ਕਸ਼ਮੀਰ 'ਚ ਭੀੜ ਵੱਲੋਂ ਫ਼ੌਜ ਦੇ ਕੈਂਪ 'ਤੇ ਹਮਲਾ

ਨਵੀਂ ਦਿੱਲੀ/ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ 'ਚ ਅੱਜ ਇੱਕ ਭੀੜ ਨੇ ਫ਼ੌਜ ਦੇ ਇੱਕ ਕੈਂਪ 'ਚ ਦਾਖ਼ਲ ਹੋਣ ਦਾ ਯਤਨ ਕੀਤਾ, ਪਰ ਫ਼ੌਜ ਨੇ ਉਨ੍ਹਾਂ ਨੂੰ ਕੈਂਪ 'ਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਇਸੇ ਦੌਰਾਨ ਕੇਂਦਰ ਸਰਕਾਰ ਨੇ ਸੀ ਆਰ ਪੀ ਐਫ਼ ਦੇ 2000 ਹੋਰ ਜਵਾਨ ਕਸ਼ਮੀਰ ਭੇਜੇ ਹਨ। ਜ਼ਿਕਰਯੋਗ ਹੈ ਕਿ ਕਸ਼ਮੀਰ ਵਾਦੀ 'ਚ 9 ਜੁਲਾਈ ਤੋਂ ਜਾਰੀ ਹਿੰਸਾ 'ਚ 39 ਵਿਅਕਤੀ ਮਾਰੇ ਜਾ ਚੁੱਕੇ ਹਨ।
ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਬਾਂਦੀਪੁਰਾ ਜ਼ਿਲ੍ਹੇ 'ਚ ਅਜਸ ਨੇੜੇ ਫ਼ੌਜ ਦੇ ਕੈਂਪ 'ਤੇ ਹਮਲਾ ਕੀਤਾ, ਜਿਸ ਕਰਕੇ ਸੁਰੱਖਿਆ ਦਸਤਿਆਂ ਨੂੰ ਗੋਲੀਆਂ ਚਲਾਉਣ ਲਈ ਮਜਬੂਰ ਹੋਣਾ ਪਿਆ। ਇਸ ਘਟਨਾ 'ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਖੇਤਰ 'ਚ ਲਗਾਤਾਰ ਤੀਜੇ ਦਿਨ ਵੀ ਕਰਫ਼ਿਊ ਜਾਰੀ ਰਿਹਾ ਅਤੇ ਸ਼ਾਂਤੀ ਬਹਾਲ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨ ਨਾ ਕਾਫ਼ੀ ਸਾਬਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਵਾਦੀ 'ਚ 9 ਦਿਨ ਪਹਿਲਾਂ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ ਹਿਜਬੁਲ ਮੁਜਾਹਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਮਗਰੋਂ ਭੜਕੀ ਹਿੰਸਾ 'ਚ ਹੁਣ ਤੱਕ 39 ਮੌਤਾਂ ਹੋ ਚੁੱਕੀਆਂ ਹਨ ਅਤੇ 3160 ਵਿਅਕਤੀ ਜ਼ਖ਼ਮੀ ਹੋ ਗਏ। ਵਾਦੀ 'ਚ ਕਰਫ਼ਿਊ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ ਅਤੇ ਜ਼ਰੂਰੀ ਵਸਤੂਆਂ ਦੀ ਕਿੱਲਤ ਹੋ ਗਈ ਹੈ। ਇਸ ਤੋਂ ਪਹਿਲਾਂ ਬਾਂਦੀਪੁਰਾ ਦੇ ਵਿਧਾਇਕ ਉਸਮਾਨ ਅਬੁਦਲ ਮਾਜਿਦ ਨੇ ਕਿਹਾ ਕਿ ਝੜਪ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਉਧਰ ਪ੍ਰਸ਼ਾਸਨ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਜ ਸਥਿਤੀ ਆਮ ਤੌਰ 'ਤੇ ਸ਼ਾਂਤ ਰਹੀ। ਮੋਬਾਈਲ ਟੈਲੀਫ਼ੋਨ ਸੇਵਾਵਾਂ 'ਤੇ ਪਾਬੰਦੀ ਲਾਉਣ ਮਗਰੋਂ ਹੁਣ ਪ੍ਰਸ਼ਾਸਨ ਨੇ ਲੀਂਡਲਾਈਨ ਫੋਨ ਸੇਵਾ 'ਤੇ ਵੀ ਰੋਕ ਲਾ ਦਿੱਤੀ ਹੈ ਤਾਂ ਜੋ ਹਿੰਸਕ ਪ੍ਰਦਰਸ਼ਨਾਂ 'ਤੇ ਰੋਕ ਲਾਈ ਜਾ ਸਕੇ।
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਵਾਦੀ 'ਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਅਹਿਤਿਆਤ ਵਜੋਂ ਸਾਰੇ 10 ਜ਼ਿਲ੍ਹਿਆਂ 'ਚ ਕਰਫ਼ਿਊ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਪਾਬੰਦੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੂਰੀ ਵਾਦੀ 'ਚ ਪੁਲਸ ਅਤੇ ਨੀਮ ਫ਼ੌਜੀ ਦਸਤਿਆਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਸੀ ਆਰ ਪੀ ਦੀਆਂ 20 ਹੋਰ ਕੰਪਨੀਆਂ ਸੂਬੇ 'ਚ ਭੇਜੀਆਂ ਗਈਆਂ ਹਨ। ਪਿਛਲੇ ਹਫ਼ਤੇ ਵੀ ਸੀ ਆਰ ਪੀ ਦੀਆਂ 28 ਕੰਪਨੀਆਂ ਕਸ਼ਮੀਰ ਵਾਦੀ 'ਚ ਭੇਜੀਆਂ ਗਈਆਂ ਸਨ। ਸੂਬੇ 'ਚ ਹਾਲਾਤ ਦੇ ਮੱਦੇਨਜ਼ਰ ਪੀ ਐਸ ਸੀ ਸਮੇਤ ਸਾਰੇ ਇੰਟਰਵਿਊ ਬੰਦ ਕਰ ਦਿੱਤੇ ਗਏ ਹਨ। ਜੰਮੂ-ਸ੍ਰੀਨਗਰ ਹਾਈਵੇ ਪਿਛਲੇ ਇੱਕ ਹਫ਼ਤੇ ਤੋਂ ਬੰਦ ਹੋਣ ਕਾਰਨ ਜ਼ਰੂਰੀ ਸਾਮਾਨ ਦੀ ਕਿੱਲਤ ਪੈਦਾ ਹੋ ਗਈ ਹੈ। ਉਧਰ ਪੀ ਡੀ ਪੀ ਆਗੂ ਮੁਜ਼ੱਫਰ ਬੇਗ ਨੇ ਕਿਹਾ ਕਿ ਤਾਲਮੇਲ ਦੀ ਘਾਟ ਕਾਰਨ ਕਸ਼ਮੀਰ 'ਚ ਫ਼ਿਰਕੂ ਤਣਾਅ ਪੈਦਾ ਹੋਇਆ ਹੈ। ਸੁਰੱਖਿਆ ਏਜੰਸੀਆਂ 'ਤੇ ਸਰਕਾਰ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਬੁਰਹਾਨ ਵਾਨੀ ਨੂੰ ਜ਼ਿੰਦਾ ਫੜਿਆ ਜਾਣਾ ਚਾਹੀਦਾ ਸੀ।