ਅਰੁਣਾਚਲ 'ਚ ਜ਼ੋਰ-ਅਜ਼ਮਾਇਸ਼ 'ਤੇ ਟਕਰਾਅ

ਗੁਹਾਟੀ (ਨਵਾਂ ਜ਼ਮਾਨਾ ਸਰਵਿਸ)
ਅਰੁਣਾਚਲ ਪ੍ਰਦੇਸ਼ 'ਚ ਜ਼ੋਰ-ਅਜਮਾਇਸ਼ ਨੂੰ ਲੈ ਕੇ ਟਕਰਾਅ ਵਧ ਗਿਆ ਹੈ। ਮੁੱੱਖ ਮੰਤਰੀ ਨਾਬਾਮ ਤੁਕੀ ਨੂੰ ਰਾਜਪਾਲ ਨੇ ਸ਼ਨੀਵਾਰ ਨੂੰ ਦੁਪਹਿਰ ਦੋ ਵਜੇ ਤੋਂ ਬਾਅਦ ਬਹੁਮਤ ਸਾਬਤ ਕਰਨ ਲਈ ਕਿਹਾ ਤਾਂ ਸਪੀਕਰ ਨਾਬਾਮ ਰੇਬੀਆ ਨੇ ਅਜਿਹਾ ਕਰਨ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਇੰਨੀ ਜਲਦੀ ਸਮਾਗਮ ਬੁਲਾਉਣਾ ਸੰਭਵ ਨਹੀਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਬਾਮ ਤੁਕੀ ਨੇ ਰਾਜਪਾਲ ਤਥਾਗਤ ਰਾਏ ਨਾਲ ਮੁਲਾਕਾਤ ਕੀਤੀ ਅਤੇ ਸਦਨ 'ਚ ਬਹੁਮਤ ਸਾਬਤ ਕਰਨ ਲਈ 10 ਦਿਨ ਦਾ ਸਮਾਂ ਮੰਗਿਆ। ਤੁਕੀ ਨੇ ਰਾਜਭਵਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾ ਰਾਜਪਾਲ ਨਾਲ ਮੁਲਾਕਾਤ ਕਰਕੇ 10 ਦਿਨ ਦਾ ਸਮਾਂ ਮੰਗਿਆ ਹੈ, ਕਿਉਂਕਿ ਹਰ ਪਾਸਿਓਂ ਕੱਟਿਆ ਹੋਇਆ ਸੂਬਾ ਹੈ ਤੇ ਮੌਸਮ ਵੀ ਬਰਸਾਤ ਦਾ ਹੈ। ਸਾਡੇ ਜ਼ਿਆਦਾਤਰ ਵਿਧਾਇਕ ਸੂਬੇ ਤੋਂ ਬਾਹਰ ਹਨ ਤੇ ਉਹ ਸ਼ਨੀਵਾਰ ਨੂੰ ਸਮਾਗਮ 'ਚ ਸ਼ਾਮਲ ਨਹੀਂ ਹੋ ਸਕਣਗੇ।
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਯਾਮ ਤੁਕੀ ਨੇ ਅੱਜ ਸੂਬੇ ਦੇ ਕਾਰਜਕਾਰੀ ਰਾਜਪਾਲ ਤਥਾਗਤ ਰਾਏ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਉਨ੍ਹਾ ਨੂੰ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਘੱਟੋ-ਘੱਟ 10 ਦਿਨਾਂ ਦਾ ਸਮਾਂ ਦਿੱਤਾ ਜਾਵੇ। ਰਾਜਪਾਲ ਨਾਲ ਮੁਲਾਕਾਤ ਮਗਰੋਂ ਤੁਕੀ ਨੇ ਕਿਹਾ ਕਿ ਉਨ੍ਹਾ ਨੇ ਬਹੁਮਤ ਸਾਬਤ ਕਰਨ ਲਈ ਹੋਰ ਸਮਾਂ ਮੰਗਿਆ ਹੈ ਅਤੇ ਉਹ ਸ਼ਾਮ ਤੱਕ ਰਾਜਪਾਲ ਦੇ ਜੁਆਬ ਦੀ ਉਡੀਕ ਕਰਨਗੇ। ਜ਼ਿਕਰਯੋਗ ਹੈ ਕਿ ਰਾਜਪਾਲ ਤਥਾਗਤ ਰਾਏ ਨੇ ਤੁਕੀ ਨੂੰ 16 ਜੁਲਾਈ ਤੱਕ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਕਿਹਾ ਸੀ। ਕੱਲ੍ਹ ਰਾਜਪਾਲ ਨੇ ਤੁਕੀ ਨੂੰ ਕਿਹਾ ਸੀ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਅਤੇ ਵਿਧਾਨ ਸਭਾ 'ਚ ਆਪਣਾ ਬਹੁਮਤ ਸਾਬਤ ਕਰਨ। ਇਸ ਦੇ ਨਾਲ ਰਾਜਪਾਲ ਨੇ ਹਦਾਇਤ ਕੀਤੀ ਕਿ ਹਾਊਸ ਦੀ ਕਾਰਵਾਈ ਸ਼ਾਂਤੀਪੂਰਨ ਅਤੇ ਸਹੀ ਤਰੀਕੇ ਨਾਲ ਚਲਾਈ ਜਾਵੇ ਅਤੇ ਵਿਧਾਨ ਸਭਾ ਦੀ ਕਾਰਵਾਈ ਦੀ ਵੀਡੀਉਗ੍ਰਾਫ਼ੀ ਕਰਵਾਈ ਜਾਵੇ ਅਤੇ ਬਹੁਮਤ ਜ਼ਬਾਨੀ ਨਹੀਂ, ਸਗੋਂ ਵੋਟਾਂ ਦੀ ਵੰਡ ਦੇ ਅਧਾਰ 'ਤੇ ਸਾਬਤ ਕੀਤਾ ਜਾਣਾ ਚਾਹੀਦਾ ਹੈ। ਰਾਜ ਭਵਨ ਵੱਲੋਂ ਜਾਰੀ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਕਿ ਇਸ ਬਾਰੇ ਵਿਧਾਨ ਸਭਾ ਸਕੱਤਰੇਤ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਅਹਿਮ ਫ਼ੈਸਲੇ ਰਾਹੀਂ ਸੂਬੇ 'ਚ ਕਾਂਗਰਸ ਦੀ ਨਯਾਮ ਤੁਕੀ ਸਰਕਾਰ ਨੂੰ ਬਹਾਲ ਕਰਨ ਦਾ ਹੁਕਮ ਦਿੱਤਾ ਸੀ।