ਚੋਣਾਂ ਹਮਖਿਆਲ ਖੱਬੀਆਂ ਧਿਰਾਂ ਨਾਲ ਸਾਂਝਾ ਮੋਰਚਾ ਬਣਾ ਕੇ ਲੜਾਂਗੇ : ਪਾਸਲਾ


ਜਲੰਧਰ (ਨਵਾਂ ਜ਼ਮਾਨਾ ਸਰਵਿਸ)
'ਸੀ.ਪੀ.ਐਮ. ਪੰਜਾਬ ਆਉਣ ਵਾਲੀਆਂ ਅਸੈਂਬਲੀ ਦੀਆਂ ਚੋਣਾਂ ਲੋਕਾਂ ਨਾਲ ਸੰਬੰਧਤ ਮੁੱਦਿਆਂ ਅਤੇ ਉਨ੍ਹਾਂ ਦੇ ਹੱਲ ਲਈ ਠੋਸ ਨੀਤੀਆਂ ਦੇ ਅਧਾਰ ਉਪਰ ਦੂਸਰੀਆਂ ਹਮਖਿਆਲ ਖੱਬੀਆਂ ਧਿਰਾਂ ਨਾਲ ਸਾਂਝਾ ਮੋਰਚਾ ਬਣਾ ਕੇ ਲੜੇਗੀ। ਇਸ ਸਮੇਂ ਪੰਜਾਬ ਡੂੰਘੇ ਖੇਤੀਬਾੜੀ ਆਰਥਿਕ ਸੰਕਟ, ਕਰਜ਼ੇ ਦੇ ਭਾਰ ਹੇਠ ਹਰ ਰੋਜ਼ ਮਜ਼ਦੂਰਾਂ-ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ, ਲੱਕ ਤੋੜ ਮਹਿੰਗਾਈ, ਬੇਕਾਰੀ, ਨਸ਼ਾਖੋਰੀ ਤੇ ਬਦਅਮਨੀ ਵਿਚ ਘਿਰਿਆ ਹੋਇਆ ਹੈ। ਵਿੱਦਿਆ ਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਤੋਂ ਬਾਅਦ ਇਹ ਕਿਰਤੀ ਲੋਕਾਂ ਦੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਈਆਂ ਹਨ।'
ਇਹ ਵਿਚਾਰ ਪਰਗਟ ਕਰਦਿਆਂ ਹੋਇਆਂ ਪਾਰਟੀ ਦੇ ਸੂਬਾਈ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਦਾ ਹੱਲ ਜਨਤਕ ਲਹਿਰਾਂ ਨੂੰ ਮਜ਼ਬੂਤ ਕਰਕੇ ਇਕ ਲੋਕ ਪੱਖੀ ਰਾਜਨੀਤਕ ਮੁਤਬਾਦਲ ਹੀ ਹੱਲ ਕਰ ਸਕਦਾ ਹੈ। ਲੋਕ ਮੁੱਦਿਆਂ ਦਾ ਜ਼ਿਕਰ ਕਰਨ ਤੇ ਹੱਲ ਦੱਸਣ ਦੀ ਥਾਂ ਜਿੱਥੇ ਅਕਾਲੀ ਦਲ-ਭਾਜਪਾ ਗਠਜੋੜ ਝੂਠੇ ਆਰਥਿਕ ਵਿਕਾਸ ਤੇ ਧਨ ਦੇ ਬਲਬੂਤੇ ਅਸੈਂਬਲੀ ਚੋਣਾਂ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ, ਉਥੇ ਕੋਈ ਨੀਤੀਗਤ ਬਦਲ ਪੇਸ਼ ਕਰਨ ਦੀ ਥਾਂ ਆਪ ਅਤੇ ਕਾਂਗਰਸ ਨੇ ਇਨ੍ਹਾਂ ਚੋਣਾਂ ਨੂੰ ਇਕ ਲਾਹੇਵੰਦ ਧੰਦਾ ਬਣਾ ਲਿਆ ਹੈ, ਜਿੱਥੇ ਉਹ ਧਨਵਾਨਾਂ ਤੋਂ ਪੈਸਾ ਇਕੱਠਾ ਕਰਕੇ ਝੂਠੇ ਵਾਅਦਿਆਂ ਤੇ ਲਾਰਿਆਂ ਨਾਲ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਪੰਜਾਬ ਦੀ ਸੱਤਾ ਉਪਰ ਕਬਜ਼ਾ ਕਰਨਾ ਚਾਹੁੰੰਦੇ ਹਨ। ਇਹ ਤਿੰਨੇ ਹੀ ਪਾਰਟੀਆਂ ਧਰਮ ਦੀ ਦੁਰਵਰਤੋਂ ਕਰਕੇ ਅਤੇ ਫਿਰਕੂ ਲੋਕਾਂ ਨਾਲ ਸਾਂਝ ਬਣਾ ਕੇ ਪੰਜਾਬ ਦੇ ਫਿਰਕੂ ਅਮਨ ਤੇ ਭਾਈਚਾਰਕ ਸਾਂਝ ਲਈ ਨਵੇਂ ਖਤਰੇ ਪੈਦਾ ਕਰ ਰਹੀਆਂ ਹਨ।
