ਜਲੰਧਰ ਤੋਂ ਐੱਲ ਐੱਮ ਜੀ 10 ਮੈਗਜ਼ੀਨ ਤੇ ਗੋਲੀ-ਸਿੱਕਾ ਬਰਾਮਦ

ਜਲੰਧਰ (ਇਕਬਾਲ ਸਿੰਘ ਉਭੀ, ਸ਼ੈਲੀ ਐਲਬਰਟ)
ਜਲੰਧਰ ਪੁਲਸ ਨੇ ਇੱਕ ਸੂਹ ਦੇ ਆਧਾਰ 'ਤੇ ਜਲੰਧਰ ਨੇੜਲੇ ਪਿੰਡ ਖੁਰਲਾ ਕਿੰਗਰਾ ਵਿਖੇ ਇੱਕ ਘਰ 'ਤੇ ਛਾਪਾ ਮਾਰ ਕੇ ਇੱਕ ਵਿਅਕਤੀ ਨੂੰ ਵੱਡੀ ਗਿਣਤੀ ਵਿੱਚ ਅਸਲੇ ਅਤੇ ਗੋਲੀ-ਸਿੱਕੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜਲੰਧਰ ਦੇ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਬੀ ਐੱਸ ਐੱਫ ਦਾ ਜਵਾਨ ਰਾਜੀਵ ਰੰਜਨ ਜੰਮੂ ਵਿੱਚ ਅਖਨੂਰ ਵਿਖੇ ਆਪਣੇ ਸਾਥੀ ਜਵਾਨ ਰਘਬੀਰ ਸਿੰਘ ਨੂੰ ਚਾਕੂ ਮਾਰ ਕੇ ਉਸ ਦੀ ਐੱਲ ਐੱਮ ਜੀ ਚੁਰਾ ਕੇ ਫਰਾਰ ਹੋ ਗਿਆ ਸੀ। ਉਨ੍ਹਾ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਰਾਜੀਵ ਰੰਜਨ ਆਪਣੇ ਕਿਸੇ ਸਾਥੀ ਕੋਲ ਜਲੰਧਰ ਨੇੜਲੇ ਪਿੰਡ ਖੁਰਲਾ ਕਿੰਗਰਾ ਕੋਲ ਲੁਕਿਆ ਹੋਇਆ ਹੈ। ਉਨ੍ਹਾ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਮਕਾਨ 'ਤੇ ਛਾਪੇਮਾਰੀ ਕੀਤੀ, ਪਰ ਰਾਜੀਵ ਰੰਜਨ ਉਸ ਸਮੇਂ ਤੱਕ ਮੌਕੇ ਤੋਂ ਫਰਾਰ ਹੋ ਚੁੱਕਾ ਸੀ, ਪਰ ਮਕਾਨ ਕਿਰਾਏ 'ਤੇ ਲੈ ਕੇ ਰਹਿ ਰਿਹਾ ਬਿਹਾਰੀ ਨਿਵਾਸੀ ਮੁਕੇਸ਼ ਕੁਮਾਰ ਪੁਲਸ ਨੇ ਘਰ ਦੀ ਤਲਾਸ਼ੀ ਲਈ ਤਾਂ ਕਮਰੇ ਵਿੱਚੋਂ ਇੱਕ ਐੱਲ ਐੱਮ ਜੀ, 10 ਮੈਗਜ਼ੀਨ ਅਤੇ 250 ਅਣਚਲੇ ਕਾਰਤੂਸ, 7.62 ਐੱਸ ਐੱਮ ਅਤੇ ਹੋਰ ਸਮੱਗਰੀ ਮਿਲੀ। ਉਨ੍ਹਾ ਦੱਸਿਆ ਕਿ ਮਗਰੋਂ ਮੁਕੇਸ਼ ਦੇ ਸਾਥੀ ਮਿਥਨ ਚੌਧਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਮੌਕੇ ਤੋਂ ਫਰਾਰ ਹੋਇਆ ਬੀ ਐੱਸ ਐੱਫ ਦਾ ਸਿਪਾਹੀ ਰਾਜੀਵ ਰੰਜਨ ਵੀ ਬਿਹਾਰ ਵਿੱਚ ਦਰਭੰਗਾ ਦਾ ਰਹਿਣ ਵਾਲਾ ਹੈ। ਉਨ੍ਹਾ ਦੱਸਿਆ ਕਿ ਪੁਲਸ ਵੱਲੋਂ ਰਾਜੀਵ ਰੰਜਨ ਦੀ ਗ੍ਰਿਫਤਾਰੀ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਯਕੀਨ ਪ੍ਰਗਟਾਇਆ ਕਿ ਰਾਜੀਵ ਰੰਜਨ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ਼ੁਕਲਾ ਨੇ ਮੰਨਿਆ ਕਿ ਰਾਜੀਵ ਰੰਜਨ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦਾ ਸੀ। ਉਸ ਕੋਲੋਂ ਅਸਲਾ ਮਿਲਣ ਮਗਰੋਂ ਸ਼ਹਿਰ ਦੀ ਸੁਰੱਖਿਆ ਲਈ ਇਕ ਵੱਡਾ ਖਤਰਾ ਟਲ ਗਿਆ ਹੈ। ਸਥਾਨਕ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਸਾਰਾ ਇਲਾਕਾ ਸੀਲ ਕਰਕੇ ਰਾਜੀਵ ਰੰਜਨ ਦੀ ਗ੍ਰਿਫਤਾਰੀ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਸ ਦੇਰ ਸ਼ਾਮ ਤੱਕ ਰਾਜੀਵ ਰੰਜਨ ਦੀ ਗ੍ਰਿਫਤਾਰੀ ਲਈ ਸਰਗਰਮ ਸੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਅਸਲਾ ਲੁੱਟਣ ਦੇ ਮਕਸਦ ਅਤੇ ਜਲੰਧਰ ਵਿੱਚ ਰੁੱਕਣ ਦੇ ਮਕਸਦ ਬਾਰੇ ਜਾਣਕਾਰੀ ਮਿਲ ਸਕੇਗੀ। ਪੁਲਸ ਸੂਤਰਾਂ ਅਨੁਸਾਰ ਪੁਲਸ ਨੇ ਥਾਣਾ ਡਵੀਜ਼ਨ ਨੰ. 7 ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅੱਗੋਂ ਜਾਂਚ ਜਾਰੀ ਹੈ।