ਜੀ ਐੱਸ ਟੀ; ਜੇਤਲੀ ਤੇ ਅਨੰਤ ਦੀ ਅਜ਼ਾਦ ਤੇ ਆਨੰਦ ਨਾਲ ਮੁਲਾਕਾਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੰਸਦ ਦੇ 18 ਜੁਲਾਈ ਤੋਂ ਸ਼ੁਰੂ ਹੋ ਰਹੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਗੁਡਸ ਐਂਡ ਸਰਵਿਸ ਟੈਕਸ (ਜੀ ਐੱਸ ਟੀ) ਬਿੱਲ 'ਤੇ ਸਾਰੀਆਂ ਪਾਰਟੀਆਂ 'ਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਿਲਸਿਲੇ 'ਚ ਅੱਜ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਅਤੇ ਕਾਂਗਰਸ ਆਗੂ ਅਨੰਦ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਜੀ ਐੱਸ ਟੀ ਅਤੇ ਸੰਸਦ ਦੇ ਸੈਸ਼ਨ ਬਾਰੇ ਗੱਲਬਾਤ ਕੀਤੀ। ਮੁਲਾਕਾਤ ਮਗਰੋਂ ਜੇਤਲੀ ਨੇ ਕਿਹਾ ਕਿ ਸਾਰੇ ਨੁਕਤਿਆਂ 'ਤੇ ਮੁਢਲੀ ਗੱਲਬਾਤ ਹੋਈ। ਉਨ੍ਹਾ ਕਿਹਾ ਕਿ ਅਸੀਂ ਗੱਲਬਾਤ ਬਾਰੇ ਪਾਰਟੀ ਆਗੂਆਂ ਨਾਲ ਵਿਚਾਰ-ਵਟਾਂਦਰੇ ਮਗਰੋਂ ਦੁਬਾਰਾ ਗੱਲਬਾਤ ਕਰਾਂਗੇ, ਅਸੀਂ ਸਹਿਮਤੀ ਚਾਹੁੰਦੇ ਹਾਂ। ਮੀਟਿੰਗ ਮਗਰੋਂ ਆਜ਼ਾਦ ਨੇ ਵੀ ਕਿਹਾ ਕਿ ਅਸੀਂ ਪਾਰਟੀ ਲੀਡਰਸ਼ਿਪ ਨਾਲ ਗੱਲ ਕਰਾਂਗੇ ਅਤੇ ਅੱਗੇ ਫ਼ੈਸਲਾ ਲਵਾਂਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਨੰਤ ਕੁਮਾਰ ਨੇ ਅਜ਼ਾਦ ਅਤੇ ਆਨੰਦ ਸ਼ਰਮਾ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ। ਸਰਕਾਰ ਦਾ ਮੰਨਣਾ ਹੈ ਕਿ ਅਨੰਤ ਕੁਮਾਰ ਦੀ ਇਸ ਪਹਿਲ ਮਗਰੋਂ ਬਿੱਲ ਪਾਸ ਕਰਾਉਣ ਲਈ ਕਾਂਗਰਸ ਨਾਲ ਗੱਲਬਾਤ ਛੇਤੀ ਸ਼ੁਰੂ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ 'ਚ ਬਹੁਮਤ ਨਾ ਹੋਣ ਕਾਰਨ ਸਰਕਾਰ ਨੂੰ ਬਿੱਲ ਪਾਸ ਕਰਾਉਣ ਲਈ ਵਿਰੋਧੀ ਧਿਰ ਦੇ ਸਹਿਯੋਗ ਦੀ ਲੋੜ ਹੈ।