ਹਿਲੇਰੀ ਕਲਿੰਟਨ ਨੇ ਇਤਿਹਾਸ ਸਿਰਜਿਆ

ਫਿਲਾਡੈਲਫ਼ੀਆ (ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਹਾਸਲ ਕਰਕੇ ਹਿਲੇਰੀ ਕਲਿੰਟਨ ਨੇ ਅਮਰੀਕਾ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਅਮਰੀਕਾ ਦੇ ਕੋਈ ਸਵਾ ਦੋ ਸੌ ਸਾਲ ਦੇ ਜਮਹੂਰੀ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਕਿਸੇ ਵੱਡੀ ਪਾਰਟੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਇੱਕ ਮਹਿਲਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕੱਲ੍ਹ ਰਾਤ ਫਿਲਾਡੈਲਫੀਆ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਹੋਈ ਕੌਮੀ ਕਨਵੈਨਸ਼ਨ ਵਿੱਚ ਚਾਰ ਹਜ਼ਾਰ 764 ਡੈਲੀਗੇਟਾਂ ਦੀ ਹਮਾਇਤ ਹਾਸਲ ਕਰਕੇ ਸਾਬਕਾ ਵਿਦੇਸ਼ ਮੰਤਰੀ ਤੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਧਰਮ ਪਤਨੀ ਹਿਲੇਰੀ ਕਲਿੰਟਨ ਨੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਦੀ ਉਮੀਦਵਾਰੀ ਰਸਮੀ ਤੌਰ 'ਤੇ ਹਾਸਲ ਕੀਤੀ। ਹਿਲੇਰੀ ਕਲਿੰਟਨ ਦੀ ਉਮੀਦਵਾਰੀ ਸੰਬੰਧੀ ਮੁੱਢਲੇ ਗੇੜਾਂ ਵਿੱਚ ਉਨ੍ਹਾਂ ਦੇ ਵਿਰੋਧੀ ਰਹੇ ਬਰਨੀ ਸਾਂਡਰਸ ਨੇ ਹਿਲੇਰੀ ਕਲਿੰਟਨ ਦੀ ਉਮੀਦਵਾਰੀ ਸੰਬੰਧੀ ਇੱਕ ਮਤਾ ਪੇਸ਼ ਕੀਤਾ ਅਤੇ ਨਾਲ ਹੀ ਪਾਰਟੀ ਵਿੱਚ ਇੱਕਜੁੱਟਤਾ ਦੀ ਅਪੀਲ ਕੀਤੀ। ਉਮੀਦਵਾਰੀ ਕਬੂਲਦਿਆਂ ਕਲਿੰਟਨ ਨੇ ਕਿਹਾ ਕਿ ਜੇ ਉਹ ਦੇਸ਼ ਦੇ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਦੁਨੀਆ ਨੂੰ ਦਿਖਾ ਦੇਣਗੇ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਹੀ ਨਹੀਂ, ਬਲਕਿ ਰਹਿਣ ਲਈ ਸਭ ਤੋਂ ਵਧੀਆ ਮੁਲਕ ਹੈ। 8 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਹਿਲੇਰੀ ਕਲਿਟਨ ਦਾ ਮੁਕਾਬਲਾ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨਾਲ ਹੋਵੇਗਾ। ਜਿਵੇਂ ਹੀ ਸੈਨੇਟਰ ਬਰਾਬਰਾ ਮਿਕੁਲਸਕੀ ਨੇ ਹਿਲੇਰੀ ਦਾ ਨਾਂਅ ਪੇਸ਼ ਕੀਤਾ ਤਾਂ ਮੈਂਬਰਾਂ ਨੇ ਹਿਲੇਰੀ-ਹਿਲੇਰੀ ਦੇ ਉੱਚੀ-ਉੱਚੀ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਬਾਰਬਰਾ ਨੇ ਕਿਹਾ ਕਿ ਉਹ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲੈਣਗੇ। ਬਾਰਬਰਾ ਨੇ ਕਿਹਾ ਕਿ ਉਸ ਨੇ ਪਹਿਲੀ ਮਹਿਲਾ ਸੈਨੇਟਰ ਬਣ ਕੇ ਇਤਿਹਾਸ ਸਿਰਜਿਆ ਸੀ ਅਤੇ ਉਹ ਹੁਣ ਧੁਰ ਅੰਦਰੋਂ ਹਿਲੇਰੀ ਕਲਿੰਟਨ ਨੂੰ ਰਾਸ਼ਟਰਪਤੀ ਅਹੁਦੇ ਲਈ ਦੇਸ਼ ਦੀ ਪਹਿਲੀ ਮਹਿਲਾ ਉਮੀਦਵਾਰ ਬਣਾਏ ਜਾਣ ਦਾ ਐਲਾਨ ਕਰਦੀ ਹੈ।