨਾਲ-ਨਾਲ ਦਿੱਲੀ ਵਿੱਚ ਆਮ ਆਦਮੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੇ ਜਿੱਥੇ ਅਦਾਲਤੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਖ਼ਿਲਾਫ਼ ਕੇਸ ਵੀ ਕਰ ਦਿੱਤਾ ਹੈ।