ਕਸ਼ਮੀਰ ਮਾਮਲਾ ਪਾਕਿ ਮੰਗਲਵਾਰ ਨੂੰ ਮਨਾਏਗਾ 'ਬਲੈਕ ਡੇ', ਭਾਰਤ ਵੱਲੋਂ ਸਖਤ ਇਤਰਾਜ਼

ਇਸਲਾਮਾਬਾਦ/ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਸ਼ਮੀਰ ਮੁੱਦੇ 'ਤੇ ਭਾਰਤ ਦੇ ਜੁਆਬ ਤੋਂ ਬੁਖਲਾਏ ਪਾਕਿਸਤਾਨ ਨੇ ਕਸ਼ਮੀਰ 'ਚ ਹੋਈਆਂ ਮੌਤਾਂ ਦੇ ਵਿਰੋਧ 'ਚ ਮੰਗਲਵਾਰ ਨੂੰ 'ਬਲੈਕ ਡੇ' ਮਨਾਉਣ ਦਾ ਐਲਾਨ ਕੀਤਾ ਹੈ। ਇਸ ਬਾਰੇ ਫ਼ੈਸਲਾ ਅੱਜ ਇਸਲਾਮਾਬਾਦ 'ਚ ਹੋਈ ਇੱਕ ਉੱਚ ਪੱਧਰੀ ਮੀਟਿੰਗ 'ਚ ਲਿਆ ਗਿਆ। ਮੀਟਿੰਗ 'ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਫ਼ੌਜ ਮੁਖੀ ਰਹੀਲ ਸ਼ਰੀਫ਼ ਸਮੇਤ ਅਹਿਮ ਵਿਅਕਤੀਆਂ ਨੇ ਹਿੱਸਾ ਲਿਆ। ਮੀਟਿੰਗ 'ਚ ਪਾਕਿਸਤਾਨ ਵੱਲੋਂ ਕਸ਼ਮੀਰ ਮੁੱਦਾ ਸੰਯੁਕਤ ਰਾਸ਼ਟਰ 'ਚ ਉਠਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਭਾਰਤ ਨੇ ਇਸ ਫੈਸਲੇ 'ਤੇ ਸਖਤ ਇਤਰਾਜ਼ ਜਤਾਇਆ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੁਕਾਬਲੇ 'ਚ ਮੌਤ ਮਗਰੋਂ ਭੜਕੀ ਹਿੰਸਾ 'ਚ ਹੁਣ ਤੱਕ 35 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਬੁਰਹਾਨ ਵਾਨੀ ਦੀ ਮੌਤ ਮਗਰੋਂ ਖੁਦ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਉਸ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਕਸ਼ਮੀਰੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਦੱਸਿਆ ਸੀ। ਪਾਕਿਸਤਾਨ ਦੇ ਫ਼ੌਜ ਮੁਖੀ ਰਹੀਲ ਸ਼ਰੀਫ਼ ਨੇ ਵੀ ਵਾਨੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਸੀ। ਇਸ ਤੋਂ ਇਲਾਵਾ ਕਸ਼ਮੀਰ 'ਚ ਸਰਗਰਮ ਅੱਤਵਾਦੀ ਜਥੇਬੰਦੀ ਲਸ਼ਕਰੇ ਤੋਇਬਾ ਅਤੇ ਹਿਜ਼ਬੁਲ ਮੁਜਾਹਦੀਨ ਨੇ ਵਾਨੀ ਨੂੰ ਸ਼ਹੀਦ ਦੱਸਦਿਆਂ ਭਾਰਤ 'ਚ ਹੋਰ ਜ਼ਿਆਦਾ ਹਮਲਿਆਂ ਦਾ ਐਲਾਨ ਕੀਤਾ ਸੀ।
ਵਾਨੀ ਦੀ ਮੌਤ 'ਤੇ ਪਾਕਿਸਤਾਨ ਦੀ ਬਿਆਨਬਾਜ਼ੀ ਮਗਰੋਂ ਭਾਰਤ ਨੇ ਸਖ਼ਤ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਪਾਕਿਸਤਾਨ ਨੂੰ ਚੁੱਪ ਰਹਿਣ ਵੀ ਸਲਾਹ ਦਿੱਤੀ ਸੀ। ਭਾਰਤ ਦਾ ਕਹਿਣਾ ਸੀ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਇਸ 'ਚ ਪਾਕਿਸਤਾਨ ਦੀ ਦਖ਼ਲ-ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤ ਦੇ ਇਸ ਜੁਆਬ ਤੋਂ ਮਗਰੋਂ ਹੀ ਪਾਕਿਸਤਾਨ ਬੁਖਲਾਇਆ ਹੋਇਆ ਹੈ ਅਤੇ ਇਸੇ ਬੁਖਲਾਹਟ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਕਸ਼ਮੀਰ ਮੁੱਦੇ 'ਤੇ ਉੱਚ ਪੱਧਰੀ ਮੀਟਿੰਗ ਸੱਦੀ ਸੀ। ਭਾਰਤ ਨੇ ਪਾਕਿਸਤਾਨ ਦੇ ਇਸ ਫੈਸਲੇ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਪਾਕਿਸਤਾਨ ਨੂੰ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੀ ਕੈਬਨਿਟ ਵੱਲੋਂ ਜੰਮੂ-ਕਸ਼ਮੀਰ ਦੀ ਸਥਿਤੀ 'ਤੇ ਲਏ ਗਏ ਫੈਸਲੇ ਨੂੰ ਪੂਰੀ ਤਰ੍ਹਾਂ ਖਾਰਜ ਕਰਦਾ ਹੈ। ਸਵਰੂਪ ਨੇ ਕਿਹਾ ਕਿ ਸਾਡੇ ਅੰਦਰੂਨੀ ਮਾਮਲਿਆਂ 'ਚ ਪਾਕਿਸਤਾਨ ਦੇ ਵਾਰ-ਵਾਰ ਦਖਲ ਦੇਣ ਤੋਂ ਅਸੀਂ ਪੀੜਤ ਹਾਂ, ਜਦਕਿ ਅਸੀਂ ਫਿਰ ਦੁਹਰਾਉਂਦੇ ਹਾਂ ਕਿ ਪਾਕਿਸਤਾਨ ਜਾਂ ਕਿਸੇ ਦੂਸਰੀ ਬਾਹਰੀ ਧਿਰ ਨੂੰ ਸਾਡੇ ਅੰਦਰੂਨੀ ਮਾਮਲਿਆਂ ਬਾਰੇ ਬੋਲਣ ਦਾ ਕੋਈ ਹੱਕ ਨਹੀਂ ਹੈ।
ਸਵਰੂਪ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਅੱਤਵਾਦੀਆਂ ਦੇ ਗੁਣਗਾਨ ਤੋਂ ਸਾਫ ਹੋ ਜਾਂਦਾ ਹੈ ਕਿ ਪਾਕਿਸਤਾਨ ਦੀ ਹਮਦਰਦੀ ਕਿਸ ਦੇ ਨਾਲ ਹੈ।