ਅਜਨਾਲਾ ਨੇੜੇ ਸਰਹੱਦ ਪਾਰ ਕਰਦੇ ਤਿੰਨ ਪਾਕਿਸਤਾਨੀ ਤਸਕਰ ਬੀ ਐੱਸ ਐੱਫ ਵੱਲੋਂ ਢੇਰ

ਅੰਮ੍ਰਿਤਸਰ (ਜਸਬੀਰ ਸਿੰਘ)
ਸਰਹੱਦੀ ਤਹਿਸੀਲ ਅਜਨਾਲਾ ਅਧੀਨ ਪਂੈਦੀ ਬੀ ਐਸ ਐਫ ਦੀ ਗੁਰਦਾਸਪੁਰ ਦੀ ਬੀ ਓ ਪੀ ਦਰਿਆ ਮਨਸੂਰ ਚੌਕੀ ਨੇੜਿਓਂ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨੂੰ ਪਾਰ ਕਰਦੇ ਤਿੰਨ ਪਾਕਿਸਤਾਨੀ ਸਮਗਲਰਾਂ ਨੂੰ ਬੀ ਐਸ ਐਫ ਨੇ ਤੜਕਸਾਰ 3-4 ਵਜੇ ਦੇ ਕਰੀਬ ਭਾਰਤ ਅੰਦਰ ਘੁਸਪੈਠ ਕਰਦਿਆਂ ਮਾਰ ਮੁਕਾਉਣ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ।
ਦਰਅਸਲ ਇਹ ਸਮਗਲਰ ਪਾਕਿਸਤਾਨ ਦੀ ਹੱਦ ਤੋਂ ਕਾਫੀ ਅੱਗੇ ਆ ਕੇ ਪਹਿਲਾਂ ਭਾਰਤ ਦੀ ਜ਼ਮੀਨ ਵਿੱਚ ਦਾਖਲ ਹੋਏ ਅਤੇ ਬਾਅਦ ਵਿੱਚ ਜਦ ਇਹ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਲੱਗੀ ਹੋਈ ਕੰਡਿਆਲੀ ਤਾਰ ਨੂੰ ਪਾਰ ਕਰਕੇ ਭਾਰਤ ਅੰਦਰ ਦਾਖਲ ਹੋ ਰਹੇ ਸਨ ਤਾਂ ਬੀ ਐਸ ਐਫ ਦੇ ਅਧਿਕਾਰੀਆਂ ਨੂੰ ਤਾਰ ਨੇੜੇ ਕੁਝ ਹਰਕਤ ਹੁੰਦੀ ਦਿਖਾਈ ਦਿੱਤੀ ਤੇ ਜਦ ਬੀ ਐਸ ਐਫ ਵੱਲੋਂ ਸੇਫ ਸਾਈਡ ਕਰਨ ਲਈ ਫਾਈਰਿੰਗ ਕੀਤੀ ਗਈ ਤਾਂ ਅੱਗੋਂ ਇਹਨਾਂ ਸਮਗਲਰਾਂ ਨੇ ਵੀ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੀ ਐਸ ਐਫ ਵੱਲੋਂ ਕੀਤੀ ਫਾਈਰਿੰਗ ਵਿੱਚ ਇਹ ਸਮਗਲਰ ਢੇਰ ਹੋ ਗਏ।
ਬੀ ਐਸ ਐਫ ਵੱਲੋਂ ਜਦੋਂ ਦਿਨ ਚੜ੍ਹੇ ਘਟਨਾ ਵਾਲੀ ਥਾਂ 'ਤੇ ਜਾ ਕੇ ਸਰਚ ਓਪਰੇਸ਼ਨ ਕੀਤਾ ਗਿਆ ਤਾਂ ਬੀ ਐਸ ਐਫ ਨੂੰ ਤਿੰਨਾਂ ਸਮਗਲਰਾਂ ਦੀਆਂ ਲਾਸਾਂ ਤਾਂ ਮਿਲੀਆਂ ਹੀ ਨਾਲ ਦੀ ਨਾਲ ਉਹਨਾਂ ਨੂੰ ਤਿੰਨ ਪਾਕਿਸਤਾਨੀ ਨੌਜਵਾਨ ਵਿਅਕਤੀ ਹੋਰ ਮਿਲੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ ਐਸ ਐਫ ਦੇ ਆਈ ਜੀ ਅਨਿਲ ਪਾਲੀਵਾਲ ਨੇ ਦੱਸਿਆ ਕਿ ਬੀ ਐਸ ਐਫ ਦੀ ਗੋਲੀਬਾਰੀ ਨਾਲ ਇਹ ਤਿੰਨੋਂ ਸਮਗਲਰ ਢੇਰ ਹੋ ਗਏ, ਪਰ ਉਹਨਾਂ ਨੂੰ ਸ਼ੱਕ ਹੈ ਕਿ ਇਹਨਾਂ ਨਾਲ ਦੋ ਜਾਂ ਤਿੰਨ ਵਿਅਕਤੀ ਹੋਰ ਸਨ, ਜੋ ਭੱਜਣ ਵਿੱਚ ਕਾਮਯੋਗ ਹੋ ਗਏ ਹਨ।
ਇਸ ਮੌਕੇ ਉਹਨਾਂ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਬੀ ਐਸ ਐਫ ਦੇ ਜਵਾਨਾਂ ਵੱਲੋਂ ਸਰਚ ਓਪਰੇਸ਼ਨ ਕਰਦਿਆਂ ਤਿੰਂਨ ਹੋਰ ਪਾਕਿਸਤਾਨੀ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ, ਜੋ ਭਾਰਤ ਦੀ ਜ਼ਮੀਨ ਵਿੱਚ ਦਾਖਲ ਹੋ ਗਏ ਸਨ ਅਤੇ ਇਹਨਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਤੇ ਇਹਨਾਂ ਦੇ ਸੰਬੰਧ ਮਾਰੇ ਗਏ ਸਮਗਲਰਾਂ ਨਾਲ ਤਾਂ ਨਹੀਂ ਹਨ। ਉਹਨਾਂ ਕਿਹਾ ਕਿ ਮਾਰੇ ਗਏ ਸਮਗਲਰਾਂ ਪਾਸੋਂ ਪਾਕਿਸਤਾਨੀ ਕਰੰਸੀ ਦੇ ਕੁਝ ਨੋਟ, ਸਿਗਰਟਾਂ ਅਤੇ ਮੋਬਾਇਲ ਫੋਨ ਮਿਲੇ ਹਨ।