ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਚਾਰ ਖੱਬੀਆਂ ਪਾਰਟੀਆਂ ਵਿੱਢਣਗੀਆਂ ਸੰਘਰਸ਼

ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਇਥੇ ਬਾਬਾ ਕਰਮ ਸਿੰਘ ਚੀਮਾ ਭਵਨ ਵਿੱਚ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ (ਐੱਮ), ਸੀ.ਪੀ.ਐੱਮ ਪੰਜਾਬ ਅਤੇ ਸੀ.ਪੀ.ਆਈ ਐੱਮ.ਐੱਲ (ਲਿਬਰੇਸ਼ਨ)ੇ ਦੀ ਮੀਟਿੰਗ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੀ.ਪੀ.ਆਈ ਦੇ ਕੌਮੀ ਕੌਂਸਲ ਮੈਂਬਰ ਡਾ. ਜੋਗਿੰਦਰ ਦਿਆਲ, ਭੁਪਿੰਦਰ ਸਾਂਬਰ ਅਤੇ ਕਸ਼ਮੀਰ ਸਿੰਘ ਗਦਾਈਆ, ਸੀ.ਪੀ.ਆਈ (ਐੱਮ) ਵੱਲੋਂ ਚਰਨ ਸਿੰਘ ਵਿਰਦੀ ਸੂਬਾ ਸਕੱਤਰ, ਵਿਜੈ ਮਿਸ਼ਰਾ, ਰਘੂਨਾਥ ਸਿੰਘ ਅਤੇ ਰਣਬੀਰ ਸਿੰਘ ਵਿਰਕ ਸੂਬਾ ਸਕੱਤਰੇਤ ਮੈਂਬਰ, ਸੀ.ਪੀ.ਐੱਮ ਪੰਜਾਬ ਵੱਲੋਂ ਮੰਗਤ ਰਾਮ ਪਾਸਲਾ ਸੂਬਾ ਸਕੱਤਰ ਤੇ ਇੰਦਰਜੀਤ ਸਿੰਘ ਗਰੇਵਾਲ, ਸੀ.ਪੀ.ਆਈ.ਐੱਮ.ਐੱਲ (ਲਿਬਰੇਸ਼ਨ) ਵੱਲੋਂ ਗੁਰਮੀਤ ਸਿੰਘ ਬਖਤਪੁਰ ਸੂਬਾ ਸਕੱਤਰ, ਰਾਜਵਿੰਦਰ ਰਾਣਾ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਸ਼ਾਮਲ ਹੋਏ।
ਮੀਟਿੰਗ ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਉੱਤੇ ਵੱਧ ਰਹੇ ਅੱਤਿਆਚਾਰ ਉੱਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਫੈਸਲਾ ਕੀਤਾ ਗਿਆ ਕਿ ਗੁਜਰਾਤ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਦਲਿਤਾਂ ਉੱਤੇ ਅੱਤਿਆਚਾਰ ਦੀਆਂ ਘਿਨਾਉਣੀਆਂ ਵਾਰਦਾਤਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ 26 ਤੋਂ 31 ਜੁਲਾਈ ਦੌਰਾਨ ਜ਼ਿਲ੍ਹਾ ਪੱਧਰੀ ਸਾਂਝੀਆਂ ਮੀਟਿੰਗਾਂ ਕਰਕੇ ਪੰਜਾਬ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 8 ਤੇ 9 ਅਗਸਤ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਦਲਿਤਾਂ ਉੱਤੇ ਅੱਤਿਆਚਾਰ ਅਤੇ ਫਿਰਕਾਪ੍ਰਸਤੀ ਦੇ ਵਿਰੋਧ ਵਿੱਚ ਅਤੇ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਦੇ ਭੱਖਦੇ ਮਸਲਿਆਂ ਜਿਵੇਂਕਿ ਮਹਿੰਗਾਈ, ਬੇਰੁਜ਼ਗਾਰੀ, ਕਿਸਾਨ ਖੁਦਕੁਸ਼ੀਆਂ, ਮਾਫੀਆ ਲੁੱਟ ਤੇ ਕੁਰੱਪਸ਼ਣ, ਸਿਹਤ ਤੇ ਵਿੱਦਿਆ ਸਹੂਲਤਾਂ ਤੋਂ ਵਾਂਝੇ ਕਰਨ, ਅਮਨ ਤੇ ਕਾਨੂੰਨ ਦੀ ਵਿਗੜਦੀ ਹਾਲਤ ਦੇ ਹੱਲ ਲਈ 8 ਤੇ 9 ਅਗਸਤ ਨੂੰ ਵਿਸ਼ਾਲ ਜ਼ਿਲ੍ਹਾ ਪੱਧਰੀ ਧਰਨੇ ਮੁਜ਼ਾਹਰੇ ਕੀਤੇ ਜਾਣਗੇ। ਮੀਟਿੰਗ ਵਿੱਚ ਭਾਰਤ ਦੀਆਂ ਟਰੇਡ ਯੂਨੀਅਨਾਂ, ਕੇਂਦਰ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਦੇ ਸੱਦੇ 'ਤੇ ਮੋਦੀ ਅਤੇ ਰਾਜ ਸਰਕਾਰ ਦੀਆਂ ਲੋਕ ਮਾਰੂ, ਮਜ਼ਦੂਰ, ਮੁਲਾਜ਼ਮ, ਕਿਸਾਨ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਖਿਲਾਫ ਕੀਤੀ ਜਾ ਰਹੀ ਰਾਸ਼ਟਰ-ਵਿਆਪੀ ਹੜਤਾਲ ਦੇ ਸਮਰਥਨ ਵਿੱਚ ਪੰਜਾਬ ਦੇ ਸਮੁੱਚੇ ਮਿਹਨਤਕਸ਼ ਅਤੇ ਇਨਸਾਫ ਪਸੰਦ ਲੋਕਾਂ ਨੂੰ ਲਾਮਬੰਦ ਕਰਨ ਲਈ ਜੋ ਜਨਤਕ ਮੁਹਿੰਮ ਚਲਾਈ ਜਾਵੇਗੀ ਅਤੇ 2 ਸਤੰਬਰ ਨੂੰ ਹੜਤਾਲ ਦੇ ਸਮਰਥਨ ਵਿੱਚ ਰੈਲੀਆਂ-ਪ੍ਰਦਰਸ਼ਨ ਕੀਤੇ ਜਾਣਗੇ।