Latest News

ਪੰਜਾਬ ਤੇ ਯੂ ਪੀ 'ਚ ਅਣਚਾਹਿਆ ਰਣਨੀਤੀਕਾਰ ਬਣਿਆ ਪ੍ਰਸ਼ਾਂਤ ਕਿਸ਼ੋਰ

Published on 14 Jul, 2016 10:35 AM.


ਚੰਡੀਗੜ੍ਹ (ਸ਼ੰਗਾਰਾ ਸਿੰਘ ਭੁੱਲਰ)
ਕਾਂਗਰਸ ਹਾਈ ਕਮਾਨ ਨੇ ਬਿਨਾਂ ਸ਼ੱਕ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੀ ਪੈਂਠ ਬਣਾਉਣ ਲਈ ਉਸੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਚੋਣ ਰਣਨੀਤੀਕਾਰ ਬਣਾ ਲਿਆ, ਜਿਸ ਨੇ 2014 ਵਿੱਚ ਨਰਿੰਦਰ ਮੋਦੀ ਅਤੇ 2015 ਵਿੱਚ ਬਿਹਾਰ ਵਿੱਚ ਨਿਤਿਸ਼ ਕੁਮਾਰ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਕੇ ਚੋਖੀ ਪ੍ਰਸਿੱਧੀ ਖੱਟੀ। ਇਧਰ ਕਾਂਗਰਸ ਨਾ ਕੇਵਲ ਲੋਕ ਸਭਾ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਗਈ, ਸਗੋਂ ਕਈ ਹੋਰ ਸੂਬਿਆਂ ਵਿੱਚ ਵੀ ਇਸ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਹੋ ਗਈ। ਅਸਲ ਵਿੱਚ ਕਾਂਗਰਸ ਨੂੰ ਇੱਕ ਵਾਰੀ ਮੁੜ ਪੈਰਾਂ ਸਿਰ ਖੜੇ ਕਰਨ ਲਈ ਹੀ ਕਾਂਗਰਸ ਹਾਈ ਕਮਾਨ ਨੇ ਐਂਤਕੀ ਪ੍ਰਸ਼ਾਂਤ ਕਿਸ਼ੋਰ 'ਤੇ ਦਾਅ ਖੇਡਿਆ ਹੈ, ਪਰ ਜਿਸ ਤਰ੍ਹਾਂ ਇਨ੍ਹਾਂ ਦੋਹਾਂ ਸੂਬਿਆਂ ਵਿੱਚ ਹੀ ਉਸ ਨੂੰ ਬਹੁਤਾ ਪਸੰਦ ਨਹੀਂ ਕੀਤਾ ਜਾ ਰਿਹਾ, ਉਸ ਤੋਂ ਲਗਦਾ ਹੈ ਕਿ ਉਸ ਦੀ ਅੱਧ ਅਸਮਾਨੇ ਚੜ੍ਹੀ ਗੁੱਡੀ ਕਿਤੇ ਰਾਹ ਵਿੱਚ ਹੀ ਨਾ ਟੁੱਟ ਜਾਵੇ।
