ਔਰਤਾਂ ਨੂੰ ਹੱਕਾਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਵੱਡੀ ਲੋੜ : ਕੁਸ਼ਲ ਭੌਰਾ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨਾ ਅੱਜ ਸਮੇਂ ਦੀ ਵੱਡੀ ਲੋੜ ਹੈ ਤੇ ਇਹ ਇਤਿਹਾਸਕ ਜ਼ਿੰਮੇਵਾਰੀ ਕੇਵਲ ਮਜ਼ਦੂਰ ਜਮਾਤ ਨਾਲ ਪ੍ਰਣਾਈਆਂ ਇਸਤਰੀ ਆਗੂ ਔਰਤਾਂ ਹੀ ਸਿਰੇ ਚੜ੍ਹਾ ਸਕਦੀਆਂ ਹਨ। ? ਜੇਕਰ ਜ਼ਿੰਮੇਵਾਰ ਆਗੂ ਔਰਤਾਂ ਆਪਣੇ ਇਸ ਫਰਜ਼ ਤੋਂ ਕੰਨੀ ਕਤਰਾਉਂਦੀਆਂ ਹਨ ਤਾਂ ਇਹ ਸਮੁੱਚੀ ਔਰਤ ਜਾਤ ਨਾਲ ਗੱਦਾਰੀ ਕਰਨ ਦੇ ਤੁੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਇਸਤਰੀ ਸਭਾ ਦੀ ਬੀਤੇ ਦਿਨੀਂ ਲੁਧਿਆਣਾ ਵਿੱਚ ਹੋਈ ਸੂਬਾ ਕੌਂਸਲ ਦੀ ਮੀਟਿੰਗ ਵਿੱਚ ਪੰਜਾਬ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਬੀਬੀ ਕੁਸ਼ਲ ਭੌਰਾ, ਸਰਪ੍ਰਸਤ ਨਰਿੰਦਰ ਪਾਲ ਪਾਲੀ ਅਤੇ ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਕੀਤਾ। ?ਉਨ੍ਹਾਂ ਸਾਰੀਆਂ ਸੂਬਾ ਕੌਂਸਲ ਮੈਂਬਰ ਭੈਣਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਇਹ ਕੰਮ ਤਾਂ ਹੀ ਸਿਰੇ ਚੜ੍ਹ ਸਕਦਾ ਹੈ, ਜੇਕਰ ਸਾਰੇ ਮਿਲ ਕੇ ਪੰਜਾਬ ਇਸਤਰੀ ਸਭਾ ਦੀਆਂ ਇਕਾਈਆਂ ਦਾ ਗਠਨ ਜੜ੍ਹ ਪੱਧਰ 'ਤੇ ਕਰਕੇ ਪਿੰਡ-ਪਿੰਡ ਆਪਣੀ ਸਭਾ ਦੀਆਂ ਇਕਾਈਆਂ ਕਾਇਮ ਕਰੀਏ ਤੇ ਇਸ ਲਈ ਵੱਡੀ ਪੱਧਰ 'ਤੇ ਔਰਤਾਂ ਨੂੰ ਜਥੇਬੰਦੀ ਵਿੱਚ ਭਰਤੀ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅੱਜ ਕੌਮਾਂਤਰੀ, ਕੌਮੀ ਅਤੇ ਸੂਬਾਈ ਪੱਧਰ ਦੀਆਂ ਗੈਰ-ਸਮਾਜਵਾਦੀ ਸਰਕਾਰਾਂ ਔਰਤਾਂ ਨਾਲ ਹਰ ਖੇਤਰ ਵਿੱਚ ਬੇਇਨਸਾਫੀ, ਨਾਬਰਾਬਰੀ ਤੇ ਕਾਣੀ-ਵੰਡ ਕਰ ਰਹੀਆਂ ਹਨ, ਜਿਸ ਕਰਕੇ ਔਰਤਾਂ ਵਧੇਰੇ ਪੀੜਤ ਹਨ। ਸਭਾ ਦੀ ਜਨਰਲ ਸਕੱਤਰ ਬੀਬੀ ਰਜਿੰਦਰਪਾਲ ਕੌਰ ਨੇ ਆਪਣੀ ਰਿਪੋਰਟ ਵਿੱਚ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਦਿਆ ਦੇ ਭਗਵੇਂਕਰਨ ਅਤੇ ਪੰਜਾਬ ਵਿੱਚ ਵੱਡੀ ਪੱਧਰ 'ਤੇ ਵਿਕ ਰਹੇ ਨਸ਼ਿਆਂ ਦੀ ਤਿੱਖੀ ਆਲੋਚਨਾ ਕਰਦਿਆਂ ਚਿੰਤਾ ਦਾ ਪ੍ਰਗਟਾਵਾ ਕੀਤਾ। ?ਮੀਟਿੰਗ 'ਚ ਸਰਬਸੰਮਤੀ ਨਾਲ ਪਾਸ ਕੀਤਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਔਰਤਾਂ ਨਾਲ ਪੈਨਸ਼ਨਾਂ 'ਚ ਹੋ ਰਹੇ ਹਰ ਤਰ੍ਹਾਂ ਦੇ ਵਿਤਕਰੇ ਵਿਰੁੱਧ ਸੰਘਰਸ਼ ਲਾਮਬੰਧ ਕੀਤੇ ਜਾਣਗੇ। ਮੀਟਿੰਗ ਵਿੱਚ ਸਾਲ 2016-2017 ਲਈ ਮੈਂਬਰਸ਼ਿਪ ਦੇ ਕੋਟੇ ਵੀ ਵੰਡੇ ਗਏ। ਇਸ ਤੋਂ ਇਲਾਵਾ ਸਭਾ ਦੇ ਕੰਮ ਪੱਖੋਂ ਕਮਜ਼ੋਰ ਜ਼ਿਲ੍ਹਿਆਂ ਵਿੱਚ ਸਭਾ ਦਾ ਵਿਸਥਾਰ ਕਰਨ ਦਾ ਪ੍ਰੋਗਰਾਮ ਵੀ ਬਣਾਇਆ ਗਿਆ। ਇਸ ਸਮੇਂ ਉਪਰੋਕਤ ਇਸਤਰੀ ਆਗੂਆਂ ਤੋਂ ਇਲਾਵਾ ਨਰਿੰਦਰ ਸੋਹਲ ਮੋਗਾ, ਸੀਮਾ ਸੋਹਲ ਤਰਨ ਤਾਰਨ, ਸੰਤੋਸ਼ ਬਰਾੜ ਜਲੰਧਰ, ਰਵਿੰਦਰਜੀਤ ਕੌਰ ਅਤੇ ਹਰਸ਼ਰਨਜੀਤ ਕੌਰ ਪਟਿਆਲਾ, ਸੁਰਜੀਤ ਕਾਲੜਾ ਚੰਡੀਗੜ੍ਹ, ਮਨਪ੍ਰੀਤ ਗਾਂਧੀ ਤੇ ਰੇਖਾ ਗੁਰਦਾਸਪੁਰ, ਮਨਜੀਤ ਕੌਰ ਫਰੀਦਕੋਟ, ਜੀਤ ਕੁਮਾਰੀ ਲੁਧਿਆਣਾ ਤੇ ਹੋਰ ਆਗੂ ਔਰਤਾਂ ਹਾਜ਼ਰ ਸਨ।