Latest News

ਮੋਦੀ ਲਹਿਰ 'ਚ ਭਾਜਪਾ ਨੇ ਸਭ ਤੋਂ ਪਹਿਲਾਂ ਮੈਨੂੰ ਡੋਬਿਆ : ਸਿੱਧੂ

Published on 25 Jul, 2016 11:44 AM.


ਨਵੀਂ ਦਿੱਲੀ/ਅੰਮ੍ਰਿਤਸਰ
(ਜਸਬੀਰ ਸਿੰਘ)
ਰਾਜ ਸਭਾ ਮੈਂਬਰੀ ਤੋਂ ਅਸਤੀਫ਼ਾ ਦੇਣ ਵਾਲੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਬਾਰੇ ਸੁਆਲ ਤੋਂ ਟਾਲਾ ਵਟਦਿਆਂ ਕਿਹਾ ਕਿ ਅਜੇ ਇਸ ਬਾਰੇ ਬੋਲਣ ਦੀ ਲੋੜ ਨਹੀਂ। ਅਸਤੀਫ਼ੇ ਮਗਰੋਂ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਸਿੱਧੂ ਨੇ ਸ਼ੇਅਰੋ-ਸ਼ਾਇਰੀ ਦੀ ਵਰਤੋਂ ਕਰਦਿਆਂ ਆਪਣਾ ਪੱਖ ਰੱਖਿਆ, ਪਰ ਉਸ ਸੁਆਲ ਦਾ ਜੁਆਬ ਨਾ ਦਿੱਤਾ, ਜਿਸ ਦੀ ਸਾਰਿਆਂ ਨੂੰ ਇੰਤਜ਼ਾਰ ਸੀ। ਆਪ 'ਚ ਸ਼ਾਮਲ ਹੋਣ ਦੇ ਸੁਆਲ 'ਤੇ ਸਿੱਧੂ ਨੇ ਕਿਹਾ ਕਿ ਅਜੇ ਇਸ 'ਤੇ ਬੋਲਣ ਦੀ ਜ਼ਰਰੂਤ ਨਹੀਂ ਹੈ।
ਪ੍ਰੈਸ ਕਾਨਫ਼ਰੰਸ ਦੀ ਸ਼ੁਰੂਆਤ ਰਾਜ ਸਭਾ ਮੈਂਬਰੀ ਤੋਂ ਅਸਤੀਫ਼ੇ ਤੋਂ ਕਰਦਿਆਂ ਸਿੱਧੂ ਨੇ ਕਿਹਾ ਕਿ ਮੈਂ ਰਾਜ ਸਭਾ ਤੋਂ ਅਸਤੀਫ਼ਾ ਇਸ ਲਈ ਦਿੱਤਾ, ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਪੰਜਾਬ ਵੱਲ ਮੂੰਹ ਨਹੀਂ ਕਰਨਾ। ਭਾਵੁਕ ਹੁੰਦਿਆਂ ਸਿੱਧੂ ਨੇ ਕਿਹਾ ਕਿ ਰਾਸ਼ਟਰ ਧਰਮ ਸਾਰੇ ਧਰਮਾਂ 'ਚੋਂ ਵੱਡਾ ਹੁੰਦਾ ਹੈ, ਅਜਿਹੀ ਹਾਲਤ 'ਚ ਨਵਜੋਤ ਸਿੰਘ ਸਿੱਧੂ ਆਪਣਾ ਵਤਨ ਕਿਵੇਂ ਛੱਡ ਸਕਦਾ ਹੈ।
