'ਮਾਓਵਾਦੀ' ਪੱਤਰਕਾਰ ਸੋਮਾਰੂ ਬਾਇੱਜ਼ਤ ਬਰੀ, ਛਤੀਸਗੜ੍ਹ ਪੁਲਸ ਸੁਆਲਾਂ ਦੇ ਘੇਰੇ 'ਚ

ਰਾਏਪੁਰ (ਨਵਾਂ ਜ਼ਮਾਨਾ ਸਰਵਿਸ)
ਛੱਤੀਸਗੜ੍ਹ 'ਚ ਮਾਓਵਾਦੀ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਬਸਤਰ ਦੇ ਪੱਤਰਕਾਰ ਸੋਮਾਰੂ ਨਾਗ ਨੂੰ ਦੋਸ਼ ਮੁਕਤ ਕਰਾਰ ਦਿੰਦਿਆਂ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ।
ਅਦਾਲਤ ਦੇ ਇਸ ਫ਼ੈਸਲੇ ਨੇ ਛਤੀਸਗੜ੍ਹ ਪੁਲਸ ਦੇ ਕੰਮਕਾਜ 'ਤੇ ਸੁਆਲ ਖੜੇ ਕਰ ਦਿੱਤੇ ਹਨ।
ਸੋਮਾਰੂ ਨਾਗ ਨੂੰ ਪਿਛਲੇ ਸਾਲ 16 ਜੁਲਾਈ ਨੂੰ ਬਸਤਰ ਦੇ ਦਰਭਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਸ 'ਤੇ ਮਾਓਵਾਦੀਆਂ ਨਾਲ ਹਿੰਸਕ ਗਤੀਵਿਧੀਆਂ 'ਚ ਹਿੱਸਾ ਲੈਣ ਦਾ ਦੋਸ਼ ਲਾਇਆ ਸੀ। ਉਸ ਵੇਲੇ ਤੋਂ ਉਹ ਜੇਲ੍ਹ 'ਚ ਹੀ ਸੀ।
ਇਸ ਪੱਤਰਕਾਰ ਦੇ ਨਾਲ ਹੀ ਗ੍ਰਿਫ਼ਤਾਰ ਕੀਤੇ ਗਏ ਰਾਮ ਲਾਲ ਤੇ ਦਸਮਨ ਨਾਂਅ ਦੇ ਪੇਂਡੂਆਂ ਨੂੰ ਵੀ ਅਦਾਲਤ ਨੇ ਰਿਹਾਅ ਕਰਨ ਦਾ ਹੁਕਮ ਦਿੱਤਾ।
ਬਸਤਰ 'ਚ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦਾ ਮੁੱਦਾ ਪਿਛਲੇ ਸਾਲ ਭਰ ਕੌਮੀ ਪੱਧਰ 'ਤੇ ਚਰਚਾ ਦਾ ਮੁੱਦਾ ਬਣਿਆ ਰਿਹਾ।
ਨਾਗ ਦੇ ਵਕੀਲ ਅਰਵਿੰਦ ਚੌਧਰੀ ਨੇ ਕਿਹਾ ਕਿ ਪੁਲਸ ਨੇ ਜਿੰਨੇ ਵੀ ਝੂਠੇ ਦੋਸ਼ ਲਗਾਏ ਸਨ, ਉਨ੍ਹਾ ਦੇ ਸਮਰਥਨ 'ਚ ਕੋਈ ਵੀ ਸਬੂਤ ਅਦਾਲਤ 'ਚ ਪੇਸ਼ ਨਹੀਂ ਕਰ ਸਕੀ। ਸਭ ਤੋਂ ਪਹਿਲਾਂ ਬਸਤਰ ਪੁਲਸ ਨੇ ਬੀਤੇ ਸਾਲ 16 ਜੁਲਾਈ ਨੂੰ ਦਰਭਾ ਇਲਾਕੇ ਤੋਂ ਪੱਤਰਕਾਰ ਸੋਮਾਰੂ ਨਾਗ ਨੂੰ ਮਾਓਵਾਦੀ ਦੱਸ ਕੇ ਗ੍ਰਿਫ਼ਤਾਰ ਕੀਤਾ ਸੀ। ਇਸ ਗ੍ਰਿਫ਼ਤਾਰੀ ਦਾ ਵਿਵਾਦ ਅੱਜੇ ਰੁਕਿਆ ਵੀ ਨਹੀਂ ਸੀ ਕਿ 29 ਸਤੰਬਰ ਨੂੰ ਦਰਭਾ ਇਲਾਕੇ ਤੋਂ ਪੱਤਰਕਾਰ ਸੰਤੋਸ਼ ਯਾਦਵ ਨੂੰ ਪੁਲਸ ਨੇ ਮਾਓਵਾਦੀ ਮੁਕਾਬਲੇ 'ਚ ਸ਼ਾਮਲ ਹੋਣ ਦਾ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰ ਲਿਆ।
ਇਸ ਤੋ ਬਾਅਦ ਆਪਣੇ ਖ਼ਿਲਾਫ਼ ਛਪਣ ਵਾਲੀਆਂ ਖ਼ਬਰਾਂ ਤੋਂ ਨਰਾਜ਼ ਪੁਲਸ ਨੇ ਪੱਤਰਕਾਰ ਦੀਪਕ ਜਾਇਸਵਾਲ ਅਤੇ ਪੱਤਰਕਾਰ ਪ੍ਰਭਾਤ ਸਿੰਘ ਨੂੰ ਵੀ ਕੁਝ ਪੁਰਾਣੇ ਮਾਮਲਿਆਂ ਦਾ ਹਵਾਲਾ ਦੇ ਕੇ ਜੇਲ੍ਹ ਭੇਜ ਦਿੱਤਾ।
ਪੱਤਰਕਾਰ ਦੀਪਕ ਅਤੇ ਪ੍ਰਭਾਤ ਸਿੰਘ ਨੂੰ ਦੋ ਹਫ਼ਤੇ ਪਹਿਲਾਂ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ, ਜਦਕਿ ਸੋਮਾਰੂ ਨਾਗ ਨੂੰ ਮਾਮਲੇ ਦੀ ਪੂਰੀ ਸੁਣਵਾਈ ਬਾਅਦ ਬਾਇੱਜ਼ਤ ਬਰੀ ਕਰ ਦਿੱਤਾ ਗਿਆ।
ਇਸ ਰਿਹਾਈ ਤੋਂ ਬਾਅਦ ਵਿਰੋਧੀ ਪਾਰਟੀ ਕਾਂਗਰਸ ਨੇ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਇਹ ਰਿਹਾਈ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਹੈ ਕਿ ਬਸਤਰ ਦੇ ਪੱਤਰਕਾਰਾਂ ਨੂੰ ਪੁਲਸ ਤੇ ਪ੍ਰਸ਼ਾਸਨ ਦੇ ਜਬਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।