ਬੁਲਾਰੀਆ ਵੱਲੋਂ ਮਜੀਠੀਆ 'ਤੇ ਤਿੱਖੇ ਹਮਲੇ

ਅੰਮ੍ਰਿਤਸਰ (ਜਸਬੀਰ ਸਿੰਘ)
ਸ਼੍ਰੋਮਣੀ ਅਕਾਲੀ ਦਲ ਵਿੱਚੋਂ ਮੁਅੱਤਲ ਕੀਤੇ ਗਏ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਰਾਜਨੀਤੀ ਬਾਰੇ ਕੁਝ ਵੀ ਪਤਾ ਨਹੀਂ ਸੀ, ਉਨ੍ਹਾ ਨੂੰ ਸਿਰਫ ਸੁਖਬੀਰ ਬਾਦਲ ਦੀ ਪਤਨੀ ਦਾ ਭਰਾ ਹੋਣ ਕਰਕੇ ਰਾਜਨੀਤੀ ਵਿੱਚ ਲਿਆਂਦਾ ਗਿਆ। ਸ੍ਰੀ ਬੁਲਾਰੀਆ ਨੇ ਕਿਹਾ ਕਿ ਮਜੀਠੀਆ ਤਾਂ ਸੁਖਬੀਰ ਬਾਦਲ ਦੇ ਦਹੇਜ ਨਾਲ ਆਏ ਹਨ।
ਦਰਅਸਲ ਬੁਲਾਰੀਆ ਵੱਲੋਂ ਪਿਛਲੇ ਸਮੇਂ ਵਿੱਚ ਮਜੀਠੀਆ ਬਾਰੇ ਕੀਤੀ ਗਈ ਬਿਆਨਬਾਜ਼ੀ ਤੇ ਅਕਾਲੀ ਦਲ ਖਿਲਾਫ ਖੋਲ੍ਹੇ ਗਏ ਮੋਰਚੇ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਬੁਲਾਰੀਆ ਨੂੰ ਰਾਜਨੀਤੀ ਵਿੱਚ ਉਨ੍ਹਾ ਦੇ ਪਿਤਾ ਕਰਕੇ ਲਿਆਂਦਾ ਗਿਆ ਸੀ। ਇਸੇ ਕਰਕੇ ਹੀ ਕਈ ਅਹੁਦਿਆਂ ਨਾਲ ਨਿਵਾਜਿਆ ਗਿਆ, ਜਦਕਿ ਬੁਲਾਰੀਆ ਇਨ੍ਹਾਂ ਅਹੁਦਿਆਂ ਦੇ ਯੋਗ ਵੀ ਨਹੀਂ ਸਨ। ਬੁਲਾਰੀਆ ਦਾ ਕਹਿਣਾ ਹੈ ਕਿ ਉਨ੍ਹਾ ਨੂੰ ਦਿੱਤੇ ਗਏ ਅਹੁਦੇ ਅਕਾਲੀ ਦਲ ਦੀ ਮਜਬੂਰੀ ਸੀ, ਕਿਉਂਕਿ ਉਨ੍ਹਾ ਕੋਲ ਮਾਝੇ ਵਿੱਚ ਕੋਈ ਵੀ ਅਜਿਹਾ ਲੀਡਰ ਨਹੀਂ ਸੀ, ਜੋ ਪਾਰਟੀ ਨੂੰ ਮਜ਼ਬੂਤ ਕਰ ਸਕਦਾ ਸੀ।
ਬੁਲਾਰੀਆ ਨੇ ਬਿਕਰਮ ਮਜੀਠੀਆ 'ਤੇ ਦੋਸ਼ ਲਾਇਆ ਕਿ ਉਨ੍ਹਾ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾ ਕਿਹਾ ਕਿ 2012 ਦੀਆਂ ਚੋਣਾਂ ਦੌਰਾਨ ਮਜੀਠੀਆ ਨੇ ਉਨ੍ਹਾ ਦੀ ਸੀਟ ਦਾ ਕਾਂਗਰਸ ਨਾਲ ਸੌਦਾ ਕੀਤਾ ਸੀ। ਚੌਟਾਲਿਆਂ ਦੇ ਬੇਹੱਦ ਕਰੀਬੀ ਜਸਬੀਰ ਸਿੰਘ ਡਿੰਪਾ ਨੂੰ ਜਿਤਾਉਣ ਲਈ ਮਜੀਠੀਆ ਤੇ ਬਾਦਲਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ, ਪਰ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਇਲਾਵਾ ਬੁਲਾਰੀਆ ਦੇ ਵਿਰੋਧੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਵੀ ਮਜੀਠੀਆ ਨੇ ਇਹ ਸਬੂਤ ਪੇਸ਼ ਕੀਤਾ ਕਿ ਉਹ ਬੁਲਾਰੀਆ ਨੂੰ ਕਿਸੇ ਵੀ ਸ਼ਰਤ 'ਤੇ ਹਲਕੇ ਵਿੱਚ ਕਾਮਯਾਬ ਨਹੀਂ ਸੀ ਹੋਣ ਦੇਣਾ ਚਾਹੁੰਦੇ।
ਬੁਲਾਰੀਆ ਨੇ ਅਕਾਲੀਆਂ ਤੇ ਖਾਸ ਕਰਕੇ ਬਿਕਰਮ ਮਜੀਠੀਆ 'ਤੇ ਗੰਭੀਰ ਇਲਜ਼ਾਮ ਲਾਇਆ ਕਿ ਇਹ ਲੋਕ ਆਪਣੇ ਸਿਆਸੀ ਫਾਇਦਿਆਂ ਲਈ ਕਿਸੇ ਦੀ ਵੀ ਪਿੱਠ ਵਿੱਚ ਛੁਰਾ ਮਾਰ ਸਕਦੇ ਹਨ। ਇਸ ਲਈ ਇਨ੍ਹਾ ਤੋਂ ਬਹੁਤ ਸਾਰੇ ਅਕਾਲੀ ਲੀਡਰ ਦੁਖੀ ਹਨ ਤੇ ਸਮਾਂ ਆਉਣ 'ਤੇ ਉਹ ਵੀ ਇਨ੍ਹਾ ਖਿਲਾਫ ਬਗਾਵਤ ਕਰ ਸਕਦੇ ਹਨ। ਉਨ੍ਹਾ ਕਿਹਾ ਕਿ ਇਸ ਦੀ ਇੱਕ ਹੋਰ ਮਿਸਾਲ ਇਹ ਹੈ ਕਿ ਮਜੀਠੀਆ ਦੇ ਰਜਵਾੜਾਸ਼ਾਹੀ ਰਵੱਈਏ ਕਾਰਨ ਉਨ੍ਹਾ ਦੇ ਸਾਰੇ ਪੁਰਾਣੇ ਸਾਥੀ ਸਾਥ ਛੱਡ ਚੁੱਕੇ ਹਨ।
ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਸਵਾਲ 'ਤੇ ਉਨ੍ਹਾ ਕਿਹਾ ਕਿ ਇਸ ਬਾਰੇ ਉਹ ਜਲਦਬਾਜ਼ੀ ਵਿੱਚ ਫੈਸਲਾ ਨਹੀਂ ਲੈਣਗੇ। ਉਹ ਅਜੇ ਦੇਖਣਗੇ ਕਿ ਕਿਹੜੀ ਪਾਰਟੀ ਪੰਜਾਬ ਦੇ ਲੋਕਾਂ ਦਾ ਵੱਧ ਵਿਕਾਸ ਕਰਵਾ ਸਕਦੀ ਹੈ, ਉਸ ਨਾਲ ਉਹ ਜ਼ਰੂਰ ਜਾਣਗੇ। ਉਨ੍ਹਾ ਅਕਾਲੀ ਦਲ ਤੇ ਖਾਸ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਨੇਹਾ ਦਿੱਤਾ ਕਿ ਉਹ ਹਾਲੇ ਵੀ ਚੌਕੰਨੇ ਹੋ ਜਾਣ, ਨਹੀਂ ਤਾਂ 2017 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਵਿੱਚ ਹਨ।