ਸਿੱਧੂ ਨੇ ਪ੍ਰੈਸ ਕਾਨਫ਼ਰੰਸ 'ਚ ਭਾਜਪਾ ਛੱਡਣ ਬਾਰੇ ਐਲਾਨ ਨਾ ਕੀਤਾ। ਜ਼ਿਕਰਯੋਗ ਹੈ ਕਿ ਉਨ੍ਹਾ ਦੀ ਪਤਨੀ ਅਤੇ ਭਾਜਪਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਰਾਜ ਸਭਾ ਤੋਂ ਅਸਤੀਫ਼ਾ ਦੇਣ ਦਾ ਮਤਲਬ ਹੈ ਕਿ ਨਵਜੋਤ ਸਿੱਧੂ ਨੇ ਪਾਰਟੀ ਵੀ ਛੱਡ ਦਿੱਤੀ ਹੈ। ਅੱਜ ਸਿੱਧੂ ਨੇ ਕਿਹਾ ਕਿ ਪਾਰਟੀ ਨੇ ਤਾਂ ਆਖ ਦਿੱਤਾ ਕਿ ਪੰਜਾਬ ਛੱਡ ਦਿਉ, ਪਰ ਮੈਂ ਉਨ੍ਹਾ ਲੋਕਾਂ ਨੂੰ ਕਿਵੇਂ ਛੱਡ ਦਿਆਂ, ਜਿਨ੍ਹਾਂ ਨੇ 10 ਸਾਲ ਮੇਰੇ 'ਤੇ ਭਰੋਸਾ ਪ੍ਰਗਟਾ ਕੇ ਮੈਨੂੰ ਲੋਕ ਸਭਾ ਚੋਣਾਂ 'ਚ ਜੇਤੂ ਬਣਾਇਆ।
ਪਿਛਲੀਆਂ ਚੋਣਾਂ ਦਾ ਜ਼ਿਕਰ ਕਰਕੇ ਸਿੱਧੂ ਨੇ ਇਹ ਵੀ ਦਸਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਆਂਢ-ਗੁਆਂਢ ਦੇ ਸੂਬਿਆਂ 'ਚ ਭਾਜਪਾ ਦੀ ਖ਼ਰਾਬ ਹਾਲਤ ਦੇ ਬਾਵਜੂਦ ਉਨ੍ਹਾ ਨੇ ਪੰਜਾਬ 'ਚ ਆਪਣੀਆਂ ਸੀਟਾਂ ਜਿੱਤ ਕੇ ਦਿਖਾਈਆਂ। ਉਨ੍ਹਾ ਨੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਨਾਂਅ ਲਏ ਬਗੈਰ 2014 ਦੀ ਲੋਕ ਸਭਾ ਚੋਣਾਂ ਵੇਲੇ ਅੰਮ੍ਰਿਤਸਰ ਤੋਂ ਚੋਣ ਨਾ ਲੜਨ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਜਦੋਂ ਦੇਸ਼ 'ਚ ਮੋਦੀ ਲਹਿਰ ਆਈ ਤਾਂ ਮੈਨੂੰ ਹੀ ਡੋਬ ਦਿੱਤਾ ਗਿਆ। ਮੈਨੂੰ ਕਿਹਾ ਗਿਆ ਕਿ ਅੰਮ੍ਰਿਤਸਰ ਦੀ ਸੀਟ ਛੱਡ ਦਿਉ ਤਾਂ ਮੈਂ ਸੀਟ ਛੱਡ ਦਿੱਤੀ। ਫੇਰ ਮੈਨੂੰ ਕਿਹਾ ਗਿਆ ਕਿ ਕੁਰੂਕਸ਼ੇਤਰ ਤੋਂ ਚੋਣ ਲੜ ਲਓ ਜਾਂ ਫੇਰ ਦਿੱਲੀ ਤੋਂ ਚੋਣ ਲੜ ਲਓ, ਪਰ ਮੈਂ ਇਨਕਾਰ ਕਰ ਦਿੱਤਾ ਅਤੇ ਪੰਜਾਬ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਪਾਰਟੀ ਨੂੰ ਦੱਸ ਦਿੱਤਾ ਕਿ ਸਿੱਧੂ ਨੂੰ ਅਹੁਦੇ ਦਾ ਲਾਲਚ ਨਹੀਂ ਹੈ। ਸਿੱਧੂ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇਗੀ, ਸਿੱਧੂ ਉਥੇ ਹੀ ਖੜਾ ਦਿਸੇਗਾ।
