Latest News
ਰਜਵਾੜਾਸ਼ਾਹੀ ਆਗੂਆਂ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਾ ਰੱਖੋ : ਬਾਦਲ

Published on 15 Jul, 2016 11:26 AM.


ਮਾਹਿਲਪੁਰ (ਸ਼ਿਵ ਕੁਮਾਰ ਬਾਵਾ)
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ, ਕਿਉਂਕਿ ਰਜਵਾੜਾਸ਼ਾਹੀ ਸੋਚ ਦੇ ਮਾਲਕ ਆਗੂਆਂ ਪਾਸੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ।
ਅੱਜ ਇੱਥੇ ਸੰਗਤ ਦਰਸ਼ਨ ਦੌਰਾਨ ਪਿੰਡ ਕੁੱਕੜਾਂ, ਸੈਲਾ ਖੁਰਦ ਅਤੇ ਹੋਰ ਪਿੰਡਾਂ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂ ਸੱਤਾ ਦਾ ਪ੍ਰਯੋਗ ਸਿਰਫ਼ ਆਪਣੀ ਭਲਾਈ ਅਤੇ ਐਸ਼ਪ੍ਰਸਤੀ ਵਾਸਤੇ ਕਰਦੇ ਹਨ। ਇਨ੍ਹਾਂ ਆਗੂਆਂ ਨੂੰ ਪੰਜਾਬ ਜਾਂ ਇੱਥੋਂ ਦੇ ਲੋਕਾਂ ਦੀ ਭਲਾਈ ਨਾਲ ਕੋਈ ਵਾਸਤਾ ਨਹੀਂ ਅਤੇ ਸੱਤਾ ਵਿੱਚ ਰਹਿਣ ਦੌਰਾਨ ਇਹ ਆਗੂ ਸਿਰਫ਼ ਲੋਕਾਂ ਤੋਂ ਦੂਰੀ ਬਣਾਈ ਰੱਖਣ ਵਿੱਚ ਹੀ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਅੱਜ ਦੇਸ਼ ਗਰੀਬੀ ਅਨਪੜ੍ਹਤਾ ਅਤੇ ਬੇਰੁਜ਼ਗਾਰੀ ਜਿਹੀਆਂ ਸਮਾਜਿਕ ਅਲਾਮਤਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮੌਕੇ ਉਹਨਾਂ ਮਾਹਿਲਪੁਰ ਸ਼ਹਿਰ ਦੇ ਵਿਕਾਸ ਲਈ ਪੰਜ ਕਰੋੜ ਰੁਪਿਆ ਦੇਣ ਦਾ ਐਲਾਨ ਕੀਤਾ, ਜਿਸ ਦੀ ਪਹਿਲੀ ਕਿਸ਼ਤ ਸਵਾ ਕਰੋੜ ਦਾ ਚੈੱਕ ਨਗਰ ਪੰਚਾਇਤ ਨੂੰ ਮੌਕੇ 'ਤੇ ਹੀ ਦਿੱਤਾ।
ਉਨ੍ਹਾਂ ਕਿਹਾ ਕਿ ਜਿੱਥੇ ਉਹ ਪਿੰਡ-ਪਿੰਡ ਘੁੰਮ ਕੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ, ਉੱਥੇ ਕਾਂਗਰਸ ਕਾਰਜਕਾਲ ਦੌਰਾਨ ਕੋਈ ਵੀ ਮੁੱਖ ਮੰਤਰੀ ਅਜਿਹੇ ਲੋਕ ਪੱਖੀ ਉਪਰਾਲੇ ਨਹੀਂ ਕਰਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਵਾਂਗ ਹੈ ਅਤੇ ਸਾਰੇ ਪੰਜਾਬੀਆਂ ਨੂੰ ਇਹ ਪਤਾ ਹੈ ਕਿ ਮੈਂ ਸੂਬੇ ਦੇ ਹਿੱਤਾਂ ਖਾਤਰ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਐੱਸ ਵਾਈ ਐੱਲ ਨਹਿਰ ਦਾ ਸੰਬੰਧ ਹੈ, ਅਕਾਲੀ ਦਲ ਨੇ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਲਈ ਬਣਾÂਾ ਕੋਈ ਵੀ ਯੋਜਨਾ ਦਾ ਮੁੱਢ ਤੋਂ ਵਿਰੋਧ ਕੀਤਾ ਹੈ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਯਾਦ ਕਰਾਇਆ ਕਿ ਜਦੋਂ ਉਨ੍ਹਾਂ ਮੌਜੂਦਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਆਗੂ ਇੰਦਰਾ ਗਾਂਧੀ ਨਾਲ ਇਹ ਨਹਿਰ ਖੋਦਣ ਲਈ ਸਵਾਗਤ ਕਰ ਰਹੇ ਸਨ, ਤਾਂ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੇ ਇਸ ਖਿਲਾਫ਼ ਗ੍ਰਿਫਤਾਰੀਆਂ ਦਿੱਤੀਆਂ ਸਨ। ਉਨ੍ਹਾ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕਾਂਗਰਸੀ ਆਗੂ ਫੋਕੀ ਸ਼ੋਹਰਤ ਹਾਸਲ ਕਰਨ ਲਈ ਹੁਣ ਇਸ ਮੁੱਦੇ 'ਤੇ ਮੱਗਰਮੱਛੀ ਹੰਝੂ ਵਹਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੀ ਜ਼ਿਦਗੀ ਉਨ੍ਹਾ ਲੋਕਾਂ ਦੀ ਜੀ-ਜਾਨ ਨਾਲ ਸੇਵਾ ਕੀਤੀ ਹੈ, ਦੂਜੇ ਪਾਸੇ ਰਜਵਾੜਾਸ਼ਾਹੀ ਸੋਚ ਵਾਲੇ ਕਾਂਗਰਸੀ ਆਗੂਆਂ ਨੇ ਕਦੇ ਵੀ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪਾਣੀ ਪੰਜਾਬ ਦੀ ਜਿੰਦ-ਜਾਨ ਹੈ ਅਤੇ ਇਸ ਨੂੰ ਖੋਹਣ ਦੇ ਕਿਸੇ ਵੀ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਤਲੁਜ-ਯਮੁਨਾ ਲਿੰਕ ਨਹਿਰ ਨਾ ਬਣਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਮੁੱਦਾ ਨਹੀਂ, ਬਲਕਿ ਹਰ ਪੰਜਾਬੀ ਲਈ ਇਕ ਅਹਿਮ ਮੁੱਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਇਸ ਮੁੱਦੇ 'ਤੇ ਪੂਰੀ ਤਰ੍ਹਾਂ ਨਾਲ ਇਕਜੁਟ ਹੈ, ਤਾਂ ਜੋ ਸੂਬੇ ਦੇ ਪਾਣੀਆਂ ਦੀ ਰਾਖੀ ਕੀਤੀ ਜਾ ਸਕੇ। ਸੂਬਾ ਸਰਕਾਰ ਨੇ ਮਤਾ ਪਾਸ ਕਰਕੇ ਇਸ ਨਹਿਰ ਦੀ ਪੁਰਜ਼ੋਰ ਵਿਰੋਧਤਾ ਕੀਤੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦਾ ਰਿਸ਼ਤਾ ਨਹੁੰ-ਮਾਸ ਵਰਗਾ ਹੈ। ਉਨ੍ਹਾ ਕਿਹਾ ਕਿ ਇਹ ਇੱਕ ਸਿਆਸੀ ਰਿਸ਼ਤਾ ਨਾ ਹੋਣ ਕਰਕੇ ਆਪਸੀ ਭਾਈਚਾਰੇ ਅਤੇ ਯਕੀਨ 'ਤੇ ਅਧਾਰਤ ਹੈ।
