ਰਾਹੁਲ, ਸੋਨੀਆ ਤੇ ਅਡਵਾਨੀ ਅਜੇ ਤੱਕ ਸੁੱਚੇ ਮੂੰਹ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰ 'ਚ ਐੱਨ ਡੀ ਏ ਸਰਕਾਰ ਦੇ ਗਠਨ ਮਗਰੋਂ ਲੋਕ ਸਭਾ 'ਚ ਸਰਕਾਰ ਤੋਂ ਸੁਆਲ ਪੁੱਛਣ ਵਾਲਿਆਂ 'ਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਸਭ ਤੋਂ ਪਿੱਛੇ ਹਨ। ਉਨ੍ਹਾਂ ਦੇ ਨਾਲ-ਨਾਲ ਉਨ੍ਹਾ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ 'ਚ ਕੋਈ ਸੁਆਲ ਨਹੀਂ ਪੁੱਛਿਆ, ਜਿਥੋਂ ਤੱਕ ਜੁਆਬ ਮੰਗਣ ਦੀ ਗੱਲ ਹੈ, ਸਾਬਕਾ ਮਨੁੱਖੀ ਸਰੋਤ ਵਿਕਾਸ ਮੰਤਰੀ ਸਮਰਿਤੀ ਇਰਾਨੀ ਤੋਂ ਸਭ ਤੋਂ ਵੱਧ ਜੁਆਬ ਮੰਗੇ ਗਏ।
ਕਾਂਗਰਸ ਨੇ ਇਸ 'ਤੇ ਆਪਣੀ ਪ੍ਰਤੀਕ੍ਰਿਆ 'ਚ ਕਿਹਾ ਹੈ ਕਿ ਅਸੀਂ ਲਗਾਤਾਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਹੈ ਅਤੇ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੇ ਹਾਂ। ਕਾਂਗਰਸ ਆਗੂਆਂ ਨੇ ਕਿਹਾ ਕਿ ਹਰੇਕ ਸੁਆਲ ਪਾਰਟੀ ਵੱਲੋਂ ਕੀਤਾ ਗਿਆ ਸੁਆਲ ਹੈ ਅਤੇ ਪਾਰਟੀ ਨੇ ਜਿਹੜੇ ਸੁਆਲ ਸਰਕਾਰ ਤੋਂ ਪੁੱਛੇ, ਉਹ ਰਾਹੁਲ ਗਾਂਧੀ ਵੱਲੋਂ ਪੁੱਛੇ ਗਏ ਸੁਆਲ ਹਨ।
ਲੋਕ ਸਭਾ 'ਚ ਸੁਆਲ ਪੁੱਛਣ ਦੇ ਮਾਮਲੇ 'ਚ ਮਹਾਰਾਸ਼ਟਰ ਦੇ ਐਮ ਪੀ ਸਭ ਤੋਂ ਅੱਗੇ ਹਨ। ਲੋਕ ਸਭਾ ਤੋਂ ਮਿਲੇ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਸੁਆਲ ਪੁੱਛਣ ਵਾਲੇ 10 ਮੈਂਬਰਾਂ 'ਚੋਂ 9 ਮਹਾਰਾਸ਼ਟਰ ਦੇ ਹਨ ਅਤੇ ਇਹਨਾਂ 'ਚੋਂ ਵੀ ਜ਼ਿਆਦਾਤਰ ਭਾਜਪਾ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ ਦੇ ਹਨ। ਮਹਾਰਾਸ਼ਟਰ ਦੇ ਬਾਰਾਮਤੀ ਹਲਕੇ ਤੋਂ ਐਨ ਸੀ ਪੀ ਦੀ ਮੈਂਬਰ ਸੁਪ੍ਰਿਆ ਸੁਲੇ ਨੇ ਸਭ ਤੋਂ ਵਧ 568 ਸੁਆਲ ਪੁੱਛੇ, ਜਦਕਿ ਭਾਜਪਾ ਦੇ ਨੌਜੁਆਨ ਆਗੂ ਵਰੁਣ ਗਾਂਧੀ ਨੇ 254 ਸੁਆਲ ਪੁੱਛੇ। ਲੋਕ ਸਭਾ 'ਚ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ 128 ਅਤੇ ਆਈ ਐਮ ਆਈ ਐਮ ਦੇ ਅਸਦੁਦੀਨ ਉਵੈਸੀ ਨੇ 448 ਸੁਆਲ ਪੁੱਛੇ। 16ਵੀਂ ਲੋਕ ਸਭਾ ਦੌਰਾਨ ਸਭ ਤੋਂ ਵੱਧ ਸੁਆਲ ਸਾਬਕਾ ਮਨੁੱਖੀ ਸਰੋਤ ਵਿਕਾਸ ਮੰਤਰੀ ਸਮਰਿਤੀ ਇਰਾਨੀ ਤੋਂ ਪੁੱਛੇ ਗਏ। ਉਨ੍ਹਾ ਦੇ ਮੰਤਰੀ ਹੁੰਦਿਆਂ ਮੰਤਰਾਲੇ ਨੇ 2271 ਸੁਆਲਾਂ ਦੇ ਜੁਆਬ ਦਿੱਤੇ। ਇਸ ਮਗਰੋਂ ਰੇਲਵੇ (2249), ਵਿੱਤ (1843) ਅਤੇ ਗ੍ਰਹਿ ਮੰਤਰਾਲੇ (1784) ਦਾ ਨੰਬਰ ਆਉਂਦਾ ਹੈ ਅਤੇ ਹੁਣ ਤੱਕ 16ਵੀਂ ਲੋਕ ਸਭਾ 'ਚ 34497 ਸੁਆਲਾਂ ਦੇ ਜੁਆਬ ਦਿੱਤੇ ਜਾ ਚੁੱਕੇ ਹਨ।