ਪਾਰਟੀ ਬੰਧੇਜ ਵਕਤ ਵਿਹਾਅ ਚੁੱਕੇ ਹਨ ਪੰਜਾਬ ਵਿੱਚ

ਇਹ ਖ਼ਬਰ ਕਈ ਲੋਕਾਂ ਨੇ ਬੜੀ ਹੈਰਾਨੀ ਨਾਲ ਪੜ੍ਹੀ ਹੈ ਕਿ ਇੱਕ ਪਾਰਟੀ ਨੇ ਟਿਕਟ ਲੈਣ ਦੇ ਚਾਹਵਾਨਾਂ ਨੂੰ ਕਿਹਾ ਹੈ ਕਿ ਉਹ ਪਹਿਲਾਂ ਇਸ ਗੱਲ ਦਾ ਹਲਫੀਆ ਬਿਆਨ ਦੇਣ ਕਿ ਟਿਕਟ ਨਾ ਵੀ ਮਿਲੀ ਤਾਂ ਬਾਗ਼ੀ ਹੋ ਕੇ ਚੋਣ ਮੈਦਾਨ ਵਿੱਚ ਨਹੀਂ ਉੱਤਰਨਗੇ ਤੇ ਪਾਰਟੀ ਉਮੀਦਵਾਰ ਦਾ ਸਮੱਰਥਨ ਕਰਨਗੇ। ਸੰਬੰਧਤ ਪਾਰਟੀ ਇਸ ਹਲਫੀਆ ਬਿਆਨ ਨਾਲ ਪਿਛਲੇ ਤਜਰਬੇ ਤੋਂ ਬਚਣਾ ਚਾਹੇਗੀ, ਪਰ ਇਹ ਕਿਸੇ ਇੱਕ ਪਾਰਟੀ ਦਾ ਤਜਰਬਾ ਨਹੀਂ। ਪੰਜਾਬ ਦਾ ਹਾਲ ਇਹ ਹੈ ਕਿ ਏਥੇ ਰਾਜ ਕਰਦੀਆਂ ਜਾਂ ਰਾਜ ਕਰਨ ਨੂੰ ਤਾਂਘਦੀਆਂ ਸਾਰੀਆਂ ਪਾਰਟੀਆਂ ਵਿਚਲੇ ਆਗੂ ਕੱਲ੍ਹ ਨੂੰ ਕੋਈ ਵੀ ਕਦਮ ਚੁੱਕ ਸਕਦੇ ਹਨ। ਇਨ੍ਹਾਂ ਹਾਲਾਤ ਦੇ ਜ਼ਿੰਮੇਵਾਰ ਇਨ੍ਹਾਂ ਪਾਰਟੀਆਂ ਦੇ ਆਗੂ ਹੀ ਹਨ।
ਸਾਡੇ ਸਾਹਮਣੇ ਇਹੋ ਜਿਹੀਆਂ ਮਿਸਾਲਾਂ ਹਨ, ਜਿਨ੍ਹਾਂ ਵਿੱਚ ਇਸ ਰਾਜ ਦੀਆਂ ਦੋਵਾਂ ਮੁੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਖ਼ੁਦ ਆਪਣੇ ਬੰਦਿਆਂ ਨੂੰ ਪਾਰਟੀਆਂ ਤੋਂ ਬਾਗ਼ੀ ਹੋਣ ਨੂੰ ਕਈ ਵਾਰ ਉਤਸ਼ਾਹਤ ਕੀਤਾ ਹੈ। ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਕਿਸੇ ਵਕਤ ਅਕਾਲੀ ਦਲ ਵਿੱਚ ਹੁੰਦੇ ਸਨ ਤੇ ਉਹ ਪਾਰਟੀ ਇਸ ਕਰ ਕੇ ਛੱਡ ਕੇ ਆਏ ਸਨ ਕਿ ਪਾਰਟੀ ਨੇ ਟਿਕਟ ਨਹੀਂ ਸੀ ਦਿੱਤੀ। ਏਧਰ ਆ ਕੇ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਬਣੇ ਤੇ ਮੁੱਖ ਮੰਤਰੀ ਵੀ ਬਣੇ, ਪਰ ਜਦੋਂ ਇੱਕ ਵਾਰੀ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਤਾਂ ਅਮਰਿੰਦਰ ਸਿੰਘ ਦਾ ਆਪਣਾ ਕਹਿਣਾ ਹੈ ਕਿ ਮੈਂ ਵੱਖਰੀ ਪਾਰਟੀ ਬਣਾਉਣ ਨੂੰ ਤਿਆਰ ਸੀ। ਇਸ ਦਾ ਅਰਥ ਜਿਹੜੇ ਕਾਂਗਰਸੀ ਆਗੂਆਂ ਨੂੰ ਸਮਝ ਆ ਜਾਂਦਾ ਹੈ, ਉਹ ਇਸ ਤੋਂ ਬਾਅਦ ਕਿਸੇ ਵੀ ਮੋੜ ਉੱਤੇ ਪਾਰਟੀ ਦਾ ਪੱਲਾ ਛੱਡਣ ਨੂੰ ਤਿਆਰ ਹੋ ਸਕਦੇ ਹਨ। ਪਿਛਲੀ ਵਾਰੀ ਪਾਰਟੀ ਤੋਂ ਬਾਗ਼ੀ ਹੋ ਕੇ ਜਿਹੜੇ ਲੋਕ ਚੋਣ ਮੈਦਾਨ ਵਿੱਚ ਉੱਤਰੇ ਤੇ ਫਿਰ ਜਿੱਤ ਗਏ ਸਨ, ਉਨ੍ਹਾਂ ਨੂੰ ਬਾਅਦ ਵਿੱਚ ਪਾਰਟੀ ਨੇ ਆਪਣਾ ਅੰਗ ਜਿਵੇਂ ਮੰਨ ਲਿਆ ਸੀ, ਉਸ ਤੋਂ ਬਾਕੀ ਲੋਕਾਂ ਵਿੱਚ ਇਹ ਸੰਕੇਤ ਗਿਆ ਸੀ ਕਿ ਜਿੱਤ ਜਾਈਏ ਤਾਂ ਆਪਾਂ ਨੂੰ ਵੀ ਪਾਰਟੀ ਨੇ ਕੁਝ ਨਹੀਂ ਕਹਿਣਾ।
ਅਕਾਲੀ ਦਲ ਦਾ ਤਜਰਬਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਤੋਂ ਬਾਅਦ ਦੀ ਪਹਿਲੀ ਚੋਣ ਦੇ ਵਕਤ ਦਾ ਹੀ ਚੇਤੇ ਕੀਤਾ ਬਥੇਰਾ ਹੈ। ਉਸ ਵਕਤ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ ਵਿੱਚ ਅਮਨ ਦੀ ਸਥਾਪਤੀ ਲਈ ਨਵਾਂ-ਨਵਾਂ ਇੱਕ ਸਮਝੌਤਾ ਕੀਤਾ ਸੀ। ਉਸ ਸਮਝੌਤੇ ਦਾ ਅਕਾਲੀ ਦਲ ਦੇ ਕੁਝ ਆਗੂਆਂ ਨੇ ਨਾ ਸਿਰਫ਼ ਵਿਰੋਧ ਕੀਤਾ ਸੀ, ਸਗੋਂ ਇਸ ਨੂੰ ਪੰਜਾਬ ਨਾਲ ਗ਼ਦਾਰੀ ਕਹਿ ਕੇ ਸੰਤ ਲੌਂਗੋਵਾਲ ਦੇ ਕਤਲ ਵੱਲ ਜਾਂਦੇ ਹਾਲਾਤ ਵੀ ਪੈਦਾ ਕਰਨ ਵਿੱਚ ਹਿੱਸਾ ਪਾਇਆ ਸੀ। ਸੰਤ ਲੌਂਗੋਵਾਲ ਦੇ ਕਤਲ ਦੇ ਬਾਅਦ ਪਾਰਟੀ ਦਾ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ ਨੂੰ ਬਣਾਇਆ ਗਿਆ ਤਾਂ ਉਸ ਨੇ ਸਾਰੇ ਆਗੂਆਂ ਤੋਂ ਇਹ ਬਿਆਨ ਲਿਖਵਾ ਕੇ ਟਿਕਟਾਂ ਦਿੱਤੀਆਂ ਸਨ ਕਿ ਉਹ ਸੰਤ ਲੌਂਗੋਵਾਲ ਵੱਲੋਂ ਕੀਤੇ ਸਮਝੌਤੇ ਦਾ ਵਿਰੋਧ ਨਹੀਂ ਕਰਨਗੇ ਤੇ ਇਸ ਉੱਤੇ ਪਹਿਰਾ ਦੇਣਗੇ। ਸਰਕਾਰ ਬਣੀ ਤੋਂ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਬਣ ਗਿਆ ਤਾਂ ਉਸ ਦਾ ਵਿਰੋਧ ਕਰਨ ਵਾਲੇ ਆਗੂਆਂ ਨੇ ਲਿਖਤ ਦੀ ਪ੍ਰਵਾਹ ਕੀਤੇ ਬਿਨਾਂ ਬਰਨਾਲਾ ਸਰਕਾਰ ਦੇ ਨਾਲ ਪੰਜਾਬ ਸਮਝੌਤੇ ਦਾ ਵਿਰੋਧ ਵੀ ਕਰ ਦਿੱਤਾ ਸੀ। ਏਦਾਂ ਦੇ ਮੌਕੇ ਲਿਖਤਾਂ ਕਿਸੇ ਦਾ ਰਾਹ ਨਹੀਂ ਰੋਕਦੀਆਂ ਹੁੰਦੀਆਂ। ਪਿਛਲੀਆਂ ਚੋਣਾਂ ਵੇਲੇ ਜਿਹੜੇ ਅਕਾਲੀ ਬਾਗ਼ੀ ਹੋ ਗਏ ਸਨ, ਉਹ ਫਿਰ ਅਕਾਲੀ ਦਲ ਵਿੱਚ ਆ ਗਏ ਸਨ ਅਤੇ ਹੁਣ ਫਿਰ ਕੁਝ ਲੋਕਾਂ ਦੇ ਬਾਗ਼ੀ ਹੋਣ ਦਾ ਏਸੇ ਲਈ ਖਦਸ਼ਾ ਹੈ ਕਿ ਉਨ੍ਹਾਂ ਦੇ ਕੋਲ ਪਹਿਲੇ ਬਾਗ਼ੀਆਂ ਦੇ ਮੁੜ ਆਉਣ ਦਾ ਤਜਰਬਾ ਹੈ।
ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਹੋਰ ਵੀ ਬੁਰਾ ਹਾਲ ਹੈ। ਉਹ ਪਾਰਟੀ ਹੁਣ ਅਕਾਲੀ ਦਲ ਦੀ ਬੀ ਟੀਮ ਦਾ ਰੂਪ ਧਾਰਨ ਕਰ ਚੁੱਕੀ ਹੈ ਤੇ ਪੰਜਾਬ ਦੇ ਆਗੂਆਂ ਵਿੱਚ ਓਨੇ ਨਰਿੰਦਰ ਮੋਦੀ ਦੇ ਵਫਾਦਾਰ ਨਹੀਂ ਲੱਭਦੇ, ਜਿੰਨੇ ਇਸ ਪਾਰਟੀ ਵਿੱਚ ਬਾਦਲ ਪਰਵਾਰ ਦੇ ਫਰਮਾ-ਬਰਦਾਰ ਮੌਜੂਦ ਹਨ। ਪਿਛਲੀ ਸਰਕਾਰ ਦੌਰਾਨ ਭਾਜਪਾ ਦਾ ਇੱਕ ਮੰਤਰੀ ਅਕਾਲੀਆਂ ਦੇ ਕਹਿਣ ਉੱਤੇ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਖ਼ਿਲਾਫ਼ ਭੁੜਕਦਾ ਰਿਹਾ ਤੇ ਮਨੋਰੰਜਨ ਕਾਲੀਆ ਦਾ ਭੱਠਾ ਬਿਠਾਉਣ ਪਿੱਛੋਂ ਅਕਾਲੀਆਂ ਨੇ ਹੀ ਉਸ ਦੇ ਹਲਕੇ ਤੋਂ ਨਵਾਂ ਪਿਆਦਾ ਪੇਸ਼ ਕਰਵਾ ਦਿੱਤਾ ਸੀ। ਇਸ ਵਾਰ ਫਿਰ ਇੱਕ ਕੱਚ-ਘਰੜ ਆਗੂ ਵੱਡੀ ਚੌਧਰ ਮਿਲਦੇ ਸਾਰ ਅਕਾਲੀਆਂ ਦੇ ਕਹੇ ਉੱਤੇ ਭਾਜਪਾ ਦੇ ਸੂਬਾਈ ਲੀਡਰਾਂ ਦੇ ਜੜ੍ਹੀਂ ਤੇਲ ਦੇਣ ਲੱਗ ਪਿਆ ਸੀ ਤੇ ਹੁਣ ਉਹ ਨਾ ਤਿੰਨਾਂ ਵਿੱਚ ਤੇ ਨਾ ਤੇਰਾਂ ਵਿੱਚ ਹੈ। ਫਿਰ ਵੀ ਪੰਜਾਬ ਭਾਜਪਾ ਦੇ ਬਾਕੀ ਆਗੂ ਆਪਣੀ ਪਾਰਟੀ ਤੋਂ ਵੱਧ ਅਕਾਲੀ ਲੀਡਰਾਂ ਦੇ ਜੀ-ਹਜ਼ੂਰੀਏ ਜਾਪਦੇ ਹਨ। ਕੱਲ੍ਹ ਨੂੰ ਪਾਰਟੀ ਉਨ੍ਹਾਂ ਨੂੰ ਕੁਝ ਲਿਖਣ ਨੂੰ ਕਹਿ ਦੇਵੇ ਤਾਂ ਉਹ ਲਿਖ ਵੀ ਦੇਣਗੇ, ਪਰ ਅਮਲ ਵਿੱਚ ਪਾਰਟੀ ਦੇ ਕਹੇ ਉੱਤੇ ਚੱਲਣਗੇ ਜਾਂ ਅਕਾਲੀਆਂ ਦੇ, ਇਸ ਦੀ ਗਾਰੰਟੀ ਪੰਜਾਬ ਦੀ ਭਾਜਪਾ ਦੇ ਆਗੂਆਂ ਨੂੰ ਨਹੀਂ ਹੈ।
ਨਵੀਂ ਉੱਭਰ ਰਹੀ ਆਮ ਆਦਮੀ ਪਾਰਟੀ ਦੇ ਪਿਛਲੀ ਵਾਰੀ ਚਾਰ ਜਣੇ ਲੋਕ ਸਭਾ ਚੋਣ ਜਿੱਤੇ ਸਨ, ਪਹਿਲੇ ਸਾਲ ਹੀ ਦੋਂਹ ਥਾਂਈਂ ਦੋ-ਦੋ ਹੋਏ ਨਜ਼ਰ ਆਉਣ ਲੱਗੇ ਸਨ ਅਤੇ ਹੁਣ ਕਈ ਹੋਰ ਤੜਫਦੇ ਫਿਰਦੇ ਹਨ। ਦਿੱਲੀ ਦੀ ਪਹਿਲੀ ਸਰਕਾਰ ਵਿੱਚ ਜਿਹੜੇ ਚਿਹਰੇ ਸਨ, ਉਨ੍ਹਾਂ ਵਿੱਚੋਂ ਕੁਝ ਲੋਕ ਭਾਜਪਾ ਵਿੱਚ ਚਲੇ ਗਏ ਸਨ। ਦੂਸਰੀ ਸਰਕਾਰ ਦੇ ਬਣਨ ਪਿੱਛੋਂ ਹਾਲਤ ਇਹ ਹੈ ਕਿ ਕੋਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰ ਗਿਆ ਤੇ ਕੋਈ ਪਾਰਟੀ ਡਿਸਿਪਲਿਨ ਦੀ ਮਾਰ ਨੇ ਮੂਧੇ ਮੂੰਹ ਸੁੱਟ ਦਿੱਤਾ ਹੈ। ਪੰਜਾਬ ਵਿੱਚ ਉਨ੍ਹਾਂ ਦੀ ਵਿਧਾਨ ਸਭਾ ਲਈ ਪਹਿਲੀ ਛਾਲ ਹੈ, ਇਸ ਕਰ ਕੇ ਹਾਲ ਦੀ ਘੜੀ ਕੁਝ ਕਹਿਣਾ ਔਖਾ ਹੈ, ਪਰ ਅੰਦਾਜ਼ੇ ਕਈ ਤਰ੍ਹਾਂ ਦੇ ਲੱਗਦੇ ਸੁਣੇ ਜਾਣ ਲੱਗੇ ਹਨ। ਜਿੱਦਾਂ ਦੀ ਲਿਖਤ ਹੁਣ ਪੰਜਾਬ ਵਿੱਚ ਇੱਕ ਪਾਰਟੀ ਵੱਲੋਂ ਕਰਵਾਏ ਜਾਣ ਦੀ ਖ਼ਬਰ ਆਈ ਹੈ, ਏਦਾਂ ਦੀਆਂ ਲਿਖਤਾਂ ਦਿੱਲੀ ਵਿੱਚ ਇਹ ਲੋਕ ਪਹਿਲਾਂ ਕਰਵਾ ਕੇ ਵੇਖ ਆਏ ਹਨ ਅਤੇ ਇਨ੍ਹਾਂ ਲਿਖਤਾਂ ਦਾ ਅਸਰ ਵੀ ਚੰਗੀ ਤਰ੍ਹਾਂ ਜਾਣਦੇ ਹਨ।
ਅਸਲ ਗੱਲ ਇਹ ਹੈ ਕਿ ਹੁਣ ਤੱਕ ਜਿਨ੍ਹਾਂ ਤਿੰਨ ਪਾਰਟੀਆਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਸਭ ਤੋਂ ਵੱਧ ਘਚੋਲਾ ਪਾਈ ਰੱਖਿਆ ਹੈ, ਉਨ੍ਹਾਂ ਤਿੰਨਾਂ ਦੇ ਅੰਦਰ ਚੌਧਰਾਂ ਦੀ ਚਾਹਤ ਏਨੀ ਸਿਖ਼ਰ ਨੂੰ ਪਹੁੰਚਦੀ ਪਈ ਹੈ ਕਿ ਕੋਈ ਡਿਸਿਪਲਿਨ ਵਿੱਚ ਰਹਿਣ ਵਾਲੀ ਗੱਲ ਹੀ ਨਹੀਂ। ਇਹੋ ਜਿਹੇ ਮਾਹੌਲ ਵਿੱਚ ਕਿਸੇ ਪਾਰਟੀ ਨੇ ਟਿਕਟ ਦੇ ਚਾਹਵਾਨਾਂ ਤੋਂ ਐਫੀਡੇਵਿਟ ਲੈਣੇ ਹਨ ਤਾਂ ਲਈ ਜਾਵੇ, ਪਰ ਇਹ ਵਹਿਮ ਕੱਢ ਦੇਵੇ ਕਿ ਏਦਾਂ ਦੇ ਕਾਗ਼ਜ਼ੀ ਵਾਅਦੇ ਇਸ ਪਾਰਟੀ ਨੂੰ ਬੰਧੇਜ ਵਿੱਚ ਬੰਨ੍ਹ ਸਕਣਗੇ। ਪਾਰਟੀ ਬੰਧੇਜ ਹੁਣ ਇਸ ਰਾਜ ਵਿੱਚ ਸਮਾਂ ਵਿਹਾਅ ਚੁੱਕੀ ਗੱਲ ਹਨ। ਅਗਲੇ ਸਾਲ ਦੇ ਚੜ੍ਹਨ ਤੋਂ ਪਹਿਲਾਂ ਜਿਨ੍ਹਾਂ ਨੇ ਉਡਾਰੀਆਂ ਮਾਰਨੀਆਂ ਹਨ, ਉਹ ਆਪਣੇ ਖੰਭ ਤੋਲਣੇ ਸ਼ੁਰੂ ਕਰ ਚੁੱਕੇ ਹਨ।