ਇਸੇ ਦੌਰਾਨ ਜਦੋਂ ਨਵਜੋਤ ਸਿੱਧੂ ਨੂੰ ਆਪ 'ਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਨੇ ਇਸ ਦਾ ਜੁਆਬ ਨਾ ਦਿੱਤਾ। ਉਨ੍ਹਾ ਕਿਹਾ ਕਿ ਮੈਨੂੰ ਇੱਕ ਵਾਰ ਨਹੀਂ ਸਗੋਂ ਵਾਰ ਵਾਰ ਪੰਜਾਬ ਛੱਡਣ ਲਈ ਕਿਹਾ ਗਿਆ, ਪਰ ਮੈਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੇ ਸਿੱਧੂ ਨੂੰ 100 ਵਾਰ ਪਰਵਾਰ, ਪਾਰਟੀ ਅਤੇ ਪੰਜਾਬ 'ਚੋਂ ਕਿਸੇ ਦੀ ਚੋਣ ਕਰਨੀ ਪਈ ਤਾਂ ਮੈਂ ਪੰਜਾਬ ਨੂੰ ਹੀ ਚੁਣਾਂਗਾ। ਸ਼ਾਇਰਾਨਾ ਅੰਦਾਜ਼ 'ਚ ਉਨ੍ਹਾ ਕਿਹਾ ਕਿ ਦਰੱਖਤ ਨੂੰ ਅੱਗ ਲੱਗੀ ਹੋਵੇ ਤਾਂ ਵੀ ਪੰਛੀ ਉਸ ਨੂੰ ਛੱਡ ਕੇ ਨਹੀਂ ਜਾਂਦਾ ਕਿਉਂਕਿ ਉਸ ਨੇ ਦਰੱਖਤ ਦੇ ਫਲ ਖਾਧੇ ਹੁੰਦੇ ਹਨ ਅਤੇ ਸਮਾਂ ਗੁਜ਼ਾਰਿਆ ਹੁੰਦਾ ਹੈ, ਪਰ ਸਿੱਧੂ ਤਾਂ ਇਨਸਾਨ ਹੈ, ਉਹ ਪੰਜਾਬ ਨੂੰ ਛੱਡ ਕੇ ਕਿਵੇਂ ਜਾ ਸਕਦਾ ਹੈ।
ਉਹਨਾ ਕਿਹਾ ਕਿ ਭਾਜਪਾ ਨੇ ਉਹਨਾ ਨੂੰ ਬਹੁਤ ਕੁਝ ਦਿੱਤਾ ਹੈ, ਪਰ ਉਹ ਭਾਜਪਾ ਆਗੂਆਂ ਦੇ ਕਹਿਣ 'ਤੇ ਆਪਣੇ ਸੱਭਿਆਚਾਰ ਨੂੰ ਛੱਡ ਨਹੀ ਸਕਦੇ। ਉਹਨਾ ਕਿਹਾ ਕਿ 2004 ਵਿੱਚ ਪਾਰਟੀ ਨੇ ਉਹਨ ਨੂੰ ਉਸ ਵੇਲੇ ਅੰਮ੍ਰਿਤਸਰ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ, ਜਦੋਂ ਉਹ ਪਾਕਿਸਤਾਨ ਵਿਖੇ ਇੱਕ ਕ੍ਰਿਕਟ ਮੈਚ ਦੀ ਕੁਮੈਂਟਰੀ ਕਰਨ ਵਾਸਤੇ ਗਏ ਹੋਏ ਸਨ। ਉਹਨਾ ਕਿਹਾ ਕਿ ਪਹਿਲਾਂ ਉਹਨਾ ਨੂੰ ਛੋਟੇ ਭਾਜਪਾਈ ਲੀਡਰਾਂ ਦੇ ਫੋਨ ਆਏ ਕਿ ਉਹ ਅੰਮ੍ਰਿਤਸਰ ਤੋਂ ਚੋਣ ਲੜਨ ਤਾਂ ਉਹਨਾ ਨਾਂਹ ਕਰ ਦਿੱਤੀ, ਪਰ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਨੇ ਉਹਨਾ ਨੂੰ ਕਿਹਾ ਤਾਂ ਉਹਨਾ ਚੋਣ ਲੜਨ ਦਾ ਮਨ ਬਣਾ ਲਿਆ ਤੇ ਉਹ ਪਾਕਿਸਤਾਨ ਤੋਂ ਕੁਮੈਂਟਰੀ ਵਿੱਚੇ ਛੱਡ ਕੇ ਵਾਪਸ ਆ ਗਏ ਤੇ 14 ਦਿਨਾਂ ਦੀ ਚੋਣ ਮੁਹਿੰਮ ਕਰਕੇ ਕਾਂਗਰਸ ਦੇ ਉਸ ਉਮੀਦਵਾਰ ਨੂੰ ਸਵਾ ਲੱਖ ਵੋਟ ਨਾਲ ਹਰਾਇਆ, ਜਿਹੜਾ ਛੇ ਵਾਰ ਪਹਿਲਾਂ ਚੁਣਿਆ ਜਾ ਚੁੱਕਾ ਸੀ। ਉਹਨਾ ਕਿਹਾ ਕਿ ਫਿਰ ਦੂਸਰੀ ਵਾਰੀ ਜਦੋਂ ਉਹਨਾ ਨੂੰ ਲੜਾਇਆ ਗਿਆ ਤਾਂ ਉਹਨਾ ਉਸ ਵੇਲੇ ਚੋਣ ਜਿੱਤੀ, ਜਦੋਂ ਪੰਜਾਬ ਦੇ ਲਾਗਲੇ ਕਿਸੇ ਵੀ ਸੂਬੇ ਵਿੱਚ ਉਹਨਾ ਤੋ ਸਿਵਾਏ ਭਾਜਪਾ ਦਾ ਹੋਰ ਕੋਈ ਵੀ ਸਾਂਸਦ ਨਹੀਂ ਸੀ। ਫਿਰ ਉਹਨਾ 90 ਹਜ਼ਾਰ ਦੀ ਲੀਡ ਨਾਲ ਚੋਣ ਜਿੱਤੀ। ਇਸੇ ਤਰ੍ਹਾਂ ਉਹਨਾਂ ਵਿਰੁੱਧ ਚਲਦੇ ਕੇਸ ਨੂੰ ਲੈ ਕੇ ਜਦੋਂ ਭਾਜਪਾ ਨੇ ਉਹਨਾ ਨੂੰ ਆਤਮ-ਸਮੱਰਪਣ ਕਰਨ ਲਈ ਕਿਹਾ ਤਾਂ ਉਹਨਾ ਚੰਡੀਗੜ੍ਹ ਵਿਖੇ ਆਤਮ-ਸਮਰਪਣ ਕਰ ਦਿੱਤਾ, ਮਗਰੋਂ ਅਦਾਲਤ ਨੇ ਉਹਨਾ ਨੂੰ ਚੋਣ ਲੜਣ ਦੀ ਆਗਿਆ ਦੇ ਦਿੱਤੀ ਤੇ ਉਹ ਤੀਸਰੀ ਵਾਰੀ ਵੀ ਚੋਣ ਜਿੱਤ ਕੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣੇ।
