ਡੋਪ ਮਾਮਲਾ ਮੋਦੀ ਵੱਲੋਂ ਦਖਲ, ਕੁਸ਼ਤੀ ਮਹਾਂਸੰਘ ਤੋਂ ਮੰਗੀ ਰਿਪੋਰਟ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨਰਸਿੰਘ ਯਾਦਵ ਡੋਪਿੰਗ ਵਿਵਾਦ 'ਚ ਇੱਕ ਦਿਲਚਸਪ ਮੋੜ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਕੁਸ਼ਤੀ ਮਹਾਂਸੰਘ (ਡਬਲਿਊ ਐੱਫ ਆਈ) ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਚੱਲ ਰਹੇ ਵਿਵਾਦ ਬਾਰੇ ਜਾਣਕਾਰੀ ਮੰਗੀ ਹੈ। ਇਸੇ ਦੌਰਾਨ ਨਰਸਿੰਘ ਯਾਦਵ ਨੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਦਾ ਕਹਿਣਾ ਹੈ ਕਿ ਉਨ੍ਹਾ ਨੂੰ ਇਸ ਮਾਮਲੇ 'ਚ ਸਾਜ਼ਿਸ਼ ਬਾਰੇ ਕੁਝ ਪਤਾ ਨਹੀਂ, ਇਸ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰੇਗਾ। ਇਸ ਦੇ ਨਾਲ ਹੀ ਗੋਇਲ ਨੇ ਕਿਹਾ ਕਿ ਨਰਸਿੰਘ ਦੀ ਅਸਥਾਈ ਮੁਅੱਤਲੀ ਕਾਰਨ ਭਾਰਤ ਦੀ ਨੁਮਾਇੰਦਗੀ 119 ਖਿਡਾਰੀ ਕਰਨਗੇ।
ਕੁਸ਼ਤੀ ਸੰਘ ਡੋਪ ਮਾਮਲੇ 'ਚ ਫਸੇ ਭਲਵਾਨ ਨਰਸਿੰਘ ਯਾਦਵ ਦੀ ਹਮਾਇਤ 'ਚ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ, ਜਿਸ ਤੋਂ ਲੱਗਦਾ ਹੈ ਕਿ ਯਾਦਵ ਦੇ ਉਲੰਪਿਕ 'ਚ ਹਿੱਸਾ ਲੈਣ ਦੀ ਆਸ ਅਜੇ ਕਾਇਮ ਹੈ। ਅੱਜ ਕੁਸ਼ਤੀ ਸੰਘ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਨਰਸਿੰਘ ਯਾਦਵ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ ਅਤੇ ਸੋਨੀਪਤ ਕੈਂਪ ਦੌਰਾਨ ਇੱਕ ਔਰਤ ਨੇ ਉਸ ਦੇ ਖਾਣੇ 'ਚ ਦੁਆਈ ਮਿਲਾ ਦਿੱਤੀ ਸੀ। ਅੱਜ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਨੇ ਨਰਸਿੰਘ ਵਿਰੁੱਧ ਸਾਜ਼ਿਸ਼ ਦਾ ਸ਼ੱਕ ਪ੍ਰਗਟ ਕਰਦਿਆਂ ਸਾਈ ਦੇ ਡਾਇਰੈਕਟਰ ਜਨਰਲ ਇੰਜੇਤੀ ਸ੍ਰੀਨਿਵਾਸ 'ਤੇ ਵੀ ਗੰਭੀਰ ਦੋਸ਼ ਲਾਏ ਅਤੇ ਕਿਹਾ ਕਿ ਉਨ੍ਹਾ ਨੇ ਨਰਸਿੰਘ ਨੂੰ ਸੋਨੀਪਤ ਕੈਂਪ 'ਚ ਅਭਿਆਸ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ, ਜਿਸ ਤੋਂ ਮਗਰੋਂ ਨਰਸਿੰਘ ਸੋਨੀਪਤ ਕੈਂਪ 'ਚ ਹਿੱਸਾ ਲੈਣ ਲਈ ਸੋਨੀਪਤ ਗਿਆ, ਜਿੱਥੇ ਉਸ ਦੇ ਖਾਣੇ 'ਚ ਕੁਝ ਮਿਲਾ ਦਿੱਤਾ ਅਤੇ ਉਹ ਤੇ ਉਸ ਦਾ ਸਾਥੀ ਡੋਪ ਟੈਸਟ 'ਚ ਫਸ ਗਏ। ਸੂਤਰਾਂ ਅਨੁਸਾਰ ਨਰਸਿੰਘ ਯਾਦਵ ਨੇ ਜਾਣ-ਬੁੱਝ ਕੇ ਡਰਗ ਲਈ ਹੁੰਦੀ ਤਾਂ ਉਹ ਸਪੇਨ 'ਚ ਟੂਰਨਾਮੈਂਟ ਖੇਡਣ ਨਾ ਜਾਂਦਾ, ਜਿਥੋਂ ਉਹ ਮੈਡਲ ਜਿੱਤ ਕੇ ਲਿਆਇਆ ਸੀ। ਉਨ੍ਹਾ ਕਿਹਾ ਕਿ ਇੱਕ ਮਹੀਨੇ 'ਚ ਤਿੰਨ ਵਾਰ ਡੋਪ ਟੈਸਟ ਤੋਂ ਸਾਫ਼ ਹੈ ਕਿ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਜ਼ਰੂਰੀ ਹੈ। ਨਰਸਿੰਘ ਯਾਦਵ ਦੇ ਨਾਲ ਸੰਦੀਪ ਤੁਲਸੀ ਯਾਦਵ ਡੋਪਿੰਗ ਟੈਸਟ 'ਚ ਫੇਲ੍ਹ ਹੋ ਗਏ। ਉਹ ਨਰਸਿੰਘ ਰੂਮ ਪਾਰਟਨਰ ਹਨ ਅਤੇ ਉਨ੍ਹਾ ਦੇ ਸਰੀਰ 'ਚ ਵੀ ਉਹੀ ਡਰੱਗਜ਼ ਪਾਏ ਗਏ ਹਨ, ਜਿਹੜੇ ਨਰਸਿੰਘ ਯਾਦਵ ਦੇ ਸਰੀਰ 'ਚੋਂ ਮਿਲੇ ਹਨ। ਡੋਪ ਟੈਸਟ 'ਚ ਫੇਲ੍ਹ ਹੋਣ ਵਾਲੇ ਨਰਸਿੰਘ ਯਾਦਵ ਨੇ ਵੀ ਕਿਹਾ ਸੀ ਕਿ ਉਹ ਬੇਕਸੂਰ ਹੈ ਅਤੇ ਪੂਰਾ ਮਾਮਲਾ ਉਨ੍ਹਾ ਵਿਰੁੱਧ ਸਾਜ਼ਿਸ਼ ਦਾ ਹੈ। ਉਨ੍ਹਾ ਕਿਹਾ ਕਿ ਸਭ ਕੁਝ ਮੇਰੇ ਖ਼ਿਲਾਫ਼ ਇੱਕ ਸਾਜ਼ਿਸ਼ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਮਗਾ ਜਿੱਤਣ ਵਾਲੇ ਨਰਸਿੰਘ ਯਾਦਵ ਦੀ ਰਿਊ ਓਲੰਪਿਕ ਲਈ ਚੋਣ ਵਿਵਾਦਗ੍ਰਸਤ ਸਥਿਤੀ 'ਚ ਹੋਈ ਸੀ, ਕਿਉਂਕਿ ਸੁਸ਼ੀਲ ਕੁਮਾਰ ਨੇ ਵੀ ਇਸ ਭਾਰ ਵਰਗ ਲਈ ਦਾਅਵੇਦਾਰੀ ਠੋਕ ਦਿੱਤੀ ਸੀ। ਨਰਸਿੰਘ ਯਾਦਵ ਨੇ ਵਿਸ਼ਵ ਚੈਂਪੀਅਨਸ਼ਿਪ ਰਾਹੀਂ ਕੋਟਾ ਹਾਸਲ ਕੀਤਾ ਸੀ, ਇਸ ਲਈ ਕੁਸ਼ਤੀ ਸੰਘ ਅਤੇ ਦਿੱਲੀ ਹਾਈ ਕੋਰਟ ਨੇ ਸੁਸ਼ੀਲ ਦੀ ਮੰਗ ਰੱਦ ਕਰ ਦਿੱਤੀ ਸੀ।