Latest News

ਜੰਮੂ-ਕਸ਼ਮੀਰ ਨੂੰ ਵਿਆਪਕ ਖੁਦਮੁਖਤਾਰੀ ਹੀ ਮਸਲੇ ਦਾ ਸਹੀ ਹੱਲ : ਚਿਦੰਬਰਮ

Published on 21 Jul, 2016 11:03 AM.

ਕਸ਼ਮੀਰ ਦੇ ਹਾਲਾਤ ਦਾ ਕ੍ਰਾਂਤੀਕਾਰੀ ਹੱਲ ਦੱਸਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਚਿਦੰਬਰਮ ਨੇ ਉਸ ਵੱਡੇ ਸਮਝੌਤੇ ਦੀ ਵਕਾਲਤ ਕੀਤੀ ਹੈ, ਜਿਸ ਦੇ ਤਹਿਤ ਕਸ਼ਮੀਰ ਦਾ ਭਾਰਤ ਵਿੱਚ ਰਲੇਵਾਂ ਕੀਤਾ ਗਿਆ ਸੀ ਅਤੇ ਉਸ ਨੂੰ ਵਿਆਪਕ ਖੁਦਮੁਖਤਾਰੀ ਦਿੱਤੀ ਗਈ ਸੀ। ਉਨ੍ਹਾ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਭਾਰਤ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇੰਡੀਆ ਟੂਡੇ ਚੈਨਲ 'ਤੇ ਪੱਤਰਕਾਰ ਕਰਨ ਥਾਪਰ ਨਾਲ ਗੱਲਬਾਤ ਕਰਦਿਆਂ ਚਿਦੰਬਰਮ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਅਸੀਂ ਉਸ ਵੱਡੇ ਸਮਝੌਤੇ ਦੀ ਆਣਦੇਖੀ ਕੀਤੀ ਹੈ, ਜਿਸ ਤਹਿਤ ਜੰਮੁ-ਕਸ਼ਮੀਰ ਦਾ ਭਾਰਤ 'ਚ ਰਲੇਵਾਂ ਹੋਇਆ ਸੀ। ਮੇਰਾ ਮੰਨਣਾ ਹੈ ਕਿ ਅਸੀਂ ਭਰੋਸਾ ਤੋੜਿਆ, ਵਾਅਦੇ ਤੋੜੇ ਅਤੇ ਨਤੀਜਾ ਇਹ ਨਿਕਲਿਆ ਕਿ ਸਾਨੂੰ ਭਾਰੀ ਕੀਮਤ ਚੁਕਾਉਣੀ ਪਈ।
ਚਿਦੰਬਰਮ ਨੇ ਕਿਹਾ ਕਿ ਉਨ੍ਹਾ ਮੁਤਾਬਕ ਸਭ ਤੋਂ ਬਿਹਤਰ ਹੱਲ ਇਹੋ ਹੈ ਕਿ ਕਸ਼ਮੀਰ ਦੀ ਜਨਤਾ ਨੂੰ ਇਹ ਭਰੋਸਾ ਦੇਣਾ ਚਾਹੀਦਾ ਹੈ ਕਿ ਕਸ਼ਮੀਰ ਦੇ ਰਲੇਵੇਂ ਸਮੇਂ ਜਿਸ ਵੱਡੇ ਸਮਝੌਤੇ ਦਾ ਵਾਅਦਾ ਕੀਤਾ ਗਿਆ ਸੀ, ਉਸ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਸੀ । ਉਨ੍ਹਾ ਕਿਹਾ ਕਿ ਮੇਰੇ ਵਿਚਾਰ 'ਚ ਕਸ਼ਮੀਰੀਆਂ ਨੂੰ ਆਪਣੇ ਕਾਨੂੰਨ ਬਣਾਉਣ ਦਿੱਤੇ ਜਾਣੇ ਚਾਹੀਦੇ ਹਨ ਅਤੇ ਉਦੋਂ ਤੱਕ ਬਣਾਉਣ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ, ਜਦੋਂ ਤੱਕ ਉਹ ਸੰਵਿਧਾਨ ਤੋਂ ਬਾਹਰ ਨਾ ਜਾਂਦੇ ਹੋਣ।
ਉਨ੍ਹਾ ਕਿਹਾ ਕਿ ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਪਛਾਣ, ਇਤਿਹਾਸ, ਸੱਭਿਆਚਾਰ ਅਤੇ ਧਰਮ ਦਾ ਸਨਮਾਨ ਕਰਾਂਗੇ। ਉੱਤਰ ਅਤੇ ਪੂਰਬ ਦੇ ਤਾਮਿਲ ਖੇਤਰਾਂ ਨੂੰ ਜ਼ਿਆਦਾ ਅਧਿਕਾਰ ਦੇਣ ਦਾ ਭਾਰਤ ਵੱਲੋਂ ਸ੍ਰੀਲੰਕਾ ਨੂੰ ਦਿੱਤੀ ਜਾਣ ਵਾਲੀ ਸਾਲਾਹ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਜਿਹੜੇ ਉਪਦੇਸ਼ ਅਸੀਂ ਸ੍ਰੀਲੰਕਾ ਨੂੰ ਦਿੰਦੇ ਹਾਂ, ਉਹ ਖੁਦ 'ਤੇ ਵੀ ਲਾਗੂ ਕਰਨੇ ਚਾਹੀਦੇ ਹਨ।
ਉਨ੍ਹਾ ਕਿਹਾ ਕਿ ਸ੍ਰੀਨਗਰ ਅਤੇ ਨਵੀਂ ਦਿੱਲੀ ਦੀਆਂ ਸਰਕਾਰਾਂ ਹਾਲਾਤ ਨਾਲ ਸਹੀ ਤਰ੍ਹਾਂ ਨਾਲ ਨਿਪਟ ਨਾ ਸਕੀਆਂ ਅਤੇ ਹੁਣ ਸ੍ਰੀਨਗਰ ਅਤੇ ਦਿੱਲੀ ਸਰਕਾਰਾਂ ਬਹੁਤ ਸਾਰੇ ਬੁਰੇ ਤਰੀਕੇ ਨਾਲ ਹਾਲਾਤ ਨਾਲ ਨਿਪਟ ਰਹੀਆਂ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਲੋਕਾਂ ਲਈ ਵੱਖ-ਵੱਖ ਅਰਥ ਹੁੰਦੇ ਹਨ, ਪਰ ਉਸ ਵੇਲੇ ਲੋੜ ਇਹ ਭਰੋਸਾ ਦੇਣ ਦੀ ਹੈ ਕਿ ਵੱਡੇ ਸਮਝੌਤੇ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ।

574 Views

e-Paper