ਸਵਾਲ ਜਿੱਥੋਂ ਤੱਕ ਪ੍ਰਸ਼ਾਂਤ ਕਿਸ਼ੋਰ ਦੀ ਇਨ੍ਹਾਂ ਚੋਣਾਂ ਵਿਚਲੀ ਭੂਮਿਕਾ ਦਾ ਹੈ, ਉਸ ਨੇ ਦੋਹਾਂ ਸੂਬਿਆਂ ਦੇ ਪਾਰਟੀ ਪ੍ਰਬੰਧਕਾਂ ਨੂੰ ਉਹ ਢੰਗ ਤਰੀਕੇ ਸੁਝਾਉਣੇ ਹਨ, ਜਿਨ੍ਹਾਂ ਕਰਕੇ ਪਾਰਟੀ ਜਿੱਤ ਪ੍ਰਾਪਤ ਕਰ ਸਕੇ। ਪਰ ਹੋ ਇਹ ਰਿਹਾ ਹੈ ਕਿ ਪੰਜਾਬ ਵਿੱਚ ਉਸ ਨੂੰ ਹੁਣ ਤੱਕ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਝਿੜਕਾਂ ਦੇ ਚੁੱਕੇ ਹਨ ਕਿ ਉਹ ਆਪਣੇ ਉਸ ਕੰਮ ਤੱਕ ਹੀ ਸੀਮਤ ਰਹੇ, ਜਿਸ ਲਈ ਉਸ ਨੂੰ ਹਾਈ ਕਮਾਂਡ ਨੇ ਤਾਇਨਾਤ ਕੀਤਾ ਹੋਇਆ ਹੈ, ਬਲਕਿ ਕੈਪਟਨ ਨੇ ਤਾਂ ਉਸ ਨੂੰ ਸਖਤ ਤਾੜਨਾ ਤੱਕ ਵੀ ਕਰ ਦਿੱਤੀ ਹੈ ਕਿ ਉਹ ਪਾਰਟੀ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰੇ। ਚੇਤੇ ਰਹੇ ਕਿ ਕੈਪਟਨ ਬੇਬਾਕ ਸੁਭਾਅ ਦੇ ਮਾਲਕ ਹਨ ਅਤੇ ਉਹ ਆਪਣੇ ਮਨ ਦੀ ਗੱਲ ਕਹਿਣ ਲੱਗਿਆਂ ਰੱਤੀ ਭਰ ਵੀ ਨਹੀਂ ਹਿਚਕਚਾਉਂਦੇ। ਇਸ ਦਾ ਮਤਲਬ ਇਹ ਕਿ ਪੰਜਾਬ ਪ੍ਰਸ਼ਾਂਤ ਨੂੰ ਕੈਰੀ ਅੱਖ ਨਾਲ ਵੇਖਿਆ ਜਾ ਰਿਹਾ ਹੈ ਅਤੇ ਹਾਲ ਕੁਝ-ਕੁਝ ਉਤਰ ਪ੍ਰਦੇਸ਼ ਵਿੱਚ ਵੀ ਅਜਿਹਾ ਹੀ ਹੈ। ਸੱਚ ਇਹ ਹੈ ਕਿ ਪਾਰਟੀ ਸੂਤਰਾਂ ਮੁਤਾਬਕ ਉਹ ਉਲਟ-ਪੁਲਟ ਸੁਝਾਅ ਦਿੰਦਾ ਰਹਿੰਦਾ ਹੈ। ਓਧਰ ਹਾਈ ਕਮਾਨ ਨੇ ਹੁਣੇ ਜਿਹੇ ਇੱਕ ਤਾਂ ਗੁਲਾਮ ਨਬੀ ਅਜ਼ਾਦ ਨੂੰ ਉੱਤਰ ਪ੍ਰਦੇਸ਼ 'ਚ ਪਾਰਟੀ ਦੇ ਮਾਮਲਿਆਂ ਦਾ ਇੰਚਾਰਜ ਥਾਪਿਆ ਹੈ ਅਤੇ ਦੂਜੇ ਪਾਸੇ ਫਿਲਮ ਐਕਟਰ ਤੋਂ ਸਿਆਸਤਦਾਨ ਬਣੇ ਰਾਜ ਬੱਬਰ ਨੂੰ ਉੱਤਰ ਪ੍ਰਦੇਸ਼ ਦਾ ਪ੍ਰਧਾਨ ਲਇਆ ਹੈ। ਵੇਖਣਾ ਹੋਵੇਗਾ ਕਿ ਇਨ੍ਹਾਂ ਦੋਹਾਂ ਨਾਲ ਪ੍ਰਸ਼ਾਂਤ ਦਾ ਕਰੂਰਾ ਕਿਸ ਤਰ੍ਹਾਂ ਫਿੱਟ ਬੈਠਦਾ ਹੈ ਜਾਂ ਫਿਰ ਪੰਜਾਬ ਵਾਂਗ ਉਥੇ ਵੀ ਅੰਦਰਖਾਤੇ ਉਸ ਦਾ ਵਿਰੋਧ ਹੋਵੇਗਾ।

489 Views

e-Paper