ਗਰਲ ਫਰੈਂਡ ਨੇ ਕੀਤੀ ਸੀ ਬੁਰਹਾਨ ਦੀ ਮੁਖਬਰੀ


ਨਵੀਂ ਦਿੱਲੀ/ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)-ਜੰਮੂ-ਕਸ਼ਮੀਰ ਪੁਲਸ ਵੱਲੋਂ ਸ਼ੁੱਕਰਵਾਰ ਨੂੰ ਮੁਕਾਬਲੇ 'ਚ ਮਾਰ ਦਿੱਤੇ ਗਏ ਹਿਜਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਮੁਜ਼ੱਫਰ ਵਾਨੀ ਬਾਰੇ ਨਵਾਂ ਖੁਲਾਸਾ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਬੁਰਹਾਨ ਦੀ ਗਰਲ ਫਰੈਂਡ ਨੇ ਹੀ ਪੁਲਸ ਨੂੰ ਉਸ ਦੇ ਲੁਕੇ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਮਗਰੋਂ ਪੁਲਸ ਉਸ ਨੂੰ ਮਾਰਨ 'ਚ ਸਫ਼ਲ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਬੁਰਹਾਨ ਦੇ ਕਈ ਕੁੜੀਆਂ ਨਾਲ ਸੰਬੰਧ ਸਨ, ਜਿਸ ਨਾਲ ਉਸ ਦੀ ਗਰਲ ਫਰੈਂਡ ਨਰਾਜ਼ ਹੋ ਗਈ ਅਤੇ ਉਸ ਨੇ ਪੁਲਸ ਲਈ ਮੁਖਬਰੀ ਸ਼ੁਰੂ ਕਰ ਦਿੱਤੀ । ਦੱਸਿਆ ਜਾਂਦਾ ਹੈ ਕਿ ਬੁਰਹਾਨ ਦੀ ਗਰਲ ਫਰੈਂਡ ਨੇ ਹੀ ਸੁਰੱਖਿਆ ਏਜੰਸੀਆਂ ਨੂੰ ਉਸ ਦੇ ਅਨੰਤਨਾਗ ਆਉਣ ਦੀ ਜਾਣਕਾਰੀ ਦਿੱਤੀ ਸੀ। ਮੁਖਬਰੀ ਦੇ ਅਧਾਰ 'ਤੇ ਪੁਲਸ ਨੇ ਉਸ ਘੇਰਾ ਪਾ ਲਿਆ ਅਤੇ ਕਾਫ਼ੀ ਦੇਰ ਤੱਕ ਚੱਲੇ ਮੁਕਾਬਲੇ 'ਚ ਉਸ ਦੀ ਮੌਤ ਹੋ ਗਈ। ਬੁਰਹਾਨ ਦੀ ਮੌਤ ਮਗਰੋਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੇ ਟਵੀਟ ਕੀਤਾ ਕਿ ਆਉਣ ਵਾਲੇ ਸਮੇਂ 'ਚ ਵਾਦੀ 'ਚ ਤਣਾਅ ਵਧੇਗਾ। ਜ਼ਿਕਰਯੋਗ ਹੈ ਕਿ ਬੁਰਹਾਨ ਇੱਕ ਚੰਗੇ ਕਸ਼ਮੀਰੀ ਪਰਵਾਰ ਦਾ ਲੜਕਾ ਸੀ ਅਤੇ ਉਸ ਦੇ ਪਿਤਾ ਇੱਕ ਸਕੂਲ 'ਚ ਪ੍ਰਿੰਸੀਪਲ ਰਹਿ ਚੁੱਕੇ ਹਨ, ਪ੍ਰੰਤੂ 2010 'ਚ ਆਪਣੇ ਭਰਾ ਦੀ ਮੌਤ ਮਗਰੋਂ ਉਹ ਹਿਜਬੁਲ ਮੁਜਾਹਦੀਨ ਨਾਲ ਜੁੜ ਗਿਆ ਅਤੇ ਬਹੁਤ ਛੇਤੀ ਉਸ ਨੇ ਜਥੇਬੰਦੀ 'ਚ ਆਪਣੇ ਲਈ ਅਹਿਮ ਥਾਂ ਬਣਾ ਲਈ।
ਬੁਰਹਾਨ ਨੇ ਹਾਲ 'ਚ ਹੀ 6 ਮਿੰਟ ਦਾ ਇੱਕ ਵੀਡੀਉ ਸੋਸ਼ਲ ਸਾਈਟਸ 'ਤੇ ਸ਼ੇਅਰ ਕੀਤਾ ਸੀ ਅਤੇ ਇਸ ਵੀਡੀਉ 'ਚ ਉਸ ਨੇ ਅੱਤਵਾਦੀਆਂ ਨੂੰ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ 'ਤੇ ਹਮਲੇ ਨਾ ਕਰਨ ਲਈ ਕਿਹਾ ਸੀ ਅਤੇ ਪੁਲਸ ਨੂੰ ਵੀ ਜਿਹਾਦ ਵਿਰੁੱਧ ਕਾਰਵਾਈ ਬੰਦ ਕਰਨ ਲਈ ਕਿਹਾ ਸੀ। ਉਸ ਨੇ ਵਾਦੀ 'ਚ ਬਣਾਈ ਜਾ ਰਹੀ ਸੈਨਿਕ ਕਾਲੋਨੀ 'ਤੇ ਹਮਲੇ ਦੀ ਧਮਕੀ ਦਿੱਤੀ ਸੀ।