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀਆਂ ਚਾਰ ਖੱਬੇ ਪੱਖੀ ਪਾਰਟੀਆਂ-ਸੀ.ਪੀ.ਐਮ.ਪੰਜਾਬ, ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਲੋਕਾਂ ਦੇ ਮੁੱਦਿਆਂ 'ਤੇ ਅਧਾਰਤ ਜਨਤਕ ਘੋਲ ਤੇਜ਼ ਕਰਨ ਲਈ 7-8-9 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਮਾਰ ਕੇ 9 ਅਗਸਤ ਨੂੰ ਸਾਰੇ ਜ਼ਿਲ੍ਹਾ ਕੇਂਦਰਾਂ ਉਪਰ ਲੋਕ ਲਾਮਬੰਦੀ ਰਾਹੀਂ ਵਿਸ਼ਾਲ ਜਨਤਕ ਮੁਜ਼ਾਹਰੇ ਕਰਨਗੀਆਂ। ਇਸ ਕੰਮ ਲਈ ਸਾਰੀਆਂ ਖੱਬੀਆਂ ਪਾਰਟੀਆਂ ਇਨ੍ਹਾਂ ਐਕਸ਼ਨਾਂ ਦੀ ਤਿਆਰੀ ਵਿਚ ਪੂਰੀ ਤਰ੍ਹਾਂ ਜੁੱਟ ਗਈਆਂ ਹਨ।
ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਹੈ ਕਿ ਅਸਲ ਲੜਾਈ ਸਰਮਾਏਦਾਰੀ ਪ੍ਰਬੰਧ ਦੇ ਪਾਲਕਾਂ ਅਤੇ ਸਾਂਝੀਵਾਲਤਾ ਵਾਲੇ ਢਾਂਚੇ ਦੀਆਂ ਹਮਾਇਤੀ ਧਿਰਾਂ ਵਿਚਕਾਰ ਹੈ। ਉਨ੍ਹਾਂ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੱਬੇ ਪੱਖੀ ਦਲਾਂ ਦੁਆਰਾ ਚਲਾਏ ਜਾ ਰਹੇ ਸੰਘਰਸ਼ਾਂ ਵਿਚ ਡਟਵਾਂ ਸਾਥ ਦੇਣ ਤੇ ਅਸੈਂਬਲੀ ਚੋਣਾਂ ਲਈ ਭਾਜਪਾ-ਅਕਾਲੀ ਦਲ ਗਠਜੋੜ, ਕਾਂਗਰਸ ਤੇ 'ਆਪ' ਨੂੰ ਲੁਟੇਰੀਆਂ ਜਮਾਤਾਂ ਦੀ ਇਕੋ ਹੀ ਧਿਰ ਮਿੱਥ ਕੇ ਇਨ੍ਹਾਂ ਵਿਰੁੱਧ ਖੱਬੇ ਪੱਖੀ ਦਲਾਂ ਦਾ ਸਾਥ ਦੇਣ ਲਈ ਕਮਰਕੱਸੇ ਕਰ ਲੈਣ।
ਸਾਥੀ ਪਾਸਲਾ ਨੇ ਸਰਕਾਰ ਵਲੋਂ ਸੰਘਰਸ਼ਸ਼ੀਲ ਲੋਕਾਂ ਉਪਰ ਕੀਤੇ ਜਾ ਰਹੇ ਜਬਰ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਲੋਕ ਸੰਘਰਸ਼ਾਂ ਵਿਚ ਸਾਥ ਦੇਣ ਦਾ ਪ੍ਰਣ ਦੁਹਰਾਇਆ।