ਉਹਨਾ ਕਿਹਾ ਕਿ ਜਦੋਂ ਪੂਰੇ ਦੇਸ਼ ਵਿੱਚ ਮੋਦੀ ਦੀ ਲਹਿਰ ਚੱਲ ਰਹੀ ਸੀ ਤਾਂ ਉਹਨਾ ਨੂੰ ਹਾਸ਼ੀਏ 'ਤੇ ਸੁੱਟ ਦਿੱਤਾ ਗਿਆ। ਉਹਨਾ ਨੂੰ ਪਾਰਟੀ ਹਾਈ ਕਮਾਂਡ ਨੇ ਕਦੇ ਕਰੂਕਸ਼ੇਤਰ ਤੇ ਕਦੇ ਪੱਛਮੀ ਦਿੱਲੀ ਤੋਂ ਸੀਟ ਦੇਣ ਦੀ ਲਾਰੇ ਲਗਾਏ, ਪਰ ਪਾਰਟੀ ਦੇ ਆਗੂਆਂ ਟਿਕਟ ਤਾਂ ਕੀ ਦੇਣੀ ਸੀ, ਸਗੋਂ ਪੂਰੀ ਤਰ੍ਹਾਂ ਹਾਸ਼ੀਏ 'ਤੇ ਲਿਆ ਕੇ ਸੁੱਟ ਦਿੱਤਾ ਤੇ ਨਾਲ ਹੀ ਆਦੇਸ਼ ਜਾਰੀ ਕਰ ਦਿੱਤੇ ਕਿ ਸਿੱਧੂ ਪੰਜਾਬ ਨਹੀਂ ਜਾਵੇਗਾ। ਉਹਨਾ ਕਿਹਾ ਕਿ ਉਹਨਾ ਦੀਆ ਭਾਵਨਾਵਾਂ ਪੰਜਾਬ ਨਾਲ ਜੁੜੀਆਂ ਹਨ ਤੇ ਉਹ ਪੰਜਾਬ ਨੂੰ ਛੱਡ ਨਹੀਂ ਸਕਦੇ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ 'ਤੇ ਉਹਨਾ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਬੱਸ ਅੱਜ ਏਨਾ ਹੀ ਬਾਕੀ, ਫਿਰ ਸਹੀ।
ਸਿਆਸੀ ਪੰਡਤਾਂ ਦਾ ਇਹ ਵੀ ਮੰਨਣਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਵਿੱਚ ਅਕਾਲੀ ਦਲ ਦਾ ਗਿਰਾਫ ਕਾਫੀ ਥੱਲੇ ਡਿੱਗ ਜਾਣ ਨੂੰ ਲੈ ਕੇ ਅਕਾਲੀਆਂ ਤੋਂ ਅਲੱਗ ਹੋ ਕੇ ਚੋਣਾਂ ਲੜਨ ਦੀ ਰਣਨੀਤੀ ਬਣਾਉਣ ਬਾਰੇ ਸੋਚ ਰਹੀ ਹੈ ਤੇ ਪੰਜਾਬ ਵਿੱਚ ਭਾਜਪਾ ਬਸਪਾ ਨਾਲ ਗਠਜੋੜ ਕਰਨ ਦੀ ਇੱਛਾ ਰੱਖਦੀ ਹੈ। ਅਗਲੇ ਸਾਲ ਪੰਜਾਬ ਦੇ ਨਾਲ ਹੀ ਹੋਰ ਚਾਰ ਸੂਬਿਆਂ ਦੀਆਂ ਚੋਣਾਂ ਹੋਣੀਆਂ ਹਨ, ਜਿਹਨਾਂ ਵਿੱਚ ਉੱਤਰ ਪ੍ਰਦੇਸ਼ ਵੀ ਸ਼ਾਮਲ ਹੈ ਤੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਯਤਨਸ਼ੀਲ ਹੈ, ਪਰ ਹਾਲ ਵਿੱਚ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦਾ ਉੱਤਰ ਪ੍ਰਦੇਸ਼ ਵਿੱਚ ਗ੍ਰਾਫ ਕਾਫੀ ਥੱਲੇ ਆ ਗਿਆ ਹੈ। ਭਾਜਪਾ ਦੇ ਸਿਆਸੀ ਬੁੱਧੀਜੀਵੀਆਂ ਵੱਲੋਂ ਉੱਤਰ ਪ੍ਰਦੇਸ਼ ਦੀ ਸਿਆਸੀ ਰਣਨੀਤੀ ਦਾ ਵੱਖ-ਵੱਖ ਪਹਿਲੂਆਂ ਤੋਂ ਮੰਥਨ ਕੀਤਾ ਜਾ ਰਿਹਾ ਹੈ। ਜੇਕਰ ਭਾਜਪਾ ਦਾ ਬਸਪਾ ਗੱਠਜੋੜ ਉੱਤਰ ਪ੍ਰਦੇਸ਼ ਵਿੱਚ ਬਣ ਜਾਂਦਾ ਹੈ ਤਾਂ ਫਿਰ ਪੰਜਾਬ ਵਿੱਚ ਵੀ ਬਸਪਾ-ਭਾਜਪਾ ਗਠਜੋੜ ਬਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿੱਚ ਭਾਜਪਾ ਦੇ ਵੱਡੀ ਗਿਣਤੀ ਵਿੱਚ ਵਰਕਰ ਵੀ ਅਕਾਲੀਆਂ ਵੱਲਂੋ ਕੀਤੀਆਂ ਜ਼ਿਆਦਤੀਆਂ ਤੋਂ ਕਾਫੀ ਨਾਰਾਜ਼ ਹਨ ਤੇ ਕੇਦਰੀ ਹਾਈ ਕਮਾਂਡ ਪੰਜਾਬ ਦੇ ਭਾਜਪਾ ਵਰਕਰਾਂ ਦੀ ਵਿਚਾਰਧਾਰਾ ਦਾ ਵੀ ਮੰਥਨ ਕਰ ਰਹੀ ਹੈ। ਭਾਜਪਾ ਵਰਕਰ ਜਿਸ ਕਦਰ ਅਕਾਲੀ ਦਲ ਨਾਲ ਨਾਰਾਜ਼ ਹਨ, ਉਸ ਤੋਂ ਸਪੱਸ਼ਟ ਹੈ ਕਿ ਭਾਜਪਾ ਵੋਟਰ ਤੇ ਸਪੋਟਰ ਇਸ ਵਾਰ ਅਕਾਲੀਆਂ ਦੀ ਬਜਾਏ ਆਮ ਆਦਮੀ ਪਾਰਟੀ ਜਾਂ ਕਾਂਗਰਸ ਨੂੰ ਵੋਟਾਂ ਪਾਉਣ ਦਾ ਮਨ ਬਣਾਈ ਬੈਠੇ ਹਨ। ਸੂਤਰਾਂ ਅਨੁਸਾਰ ਸਿੱਧੂ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਇਸੇ ਕਰਕੇ ਰੁਕ ਗਈ ਹੈ, ਕਿਉਂਕਿ ਜਾਣਕਾਰੀ ਅਨੁਸਾਰ ਪਾਰਟੀ ਹਾਈ ਕਮਾਂਡ ਨੇ ਸਿੱਧੂ ਨੂੰ ਅਕਾਲੀ ਦਲ ਨਾਲੋਂ ਨਾਤਾ ਤੋੜ ਲੈਣ ਦਾ ਲਾਲੀਪਾਪ ਦੇ ਦਿੱਤਾ ਹੈ। ਭਾਜਪਾ ਦਾ ਸਿਆਸੀ ਊਠ ਕਿਸ ਕਰਵੱਟ ਬੈਠਦਾ ਹੈ, ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁਪਿਆ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਪਾਰਟੀ ਹਾਈ ਕਮਾਂਡ ਸਿੱਧੂ ਨੂੰ ਪੰਜਾਬ ਸੌਂਪਣ ਦੀ ਤਿਆਰੀ ਕਰ ਰਹੀ ਹੈ।

686 Views

e-Paper