ਮੁੱਖ ਮੰਤਰੀ ਦੇ ਸੰਗਤ ਦਰਸ਼ਨ ਤੋਂ ਪਹਿਲਾਂ ਪੁਲਸ ਨੂੰ ਹੱਥਾਂ-ਪੈਰਾਂ ਦੀ ਪਈ

ਰੂਪਨਗਰ (ਖੰਗੂੜਾ)
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸ਼ਨੀਵਾਰ ਰੂਪਨਗਰ ਹਲਕੇ ਦੇ ਘਾੜ ਇਲਾਕੇ ਦੇ ਪਿੰਡ ਪੁਰਖਾਲੀ ਵਿੱਚ ਸਵੇਰੇ 8.30 ਵਜੇ ਹੋਣ ਵਾਲੇ ਸੰਗਤ ਦਰਸ਼ਨ ਪ੍ਰੋਗਰਾਮ ਤੋਂ ਪਹਿਲਾਂ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਸਵੇਰੇ 5.45 ਵਜੇ 10 ਸਿੱਖਿਆ ਪ੍ਰੋਵਾਈਡਰ ਅਧਿਆਪਕ ਪਿੰਡ ਮੀਆਂਪੁਰ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਗਏ। ਸਿੱਖਿਆ ਪ੍ਰੋਵਾਈਡਰਾਂ ਨੇ ਪਾਣੀ ਦੀ ਟੈਂਕੀ ਉੱਤੇ ਖੜੇ ਹੋ ਕੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਟੈਂਕੀ ਉੱਤੇ ਚੜ੍ਹੇ ਸਿੱਖਿਆ ਪ੍ਰੋਵਾਈਡਰਾਂ ਦੀ ਸੂਚਨਾ ਮਿਲਦੇ ਹੀ ਐੱਸ ਜੀ ਪੀ ਸੀ ਮੈਂਬਰ ਅਜਮੇਰ ਸਿੰਘ ਖੇੜਾ, ਐੱਸ.ਐੱਸ.ਪੀ. ਵਰਿੰਦਰ ਪਾਲ ਸਿੰਘ, ਐੱਸ. ਪੀ. ਹਰਪਾਲ ਸਿੰਘ ਸੰਧੂ, ਡੀ ਐੱਸ ਪੀ ਤਜਿੰਦਰ ਸਿੰਘ ਆਦਿ ਮੌਕੇ 'ਤੇ ਪਹੁੰਚ ਗਏ। ਐੱਸ ਜੀ ਪੀ ਸੀ ਮੈਂਬਰ ਅਜਮੇਰ ਸਿੰਘ ਖੇੜਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੀਡੀਆ ਵੱਲੋਂ ਸਰਕਾਰ ਖਿਲਾਫ ਲਗਾਈ ਜਾ ਰਹੀ ਨੈਗਟਿਵ ਨਿਊਜ਼ ਕਰਕੇ ਟੀਚਰਾਂ ਨੂੰ ਸ਼ਹਿ ਮਿਲ ਰਹੀ ਹੈ ਤੇ ਉਹ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਟੀਚਰ ਆਪਣੀ ਭਰਤੀ ਦੀਆਂ ਸ਼ਤਰਾਂ ਪੂਰੀਆਂ ਨਹੀਂ ਕਰਦੇ ਤੇ ਇਹ ਪੰਗਾਂ ਕੈਪਟਨ ਦੀ ਸਰਕਾਰ ਦਾ ਸਾਡੇ ਗਲ ਪਿਆ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ, ਮੋਹਾਲੀ, ਰੂਪਨਗਰ, ਮੋਗਾ ਆਦਿ ਜ਼ਿਲ੍ਹੇ ਤੋਂ 35 ਦੇ ਕਰੀਬ ਸਿੱਖਿਆ ਪ੍ਰੋਵਾਈਡਰ ਬੱਸਾਂ ਰਾਹੀਂ ਸਵੇਰੇ ਸਵਾ ਪੰਜ ਵਜੇ ਦੇ ਕਰੀਬ ਪਿੰਡ ਮੀਆਂਪੁਰ ਪਹੁੰਚ ਗਏ ਅਤੇ 6.45 ਮਿੰਟ 'ਤੇ ਪਿੰਡ ਦੀ ਪਾਣੀ ਦੀ ਟੈਂਕੀ 'ਤੇ ਆ ਗਏ ਤਾਂ ਟੰਕੀ ਉੱਤੇ ਤਾਇਨਾਤ ਦੋ ਪੁਲਸ ਹਵਾਲਦਾਰ ਜਸਵੰਤ ਸਿੰਘ ਅਤੇ ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਅਤੇ ਖਿੱਚੋਤਾਣ ਵਿੱਚ ਹਵਾਲਦਾਰ ਦੀ ਵਰਦੀ ਦੇ ਬਟਨ ਵੀ ਟੁੱਟ ਗਏ। ਲੇਕਿਨ ਇਸ ਦੇ ਬਾਵਜੂਦ 10 ਸਿੱਖਿਆ ਪ੍ਰੋਵਾਈਡਰ ਟੈਂਕੀ ਉੱਤੇ ਚੜ੍ਹ ਗਏ।ਪੁਲਸ ਨੇ ਟੈਂਕੀ ਦੀਆਂ ਪੌੜੀਆਂ ਉੱਤੇ ਕੰਡਿਆਲੀ ਤਾਰ ਵੀ ਲਗਾਈ ਹੋਈ ਸੀ।ਇਸਦੇ ਬਾਵਜੂਦ ਉਹ ਟੈਂਕੀ ਉੱਤੇ ਚੜ੍ਹਨ ਵਿੱਚ ਕਾਮਯਾਬ ਹੋ ਗਏ ਅਤੇ ਬਾਕੀ ਦੇ ਸਿੱਖਿਆ ਪ੍ਰੋਵਾਈਡਰ ਇਧਰ-ਉੱਧਰ ਖਿਸਕ ਗਏ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਰਖਾਲੀ ਦੇ ਸੰਗਤ ਦਰਸ਼ਨ ਤੋਂ ਬਾਅਦ ਅੱਜ ਸਵੇਰੇ 10 ਵਜੇ ਪਿੰਡ ਮੀਆਂਪੁਰ ਆਉਣਾ ਸੀ।ਸਿੱਖਿਆ ਪ੍ਰੋਵਾਈਡਰਾਂ ਦੇ ਇਸ ਕਾਰਨਾਮੇ ਨੇ ਪਿੰਡ ਦੇ ਅਕਾਲੀ ਨੇਤਾਵਾਂ ਨੂੰ ਵੀ ਵਕਤ ਪਾ ਦਿੱਤਾ। ਪਿੰਡ ਮੀਆਂਪੁਰ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਚੰਨੀ ਅਤੇ ਇੱਕ ਯੂਥ ਅਕਾਲੀ ਨੌਜਵਾਨ ਨੇ ਸਿੱਖਿਆ ਪ੍ਰੋਵਾਈਡਰਾਂ ਦੇ ਸਮਰਥਨ ਵਿੱਚ ਪਾਣੀ ਦੀ ਟੈਂਕੀ ਹੇਠਾਂ ਖੜੇ ਕੁਝ ਸਿੱਖਿਆ ਪ੍ਰੋਵਾਈਡਰਾਂ ਨੂੰ ਕਿਹਾ ਕਿ 20 ਮਿੰਟ ਤੱਕ ਟੈਂਕੀ ਉੱਤੇ ਚੜ੍ਹੇ ਆਪਣੇ ਸਾਥੀਆਂ ਨੂੰ ਹੇਠਾਂ ਆਉਣ ਲਈ ਕਹੋ, ਨਹੀਂ ਤਾਂ ਅਸੀਂ ਵੇਖਦੇ ਹਾ ਕਿ ਕਿਵੇਂ ਟੈਂਕੀ ਤੋਂ ਥੱਲੇ ਲਾਹੁਣਾ ਹੈ। ਸਾਡੇ ਪਿੰਡ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੈ ਤੇ ਤੁਸੀਂ ਸਾਡੇ ਪਿੰਡ ਆ ਕੇ ਹੀ ਮਾਹੌਲ ਖ਼ਰਾਬ ਕਰਨਾ ਸੀ, ਜਾ ਕੇ ਬਾਦਲ ਦੀ ਕੋਠੀ ਅੱਗੇ ਧਰਨਾ ਲਾਉਣਾ ਸੀ।ਸਾਡੇ ਪਿੰਡ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿਚ ਦਸ ਪਿੰਡਾਂ ਦੀਆਂ ਪੰਚਾਇਤਾਂ ਨੇ ਆਉਣਾ ਹੈ ਤੇ ਤੁਸੀਂ ਸਾਡਾ ਪ੍ਰੋਗਰਾਮ ਖ਼ਰਾਬ ਕਰਨ ਆ ਗਏ, ਜਿਸ ਦੇ ਬਾਅਦ ਸਿੱਖਿਆ ਪ੍ਰੋਵਾਈਡਰਾਂ ਨੇ ਅਕਾਲੀ ਸਮਰਥਕਾਂ ਨੂੰ ਕਿਹਾ ਕਿ ਯੂਨੀਅਨ ਨੇਤਾਵਾਂ ਨਾਲ ਡਾ. ਚੀਮਾ ਨਾਲ ਮੀਟਿੰਗ ਚੱਲ ਰਹੀ ਹੈ ਅਤੇ ਮੀਟਿੰਗ ਦੇ ਬਾਅਦ ਜਿਵੇਂ ਹੀ ਫੋਨ ਆਵੇਗਾ ਤਾਂ ਅਸੀਂ ਆਪਣੇ ਸਾਥੀਆਂ ਨੂੰ ਪਾਣੀ ਦੀ ਟੈਂਕੀ ਤੋਂ ਉਤਾਰ ਲਵਾਂਗੇ। ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਪੰਜਾਬ ਪ੍ਰਧਾਨ ਅਜਮੇਰ ਸਿੰਘ ਔਲਖ ਅਤੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਰਾਣਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹਨ, ਪਰ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ। ਉਨ੍ਹਾਂ ਨੂੰ 8200 ਅਤੇ 9 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ।ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ 'ਚ ਵਾਰ-ਵਾਰ ਭਰੋਸਾ ਦੇ ਕੇ ਉਨ੍ਹਾਂ ਦੀ ਮੰਗ ਨੂੰ ਟਾਲ ਦਿੱਤਾ ਜਾਂਦਾ ਹੈ।ਮਜਬੂਰ ਹੋ ਕੇ ਇਹ ਐਕਸ਼ਨ ਲੈਣਾ ਪਿਆ ਹੈ, ਸਰਕਾਰ ਸਾਡੀ ਜਾਇਜ਼ ਮੰਗ ਨੂੰ ਪੂਰਾ ਨਾ ਕਰਕੇ ਧੱਕੇਸ਼ਾਹੀ ਕਰ ਰਹੀ ਹੈ ।
ਸਿੱਖਿਆ ਪ੍ਰੋਵਾਈਡਰ ਵਿਜੈ ਕੁਮਾਰ, ਕਿਰਨ ਕੁਮਾਰ, ਅਸ਼ੋਕ ਕੁਮਾਰ, ਪ੍ਰਵੇਸ਼ ਕੁਮਾਰ, ਸੰਦੀਪ ਠਾਕੁਰ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਕੁਮਾਰ, ਜਸਵਿੰਦਰ ਸਿੰਘ, ਹਰਜੀਤ ਸਿੰਘ ਸਿੱਖਿਆ ਮੰਤਰੀ ਡਾ. ਚੀਮਾ ਵੱਲੋਂ ਭਰੋਸਾ ਦੇਣ ਦੇ ਬਾਅਦ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਰੇ। ਬਾਅਦ ਵਿੱਚ ਐੱਸ.ਪੀ. ਹਰਪਾਲ ਸਿੰਘ ਸੰਧੂ ਨੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਔਲਖ ਨੂੰ ਕਿਹਾ ਕਿ ਜਿਨ੍ਹਾਂ ਸਿੱਖਿਆ ਪ੍ਰੋਵਾਈਡਰਾਂ ਨੇ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਹੈ, ਉਹ ਉਨ੍ਹਾਂ ਤੋਂ ਮਾਫੀ ਮੰਗੇ, ਜਿਸ ਉੱਤੇ ਸਿੱਖਿਆ ਪ੍ਰੋਵਾਈਡਰਾਂ ਨੇ ਆਪਣੀ ਗਲਤੀ ਲਈ ਟੈਂਕੀ ਉੱਤੇ ਤੈਨਾਤ ਹਵਾਲਦਾਰ ਜਸਵੰਤ ਸਿੰਘ ਅਤੇ ਕੁਲਵੰਤ ਸਿੰਘ ਤੋਂ ਮਾਫੀ ਮੰਗੀ ਹੈ ਅਤੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮਾਫ ਕਰ ਦਿੱਤਾ।