ਵੱਡਾ ਰੇਲ ਹਾਦਸਾ ਟਲਿਆ


ਆਦਮਪੁਰ (ਤਰਨਜੋਤ ਸਿੰਘ ਖਾਲਸਾ)-ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਅੱਜ ਸਵੇਰੇ ਰੇਲ ਗੱਡੀ ਦਾ ਵੱਡਾ ਹਾਦਸਾ ਹੋਣੋਂ ਬਚ ਗਿਆ, ਪਰ ਉਕਤ ਹਾਦਸੇ ਕਾਰਨ ਰੇਲ ਦਾ ਇੱਕ ਡੱਬਾ ਲਾਈਨ ਥੱਲੇ ਉੱਤਰ ਜਾਣ ਕਾਰਨ ਸਵਾਰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਿਕ ਡੀ ਐੱਮ ਯੂ ਗੱਡੀ ਜੋ ਹਰ ਰੋਜ਼ ਤੜਕੇ 3.30 ਵਜੇ ਜਲੰਧਰ ਤੋਂ ਹੁਸ਼ਿਆਰਪੁਰ ਲਈ ਰਵਾਨਾ ਹੁੰਦੀ ਹੈ, ਪਰ ਜਿਵੇਂ ਹੀ ਗੱਡੀ ਬੋਲੀਨਾ ਸਟੇਸ਼ਨ ਤੋਂ ਅਗਾਂਹ ਵਧੀ ਤਾਂ ਖੁਰਦਪੁਰ ਸਟੇਸ਼ਨ ਤੋਂ ਪਿੱਛੇ ਹੀ ਸਵੇਰੇ ਆਏ ਤੂਫ਼ਾਨ ਕਾਰਨ ਇੱਕ ਦਰੱਖਤ ਜੋ ਕਿ ਰੇਲਵੇ ਲਾਈਨ 'ਤੇ ਡਿੱਗ ਗਿਆ ਸੀ, ਉਸ ਨਾਲ ਜਾ ਟਕਰਾਈ, ਜਿਸ ਕਾਰਨ ਗੱਡੀ ਦੇ ਅਗਲੇ ਚੱਕੇ ਲਾਈਨ ਤੋਂ ਉੱਤਰ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਾਦਸਾ ਰਿਲੀਫ ਗੱਡੀ ਮੌਕੇ 'ਤੇ ਆ ਪੁੱਜੀ ਅਤੇ ਮੌਕੇ 'ਤੇ ਮੌਜੂਦ ਸਾਰੇ ਯਾਤਰੀਆਂ ਨੂੰ ਬੱਸ ਰਾਹੀਂ ਅਗਾਂਹ ਭੇਜਿਆ ਗਿਆ। ਹਾਦਸੇ ਕਾਰਨ ਰੇਲ ਮਾਰਗ ਜਾਮ ਹੋ ਗਿਆ ਤੇ ਹੁਸ਼ਿਆਰਪੁਰ-ਦਿੱਲੀ ਵਾਲੀ ਗੱਡੀ ਕਰੀਬ ਇੱਕ ਘੰਟਾ ਲੇਟ ਹੋ ਗਈ, ਜਦਕਿ ਹੁਸ਼ਿਆਰਪੁਰ ਤੋਂ ਦੂਜੀ ਆਉਣ ਵਾਲੀ ਗੱਡੀ ਨੂੰ ਰੱਦ ਕਰ ਦਿੱਤਾ ਗਿਆ ਹੈ।