Latest News

ਮੁਕਾਬਲੇ 'ਚ 4 ਪਾਕੀ ਅੱਤਵਾਦੀ ਹਲਾਕ

Published on 26 Jul, 2016 11:31 AM.


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)-ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਚਾਰ ਅੱਤਵਾਦੀ ਮਾਰੇ ਗਏ ਅਤੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਲਾਹੌਰ ਦੇ ਰਹਿਣ ਵਾਲੇ ਬਹਾਦਰ ਅਲੀ ਵਜੋਂ ਕੀਤੀ ਗਈ ਹੈ। ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਨੇੜਲੇ ਜੰਗਲੀ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲਣ ਤੋਂ ਬਾਅਦ ਫੌਜ ਅਤੇ ਪੁਲਸ ਦੀ ਸਾਂਝੀ ਟੀਮ ਨੇ ਤਲਾਸ਼ੀ ਸ਼ੁਰੁ ਕਰ ਦਿੱਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਜੁਆਬੀ ਕਾਰਵਾਈ ਵਿੱਚ ਚਾਰ ਅੱਤਵਾਦੀ ਮਾਰੇ ਗਏ ਅਤੇ ਇੱਕ ਹੋਰ ਅੱਤਵਾਦੀ ਜਿਊਂਦਾ ਕਾਬੂ ਕਰ ਲਿਆ ਹੈ। ਮਾਰੇ ਗਏ ਅੱਤਵਾਦੀ ਪਾਕਿਸਤਾਨੀ ਨਾਗਰਿਕ ਦੱਸੇ ਜਾਂਦੇ ਹਨ। ਅਧਿਕਾਰੀ ਨੇ ਦੱਸਿਆ ਕਿ ਸਮੁੱਚੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਜਾਰੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਇੱਕ ਜ਼ਿੰਦਾ ਅੱਤਵਾਦੀ ਦੇ ਫੜੇ ਜਾਣ ਨੂੰ ਇੱਕ ਵੱਡੀ ਕਾਮਯਾਬੀ ਦੱਸਿਆ ਹੈ। ਰਿਜਿਜੂ ਨੇ ਕਿਹਾ ਕਿ ਫੜੇ ਗਏ ਅੱਤਵਾਦੀ ਤੋਂ ਕਈ ਅਹਿਮ ਰਾਜ਼ ਮਿਲਣ ਦੀ ਸੰਭਾਵਨਾ ਹੈ। ਉਨ੍ਹਾ ਕਿਹਾ ਕਿ ਇਸ ਨਾਲ ਪਾਕਿਸਤਾਨ ਬੇਨਕਾਬ ਹੋ ਗਿਆ ਹੈ ਕਿ ਕਸ਼ਮੀਰ 'ਚ ਅੱਤਵਾਦ ਪਿੱਛੇ ਸਾਰੀ ਸ਼ਰਾਰਤ ਉਸ ਦੀ ਹੀ ਹੈ।

405 Views

e-Paper