ਤੁਰਕੀ 'ਚ ਰਾਜ ਪਲਟੇ ਦੀ ਕੋਸ਼ਿਸ਼; 200 ਤੋਂ ਵੱਧ ਮੌਤਾਂ

ਅੰਕਾਰਾ (ਨਵਾਂ ਜ਼ਮਾਨਾ ਸਰਵਿਸ)
ਤੁਰਕੀ 'ਚ ਫ਼ੌਜ ਦੇ ਇੱਕ ਧੜੇ ਵੱਲੋਂ ਤਖ਼ਤਾ ਪਲਟਣ ਲਈ ਕੀਤਾ ਗਿਆ ਯਤਨ ਨਾਕਾਮ ਹੋ ਗਿਆ, ਜਿਸ ਮਗਰੋਂ ਰਾਸ਼ਟਰਪਤੀ ਰਜਬ ਤਈਅਬ ਏਰਦੋਗਾਨ ਨੇ ਇਸਤੰਬੁਲ 'ਚ ਦਾਅਵਾ ਕੀਤਾ ਕਿ ਉਨ੍ਹਾ ਦਾ ਸੱਤਾ ਅਤੇ ਸਥਿਤੀ 'ਤੇ ਪੂਰਾ ਕੰਟਰੋਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫੌਜ ਅਤੇ ਟੈਂਕ ਬੀਤੀ ਦੇਰ ਰਾਤ ਸੜਕਾਂ 'ਤੇ ਆ ਗਏ ਅਤੇ 8 ਕਰੋੜ ਦੀ ਅਬਾਦੀ ਵਾਲੇ ਦੇਸ਼ ਦੇ ਦੋ ਵੱਡੇ ਸ਼ਹਿਰਾਂ ਅੰਕਾਰਾ ਅਤੇ ਇਸਤੰਬੁਲ 'ਚ ਸਾਰੀ ਰਾਤ ਧਮਾਕੇ ਹੁੰਦੇ ਰਹੇ ਅਤੇ ਦੋਵਾਂ ਸ਼ਹਿਰਾਂ 'ਚ ਹੋਈ ਹਿੰਸਾ 'ਚ 200 ਤਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 1500 ਜ਼ਖ਼ਮੀ ਹੋ ਗਏ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 754 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਅੱਜ ਸਵੇਰੇ ਰਾਸ਼ਟਰਪਤੀ ਏਰਦੋਗਾਨ ਨੇ ਤਖ਼ਤਾ ਪਲਟਣ ਦੇ ਯਤਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਿਸ ਰਾਸ਼ਟਰਪਤੀ ਨੂੰ ਦੇਸ਼ ਦੇ 52 ਫ਼ੀਸਦੀ ਲੋਕਾਂ ਨੇ ਚੁਣਿਆ, ਸੱਤਾ 'ਤੇ ਉਨ੍ਹਾ ਦਾ ਹੀ ਕੰਟਰੋਲ ਹੈ। ਉਨ੍ਹਾ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਬਿਨਾਲੀ ਨੇ ਕਿਹਾ ਕਿ ਕੁਝ ਲੋਕਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਤਖਤਾ ਪਲਟਣ ਦਾ ਯਤਨ ਕੀਤਾ, ਪਰ ਲੋਕਤੰਤਰ 'ਚ ਰੋੜਾ ਅਟਕਾਉਣ ਵਾਲੇ ਅਜਿਹੇ ਕਿਸੇ ਕਦਮ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਸੱਤਾ 'ਚ ਹੈ ਅਤੇ ਓਨੀ ਦੇਰ ਤੱਕ ਸੱਤਾ 'ਚ ਰਹੇਗੀ, ਜਦੋਂ ਤੱਕ ਉਸ ਨੂੰ ਲੋਕਾਂ ਦੀ ਹਮਾਇਤ ਪ੍ਰਾਪਤ ਹੈ।
ਪਤਾ ਚੱਲਿਆ ਹੈ ਕਿ ਫ਼ੌਜ ਨੇ ਇਸਤੰਬੁਲ 'ਚ ਭੀੜ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਵੱਡੀ ਗਿਣਤੀ 'ਚ ਲੋਕ ਮਾਰੇ ਗਏ, ਜਦਕਿ ਤਖਤਾ ਪਲਟਣ ਲਈ ਯਤਨਸ਼ੀਲ ਫ਼ੌਜੀਆਂ ਵੱਲੋਂ ਵਰਤੇ ਜਾ ਰਹੇ ਇੱਕ ਹੈਲੀਕਾਪਟਰ ਨੂੰ ਐਫ਼-16 ਜਹਾਜ਼ ਨੇ ਮਾਰ ਸੁੱਟਿਆ। ਇੱਕ ਰਿਪੋਰਟ ਅਨੁਸਾਰ ਅੰਕਾਰਾ ਦੇ ਬਾਹਰੀ ਇਲਾਕੇ 'ਚ ਸਥਿਤ ਵਿਸ਼ੇਸ਼ ਪੁਲਸ ਫੋਰਸ ਦੇ ਹੈੱਡਕੁਆਰਟਰ 'ਤੇ ਹੈਲੀਕਾਪਟਰ ਨਾਲ ਕੀਤੇ ਗਏ ਹਮਲੇ 'ਚ 17 ਪੁਲਸ ਅਧਿਕਾਰੀ ਮਾਰੇ ਗਏ ਅਤੇ ਇਸ ਹਮਲੇ 'ਚ ਕੁਲ ਮਿਲਾ ਕੇ 90 ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਦੌਰਾਨ ਤੁਰਕੀ ਦੀ ਸੰਸਦ 'ਚ ਵੀ ਧਮਾਕੇ ਦੀ ਖ਼ਬਰ ਹੈ, ਜਿੱਥੇ ਫ਼ੌਜ ਨੇ ਬਾਗੀਆਂ ਦੀ ਕਾਰਵਾਈ ਰੋਕਣ ਲਈ ਆਪਣੇ ਟੈਂਕ ਤਾਇਨਾਤ ਕਰ ਦਿੱਤੇ ਸਨ। ਤੁਰਕੀ ਦੇ ਸਰਕਾਰੀ ਪ੍ਰਸਾਰਨ ਟੀ ਆਰ ਟੀ ਅਨੁਸਾਰ ਦੇਸ਼ ਭਰ 'ਚ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਹਵਾਈ ਅੱਡਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤੁਰਕੀ ਦੀ ਰਾਜਧਾਨੀ ਅੰਕਾਰਾ 'ਚ ਫ਼ੌਜ ਦੇ ਹੈਲੀਕਾਪਟਰਾਂ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਅਤੇ ਰਾਜਧਾਨੀ 'ਚ ਕਈ ਥਾਵਾਂ 'ਤੇ ਧਮਾਕੇ ਦੀ ਆਵਾਜ਼ ਸੁਣੀ ਗਈ।
ਪਤਾ ਚੱਲਿਆ ਹੈ ਕਿ ਇਸਤੰਬੁਲ 'ਚ ਬੋਸ ਫੋਰਸ ਅਤੇ ਫਾਤਿਹ ਸੁਲਤਾਨ ਮੇਹਮੇਟ ਪੁਲਾਂ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਇਸਤੰਬੁਲ ਹਵਾਈ ਅੱਡੇ ਦੇ ਬਾਹਰ ਟੈਂਕ ਤਾਇਨਾਤ ਕਰ ਦਿੱਤੇ ਗਏ ਹਨ। ਉਧਰ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਏਰਦੋਗਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ, ਪਰ ਉਨ੍ਹਾ ਨੇ ਰਾਸ਼ਟਰਪਤੀ ਦੇ ਟਿਕਾਣੇ ਬਾਰੇ ਜਾਣਕਾਰੀ ਨਾ ਦਿੱਤੀ। ਰਾਸ਼ਟਰਪਤੀ ਏਰਦੋਗਾਨ ਨੇ ਦੇਸ਼ ਦੇ ਲੋਕਾਂ ਨੂੰ ਸਰਕਾਰ ਦੀ ਹਮਾਇਤ 'ਚ ਸੜਕਾਂ 'ਤੇ ਉਤਰਨ ਲਈ ਕਿਹਾ ਹੈ। ਉਧਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਪਲਟੇ ਦੀ ਕੋਸ਼ਿਸ਼ ਵਰਗਾ ਗ਼ੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਲੋਕਤੰਤਰ 'ਤੇ ਕਾਲਾ ਧੱਬਾ : ਬਿਨਾਲੀ
ਤੁਰਕੀ ਦੇ ਪ੍ਰਧਾਨ ਮੰਤਰੀ ਬਿਨਾਲੀ ਯਲੀਦੀਰਿਮ ਨੇ ਕਿਹਾ ਹੈ ਕਿ ਦੇਸ਼ 'ਚ ਤਖਤਾ ਪਲਟਣ ਦੀ ਕੋਸ਼ਿਸ਼ 'ਚ 161 ਵਿਅਕਤੀ ਮਾਰੇ ਗਏ ਹਨ ਅਤੇ 2839 ਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਆਪਣੀ ਰਿਹਾਇਸ਼ ਕਾਨਾਕਾਆ ਪੈਲੇਸ ਨੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਲੀਦੀਰਿਮ ਨੇ ਕਿਹਾ ਹੈ ਕਿ ਤਖਤਾ ਪਲਟਣ ਦੀ ਕੋਸ਼ਿਸ਼ ਤੁਰਕੀ ਦੇ ਲੋਕਤੰਤਰ 'ਤੇ ਇੱਕ ਕਾਲਾ ਧੱਬਾ ਹੈ। ਉਨ੍ਹਾ ਦੱਸਿਆ ਕਿ ਇਸ ਕਾਰਵਾਈ 'ਚ 1440 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰੇ ਗਏ 161 ਲੋਕਾਂ 'ਚ ਹਮਲਾਵਰ ਸ਼ਾਮਲ ਨਹੀਂ ਹਨ। ਫ਼ੌਜ ਦੇ ਕਾਰਜਕਾਰੀ ਮੁਖੀ ਉਮਿਤ ਦੁੰਦਾਰ ਨੇ ਪਹਿਲਾਂ ਕਿਹਾ ਸੀ ਕਿ ਇਸ ਕਾਰਵਾਈ 'ਚ 104 ਵਿਅਕਤੀ ਮਾਰੇ ਗਏ ਹਨ। ਯਲੀਦੀਰਿਮ ਨੇ ਤਖਤਾ ਪਲਟਣ ਦੀ ਕੋਸ਼ਿਸ਼ ਲਈ ਅਮਰੀਕਾ ਅਧਾਰਤ ਤੁਰਕ ਧਰਮ ਗੁਰੂ ਫਤਿਹ ਉਲਾ ਗੁਲੇਨ ਦੇ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ ਨੇ ਹੁਣ ਤੱਕ ਗੁਲੇਨ ਦੀ ਹਵਾਲਗੀ ਬਾਰੇ ਕੋਈ ਦਿਲਚਸਪੀ ਨਹੀਂ ਦਿਖਾਈ ਹੈ। ਤੁਰਕੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਤਿਹ ਉਲਾ ਗੁਲੇਨ ਇੱਕ ਅੱਤਵਾਦੀ ਜਥੇਬੰਦੀ ਦਾ ਆਗੂ ਹੈ ਅਤੇ ਉਸ ਦੇ ਪਿੱਛੇ ਜੋ ਵੀ ਹੈ, ਉਹ ਤੁਰਕੀ ਦਾ ਮਿੱਤਰ ਨਹੀਂ ਅਤੇ ਉਸ ਨੇ ਤੁਰਕੀ ਵਿਰੁੱਧ ਗੰਭੀਰ ਜੰਗ ਛੇੜ ਰੱਖੀ ਹੈ।