ਇਕ ਅਹਿਮ ਐਲਾਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੰਢੀ ਖੇਤਰ ਨੂੰ ਨਿਯਮਤ ਤੌਰ 'ਤੇ ਪਾਣੀ ਪਹੁੰਚਾਉਣ ਲਈ ਚੱਲ ਰਹੇ ਕੰਢੀ ਕੈਨਾਲ ਦਾ ਕੰਮ ਵੱਧ ਤੋਂ ਵੱਧ ਇੱਕ ਪੰਦਰਵਾੜੇ ਵਿੱਚ ਪੂਰਾ ਕਰ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਕੈਨਾਲ ਤੋਂ ਇਲਾਵਾ ਸੂਬਾ ਸਰਕਾਰ ਇਸ ਖੇਤਰ ਵਿੱਚ ਡਰਿੱਪ ਸਿੰਚਾਈ ਨੂੰ ਵੀ ਉਤਸ਼ਾਹਤ ਕਰ ਰਹੀ ਹੈ। ਕੰਢੀ ਖੇਤਰ ਦੇ ਕਿਸਾਨਾਂ ਦੀ ਫ਼ਸਲ ਦਾ ਜੰਗਲੀ ਜਾਨਵਰਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਵਾੜ ਲਾਉਣ ਲਈ ਢਾਈ ਏਕੜ ਤੱਕ ਦੇ ਕਿਸਾਨ ਨੂੰ 90 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜਦਕਿ ਢਾਈ ਏਕੜ ਤੋਂ ਵੱਧ ਵਾਲੇ ਕਿਸਾਨ ਨੂੰ 70 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਵਿਧਾਇਕ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਸ੍ਰੀਮਤੀ ਅਨੰਦਿਤਾ ਮਿਤਰਾ, ਐੱਸ ਐੱਸ ਪੀ ਕੁਲਦੀਪ ਸਿੰਘ ਚਾਹਲ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਇਸ ਮੌਕੇ ਸੰਗਤ ਦਰਸ਼ਨ ਦੌਰਾਨ ਸਥਿਤੀ ਉਸ ਸਮੇਂ ਨਾਜ਼ੁਕ ਬਣ ਗਈ, ਜਦ ਆਂਗਨਬਾੜੀ ਯੂਨੀਅਨ, ਚੌਕੀਦਾਰ ਅਤੇ ਮਨਰੇਗਾ ਮਜ਼ਦੂਰਾਂ ਵੱਲੋਂ ਕਾਮਰੇਡ ਮਹਿੰਦਰ ਕੁਮਾਰ ਬੱਢੋਆਣ ਦੀ ਅਗਵਾਈ ਵਿਚ ਜ਼ੋਰਦਾਰ ਨਆਰੇਬਾਜ਼ੀ ਕਰਦਿਆਂ ਸਰਕਾਰ ਨੂੰ ਗਰੀਬ, ਮਜ਼ਦੂਰ, ਮੁਲਾਜ਼ਮ ਮਾਰੂ ਸਰਕਾਰ ਆਖਿਆ।
ਇਸ ਮੌਕੇ ਪੁਲਸ ਦੀ ਖਿਚਾਈ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਤੁਸੀਂ ਇਹਨਾਂ ਨੂੰ ਇਥੇ ਪਹੁੰਚ ਜਾਣ ਵਿਚ ਨਕਾਮ ਸਾਬਤ ਹੋ ਗਏ ਹੋ ਤਾਂ ਹੁਣ ਇਹਨਾਂ ਨੂੰ ਮੇਰੇ ਨਾਲ ਮਿਲਾ ਦਿਓ। ਮੁੱਖ ਮੰਤਰੀ ਨੇ ਮੌਕੇ 'ਤੇ ਹੀ ਆਂਗਨਵਾੜੀ, ਚੌਕੀਦਾਰ ਅਤੇ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ। ਚੌਕੀਦਾਰਾਂ ਅਤੇ ਆਂਗਨਵਾੜੀ ਮਜ਼ਦੂਰਾਂ ਦੇ ਭੱਤੇ ਵਿਚ ਫੌਰੀ ਤੌਰ 'ਤੇ ਵਾਧਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

487 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper