ਬਲਾਤਕਾਰ ਬਾਰੇ ਭਾਜਪਾ ਆਗੂ ਦਾ ਵਿਵਾਦਿਤ ਬਿਆਨ; ਏਦਾਂ ਹਮੇਸ਼ਾ ਹੁੰਦਾ ਆਇਐ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ 'ਚ ਬਲਾਤਕਾਰ ਪੀਤੜਾਂ ਨਾਲ ਦੋਸ਼ੀਆਂ ਵੱਲੋਂ ਮੁੜ ਸਮੂਹਿਕ ਬਲਾਤਕਾਰ ਦੇ ਮਾਮਲੇ ਕਾਰਨ ਲੋਕਾਂ ਦਾ ਗੁੱਸਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਸੱਤਾਧਾਰੀ ਭਾਜਪਾ ਦੀ ਇੱਕ ਆਗੂ ਨੇ ਇੱਕ ਬੇਹੱਦ ਸ਼ਰਮਨਾਕ ਬਿਆਨ ਦਿੱਤਾ ਹੈ। ਭਾਜਪਾ ਦੀ ਆਗੂ ਨਿਰਮਲ ਬੈਰਾਗੀ ਦਾ ਕਹਿਣਾ ਹੈ ਕਿ ਸੰਸਾਰ ਦੀ ਉਤਪਤੀ ਤੋਂ ਹੀ ਬਲਾਤਕਾਰ ਹੁੰਦੇ ਆਏ ਹਨ। ਮਹਿਲਾ ਅਧਿਕਾਰਾਂ ਲਈ ਗਠਿਤ ਭਾਜਪਾ ਦੀ ਇਕਾਈ ਦੀ ਮੁਖੀ ਬੈਰਾਗੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਆਪਣਾ ਕੰਮ ਕਰ ਰਹੀ ਹੈ, ਪਰ ਬਲਾਤਕਾਰੀਆਂ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਵਿੱਚ ਥੋੜ੍ਹਾ ਸਮਾਂ ਲੱਗੇਗਾ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਰੋਹਤਕ 'ਚ ਪਿਛਲੇ ਹਫਤੇ 5 ਦੋਸ਼ੀਆਂ 20 ਸਾਲਾ ਇੱਕ ਦਲਿਤ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ ਸੀ। ਪੀੜਤ ਪਰਵਾਰ ਦਾ ਕਹਿਣਾ ਹੈ ਕਿ ਇਹ ਉਹੋ ਹੀ ਦੋਸ਼ੀ ਹਨ, ਜੋ ਤਿੰਨ ਸਾਲ ਪਹਿਲਾਂ ਕਿਸੇ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ ਵਿਚ ਜੇਲ੍ਹ ਵਿੱਚ ਸਨ ਅਤੇ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਮੁੜ ਲੜਕੀ ਨਾਲ ਜਬਰ-ਜ਼ਨਾਹ ਕੀਤਾ ਹੈ। ਪੀੜਤ ਪਰਵਾਰ ਦਾ ਦੋਸ਼ ਹੈ ਕਿ ਇਨ੍ਹਾਂ ਦੋਸ਼ੀਆਂ ਨੇ ਅਦਾਲਤ ਦੇ ਬਾਹਰ ਸਮਝੌਤਾ ਕਰਨ ਲਈ ਤਿਆਰ ਨਾ ਹੋਣ ਦੀ ਸਜ਼ਾ ਦੇ ਤੌਰ 'ਤੇ ਮੁੜ ਬਲਾਤਕਾਰ ਦੀ ਧਮਕੀ ਦਿੱਤੀ ਸੀ।
ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਦ੍ਰਿੜ੍ਹ ਹਨ, ਪਰ ਸਰਕਾਰ ਉਨ੍ਹਾਂ ਦੀ ਮਦਦ ਕਰਨ 'ਚ ਨਾਕਾਮ ਰਹੀ ਹੈ।